ਸਾਊਥਾਲ ‘ਚ ਸੁਖਜਿੰਦਰ ਦੇ ਕਾਤਲ ਪੰਜ ਪੰਜਾਬੀਆਂ ਨੂੰ ਕੈਦ


ਲੰਡਨ, 23 ਜੂਨ (ਪੋਸਟ ਬਿਊਰੋ)- ਪੰਜਾਬੀ ਵਸੋਂ ਵਾਲੇ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਸਾਊਥਾਲ ਖੇਤਰ ਵਿੱਚ 30 ਜੁਲਾਈ 2016 ਨੂੰ ਕਤਲ ਹੋਏ ਸੁਖਜਿੰਦਰ ਸਿੰਘ ਗੁਰੀ ਉਰਫ ਗੁਰਜਿੰਦਰ ਸਿੰਘ ਦੇ ਕਤਲ ਕੇਸ ਵਿੱਚ ਓਲਡ ਬੈਲੀ ਅਦਾਲਤ ਨੇ ਪੰਜ ਪੰਜਾਬੀਆਂ ਨੂੰ ਕੈਦ ਦੀ ਸਜ਼ਾ ਕੀਤੀ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ 30 ਜੁਲਾਈ 2016 ਨੂੰ ਸੁਖਜਿੰਦਰ ਸਿੰਘ ਉਰਫ ਗੁਰਿੰਦਰ ਸਿੰਘ ਗੁਰੀ ਨੂੰ ਦੋ ਕਾਰਾਂ ਵਿੱਚ ਆਏ ਨਕਾਬਪੋਸ਼ਾਂ ਵੱਲੋਂ ਕਿਰਪਾਨਾਂ ਅਤੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ। ਉਸ ਦੇ ਸਰੀਰ ਉੱਤੇ ਕਰੀਬ 48 ਵਾਰ ਹੋਏ ਸਨ। ਉਸ ਨੇ ਬਚਾਅ ਲਈ ਬਾਂਹਾਂ ਫੈਲਾਈਆਂ ਤਾਂ ਉਸ ਦੀਆਂ ਦੋ ਉਂਗਲਾਂ ਵੀ ਕੱਟੀਆਂ ਗਈਆਂ ਸਨ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਬੜੀ ਬੇਰਹਿਮੀ ਨਾਲ ਕੀਤਾ ਕਤਲ ਸੀ। ਜਿਹੜੇ ਲੋਕਾਂ ਨੇ ਕਤਲ ਕੀਤਾ, ਉਹ ਪਹਿਲਾਂ ਤੋਂ ਤਿਆਰ ਹੋ ਕੇ ਹਥਿਆਰਾਂ ਸਮੇਤ ਕਤਲ ਦੇ ਇਰਾਦੇ ਨਾਲ ਆਏ ਸਨ। ਇਸ ਕਤਲ ਕੇਸ ‘ਚ ਸਾਊਥਾਲ ਦੇ ਅਮਨਦੀਪ ਸੰਧੂ (30) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਨੂੰ ਘੱਟੋ-ਘੱਟ 26 ਸਾਲ ਛੇ ਮਹੀਨੇ ਜੇਲ੍ਹ ਵਿੱਚ ਰਹਿਣਾ ਹੋਵੇਗਾ। ਵੈਸਟ ਮਿਡਲੈਂਡ ਦੇ ਟਿਪਟਨ ਦੇ ਰਵਿੰਦਰ ਸਿੰਘ ਸ਼ੇਰਗਿੱਲ (31) ਨੂੰ ਵੀ ਉਮਰ ਕੈਦ ਹੋਈ ਹੈ, ਜਿਸ ਨੂੰ ਘੱਟੋ-ਘੱਟ 26 ਸਾਲ 9 ਮਹੀਨੇ ਜੇਲ੍ਹ ਵਿੱਚ ਰਹਿਣਾ ਹੋਵੇਗਾ। ਸਾਊਥਾਲ ਦੇ ਵਿਸ਼ਾਲ ਸੋਭਾ (30) ਅਤੇ ਵੈਸਟ ਲੰਡਨ ਦੇ ਨੌਰਥਹੋਲਟ ਦੇ ਕੁਲਦੀਪ ਸਿੰਘ ਢਿੱਲੋਂ (27) ਨੂੰ ਕਤਲ ਦੇ ਦੋਸ਼ਾਂ ‘ਚ 16-16 ਸਾਲ ਦੀ ਸਜ਼ਾ ਹੋਈ ਹੈ। ਪਲਵਿੰਦਰ ਮੁਲਤਾਨੀ (36), ਜਿਸ ਨੇ ਪਹਿਲਾਂ ਕਤਲ ਦਾ ਦੋਸ਼ ਮੰਨ ਲਿਆ ਅਤੇ ਸਰਕਾਰੀ ਗਵਾਹ ਬਣ ਗਿਆ ਸੀ, ਨੂੰ ਚਾਰ ਸਾਲ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।