ਸਾਉਣ ਮਹੀਨਾ ਦਿਨ ਤੀਆਂ ਦੇ


-ਡਾਕਟਰ ਰਾਜਵੰਤ ਕੌਰ
ਗਰਮੀ ਵਿੱਚ ਮਨ ਦੀ ਗੁਆਚੀ ਸ਼ਾਂਤੀ ਨੂੰ ਵਾਪਸ ਲਿਆਉਣ ਵਾਲੇ ਸਾਉਣ-ਭਾਦੋਂ ਦੇ ਮਹੀਨੇ ਸਭ ਦੇ ਮਨਾਂ ਨੂੰ ਮੋਹ ਲੈਂਦੇ ਹਨ। ਸਾਉਣ ਦਾ ਇੱਕ ਵਿਸ਼ੇਸ਼ਣ ‘ਮਘਵਨ’ ਹੈ, ਜਿਸ ਦਾ ਅਰਥ ‘ਉਦਾਰ’ ਜਾਂ ‘ਬਖਸ਼ਿਸ਼ ਕਰਨ ਵਾਲਾ’ ਹੈ। ਤਪਦੇ ਸਰੀਰਾਂ ਨੂੰ ਮੀਂਹ ਵਰ੍ਹਾ ਕੇ ਠੰਢ ਪਾਉਣ ਵਾਲਾ ਸਾਉਣ ਦਾ ਮਹੀਨਾ ਸੱਚਮੁੱਚ ਬਖਸ਼ਿਸ਼ ਕਰਨ ਵਾਲਾ ਹੀ ਜਾਪਦਾ ਹੈ। ਮੀਂਹ, ਹਨੇਰੀ, ਨਿੰਮ੍ਹੀ ਨਿੰਮ੍ਹੀ ਫੁਹਾਰ, ਮੋਹਲੇਧਾਰ, ਝੜੀ, ਬੱਦਲ ਚਾਲ, ਸਤਰੰਗੀ ਪੀਂਘ, ਚਾਰ ਚੁਫੇਰੇ ਹਰਿਆਵਲ, ਆਕਾਸ਼ ਵੱਲ ਦਿੱਸਦੀ ਕਾਲੀ ਘਟਾ ਤੇ ਉਸ ਦੇ ਥੱਲੇ ਦਿਸਦੇ ਚਿੱਟੇ ਦੁੱਧ ਜਿਹੇ ਬਗਲਿਆਂ ਦੀਆਂ ਡਾਰਾਂ, ਮਖਮਲੀ ਸਰੀਰ ਵਾਲੀਆਂ ਚੀਚ ਵਹੁਟੀਆਂ, ਟਟਹਿਣੇ, ਮੋਰ-ਨਾਚ, ਕਿੱਕਰਾਂ ਹੇਠ ਵਿਛੇ ਪੀਲੇ ਬਿਸਤਰੇ, ਪੀਂਘਾਂ ਝੂਟਦੀਆਂ ਨੂੰਹਾਂ-ਧੀਆਂ, ਮੀਂਹ ਦੇ ਪਾਣੀ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਚਲਾਉਂਦੇ ਤੇ ਮੀਂਹ ਵਰ੍ਹਾਉਣ ਲਈ ਗੀਤਾਂ ਰਾਹੀਂ ਬੇਨਤੀ ਕਰਦੇ ਬੱਚਿਆਂ ਵਾਲੇ ਮਨਮੋਹਣੇ ਦਿ੍ਰਸ਼ ਇਸ ਨਿਆਰੀ ਬਹਾਰ ਵਿੱਚ ਹੀ ਵੇਖਣ ਨੂੰ ਮਿਲਦੇ ਹਨ। ਗੁਰਬਾਣੀ ਵਿੱਚ ਸਾਉਣ ਦੇ ਮੀਂਹ ਦੇ ਆਨੰਦ ਨੂੰ ਸੱਜਣ ਦੇ ਮਿਲਾਪ ਤੋਂ ਮਿਲਦੇ ਆਨੰਦ ਨਾਲ ਤੁਲਨਾ ਕੀਤੀ ਗਈ ਹੈ :
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ॥
ਸਾਉਣ ਮਹੀਨੇ ਵਿੱਚ ਨਦੀ, ਨਾਲੇ, ਰਜਬਾਹੇ ਕਿਨਾਰਿਆਂ ਤੋਂ ਬਾਹਰ ਹੋ ਜਾਂਦੇ ਹਨ। ਧਰਤੀ ਉੱਤੇ ਹਰਿਆਵਲ ਸਭ ਪਾਸੇ ਛਾ ਜਾਂਦੀ ਹੈ। ਮਹਿੰਦੀ ਤੇ ਰਾਤ ਦੀ ਰਾਣੀ ਮਹਿਕਾਂ ਬਖੇਰਦੀ ਹੈ। ਕੜਕਵੀਂ ਧੁੱਪ ਤੋਂ ਬਾਅਦ ਹਰ ਬੱਚਾ, ਜਵਾਨ, ਬੁੱਢਾ ਸਾਉਣ ਮਹੀਨੇ ਦੇ ਆਰੰਭ ਲਈ ਤਰਸਦਾ ਹੈ। ਬੱਚਿਆਂ ਨੂੰ ਇਸ ਮਹੀਨੇ ਦਾ ਮੌਸਮ ਬੜਾ ਪਿਆਰਾ ਲੱਗਦਾ ਹੈ। ਉਹ ਮੀਂਹ ਦੇ ਪਾਣੀ ਵਿੱਚ ਨਹਾਉਂਦੇ ਤੇ ਕਾਗਜ਼ ਦੀਆਂ ਕਿਸ਼ਤੀਆਂ ਤਰਾਉਂਦੇ ਹਨ। ਬੱਚਿਆਂ ਵਾਂਗ ਪੰਛੀਆਂ ਦੀ ਚੀਂ-ਚੀਂ ਆਕਾਸ਼ ਵਿੱਚ ਗੂੰਜਣ ਲੱਗਦੀ ਹੈ। ਅੰਬਾਂ ਦੇ ਦਰੱਖਤਾਂ ਉੱਤੇ ਕੋਇਲਾਂ ਖੁਸ਼ੀ ਵਿੱਚ ਗੀਤ ਗਾਉਂਦੀਆਂ ਹਨ, ਮੋਰ ਪੈਲਾਂ ਪਾਉਂਦੇ ਹਨ। ਤਿਤਲੀਆਂ, ਭੰਵਰੇ ਖੁਸ਼ੀ ਵਿੱਚ ਇਧਰ-ਉਧਰ ਝੂਮਦੇ ਫਿਰਦੇ ਹਨ। ਸਾਉਣ ਮਹੀਨੇ ਦੇ ਪਹਿਲੇ ਮੀਂਹ ਦੇ ਸਵਾਦੀ ਪਕਵਾਨ ਘਰਾਂ ਵਿੱਚ ਪੱਕਣੇ ਸ਼ੁਰੂ ਹੋ ਜਾਂਦੇ ਹਨ। ਖੀਰ, ਮਾਲ-ਪੂੜੇ, ਗੁਲਗੁਲੇ ਤਾਂ ਇਸ ਮੌਸਮ ਦਾ ਮਸ਼ਹੂਰ ਭੋਜਨ ਹਨ।
ਸਾਉਣ ਮਹੀਨੇ ਦੇ ਜਦੋਂ ਪੰਦਰਾਂ ਦਿਨ ਲੰਘ ਜਾਂਦੇ ਹਨ, ਭਾਵ ਮੱਸਿਆ ਟੱਪ ਜਾਵੇ ਤਾਂ ਚਾਨਣ ਪੱਖ ਵਾਲੀ ਅਗਲੀ ਰਾਤ ਏਕਮ ਦੀ ਰਾਤ ਹੁੰਦੀ ਹੈ। ਦੂਜਾ ਚੂੜੀਆਂ ਚੜ੍ਹਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ। ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ ਤੇ ਤੀਆਂ ਦਾ ਤਿਉਹਾਰ ਤੀਜ ਤੋਂ ਸ਼ੁਰੂ ਹੋ ਕੇ ਰੱਖੜੀ ਤੱਕ ਚੱਲਦਾ ਹੈ। ਭੈਣਾਂ, ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਪਿੱਛੋਂ ਮਾਪਿਆਂ ਘਰਾਂ ਵਿੱਚੋਂ ਵਿਦਾ ਲੈਂਦੀਆਂ ਹਨ। ਇਸ ਤਿਉਹਾਰ ਦੀ ਪ੍ਰਾਚੀਨਤਾ ਪੰਜਾਬੀ ਅਖੌਤਾਂ ‘ਧੀਆਂ ਜੰਮੀਆਂ, ਤੀਆਂ ਆਰੰਭੀਆਂ’ ਅਤੇ ‘ਜਿਸ ਘਰ ਧੀਆਂ, ਉਸ ਘਰ ਤੀਜਾਂ’ ਵਿੱਚੋਂ ਸਪੱਸ਼ਟ ਨਜ਼ਰ ਆਉਂਦੀ ਹੈ।
ਤੀਆਂ ਸ਼ੁਰੂ ਹੋਣ ਤੋਂ ਚਾਰ-ਪੰਜ ਦਿਨ ਪਹਿਲਾਂ ਨਵ ਵਿਆਹੀਆਂ ਨੂੰ ਪੇਕੇ ਘਰ ਬੁਲਾ ਲਿਆ ਜਾਂਦਾ ਸੀ। ਕੁਆਰੀਆਂ ਤੇ ਵਿਆਹੀਆਂ ਸਭ ਮੁਟਿਆਰਾਂ ਇਕੱਠੀਆਂ ਹੋ ਕੇ ਇਸ ਤਿਉਹਾਰ ਦਾ ਆਨੰਦ ਮਾਣਦੀਆਂ। ਪਿਛਲੇ ਸਮੇਂ ਵਿੱਚ ਮਾਂ-ਪਿਓ ਆਪਣੀ ਧੀ ਦੇ ਘਰੇ ਕੁਝ ਨਹੀਂ ਸੀ ਖਾਂਦੇ। ਇਸ ਕਰ ਕੇ ਮੁਕਲਾਵੇ ਤੋਂ ਬਾਅਦ ਦੇ ਸਾਲਾਂ ਵਿੱਚ ਭਰਾ ਹੀ ਭੈਣ ਨੂੰ ਸਹੁਰਿਉਂ ਲਿਆਉਂਦਾ ਸੀ। ਤੀਆਂ ਦੇ ਦਿਨ ਨੇੜੇ ਆਉਂਦਿਆਂ ਹੀ ਨਵ ਵਿਆਹੀ ਧੀ ਮਾਂ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿੰਦੀ ਸੀ।
ਮਾਏਂ ਪੀਹੜੀ ਬੈਠੀਏ ਨੀ, ਧੀਆਂ ਕਿਉਂ ਦਿੱਤੀਆਂ ਦੂਰ,
ਸਾਉਣ ਆਇਆ।
ਪੰਜ ਸੇਰ ਪਿੰਨੀਆਂ ਪਾ ਕੇ, ਮਾਏਂ ਮੇਰੀਏ ਵੀਰ ਮੇਰੇ ਨੂੰ ਭੇਜ,
ਸਾਉਣ ਆਇਆ।
ਜਿਸ ਭੈਣ ਦੀਆਂ ਵਿਆਹ ਤੋਂ ਬਾਅਦ ਪਹਿਲੀਆਂ ਤੀਆਂ ਹੰਦੀਆਂ ਹਨ, ਉਸ ਨੂੰ ਲੈਣ ਲਈ ਵੀਰ ਉਸ ਦੇ ਸਹੁਰੀਂ ਜਾਂਦਾ। ਕਈਆਂ ਦੇ ਪਤੀ ਚੰਗੇ ਸੁਭਾਅ ਦੇ ਮਾਲਕ ਹੁੰਦੇ ਤੇ ਆਰਾਮ ਨਾਲ ਆਪਣੀਆਂ ਪਤਨੀਆਂ ਨੂੰ ਤੀਆਂ ਦਾ ਤਿਉਹਾਰ ਮਨਾਉਣ ਲਈ ਤੋਰ ਦਿੰਦੇ, ਪਰ ਕਈ ਬੰਦੇ ਬੜੇ ਗੁੱਸੇ ਵਾਲੇ ਸੁਭਾਅ ਦੇ ਹੁੰਦੇ ਹਨ। ਉਹ ਆਪਣੀ ਪਤਨੀ ਨੂੰ ਪੇਕੇ ਭੇਜਣ ਲਈ ਛੇਤੀ ਹਾਮੀ ਨਾ ਭਰਦੇ। ਅਜਿਹੀ ਸਥਿਤੀ ਵਿੱਚ ਘਿਰੀ ਮੁਟਿਆਰ ਆਪਣੇ ਵੀਰ ਦੇ ਆਉਣ ਉਤੇ ਆਪਣੇ ਆਪ ਨੂੰ ਕਾਬੂ ਨਾ ਰੱਖ ਸਕਦੀ ਤੇ ਗੁੱਸੇ ਵਿੱਚ ਆ ਕੇ ਪਤੀ ਦੀ ‘ਨਾਗ’ ਨਾਲ ਤੁਲਨਾ ਕਰਦੀ।
ਮੁਖੋਂ ਬੋਲ ਬਰਮੀ ਦਿਆ ਨਾਗਾ,
ਵੀਰ ਮੇਰਾ ਲੈਣ ਆ ਗਿਆ।
ਉਸ ਦੇ ਇੰਝ ਆਖਣ ਦੀ ਦੇਰ ਹੁੰਦੀ ਹੈ ਕਿ ਦੋਵਾਂ ਨੂੰ ਉਸ ਦੀ ਮਾਨਸਿਕਤਾ ਦਾ ਪਤਾ ਚੱਲ ਜਾਂਦਾ ਹੈ। ਜੇ ਸਾਉਣ ਖਤਮ ਹੋਣ ਤੋਂ ਪਹਿਲਾਂ ਹੀ ਸਹੁਰਿਆਂ ਤੋਂ ਕੋਈ ਲੈਣ ਆ ਜਾਂਦਾ ਹੈ ਤਾਂ ਨਵ-ਵਿਆਹੀਆਂ ਆਪਣੀਆਂ ਮਾਵਾਂ ਨੂੰ ਗੱਡੀ ਖਾਲੀ ਤੋਰਨ ਲਈ ਕਹਿ ਦਿੰਦੀਆਂ :
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ
ਮੈਂ ਨਹੀਂ ਸਹੁਰੇ ਜਾਣਾ, ਗੱਡੀ ਨੂੰ ਖਾਲੀ ਤੋਰ ਵੇ।
ਤੀਆਂ ਦਾ ਆਖਰੀ ਦਿਨ ਮੇਲੇ ਦਾ ਰੂਪ ਧਾਰ ਲੈਂਦਾ ਹੈ। ਬੋਲੀ ਪਾਉਂਦੀਆਂ, ਨਚਦੀਆਂ-ਟਪਦੀਆਂ ਮੁਟਿਆਰਾਂ ਭਾਦੋਂ ਚੜ੍ਹਦਿਆਂ ਹੀ ਸਾਉਣ ਨੂੰ ਅਸੀਸਾਂ ਦਿੰਦੀਆਂ ਤੇ ਭਾਦੋਂ ਨੂੰ ਬੁਰਾ ਭਲਾ ਕਹਿੰਦੀਆਂ ਇੱਕ ਦੂਜੀ ਤੋਂ ਵਿਦਾ ਲੈ ਲੈਂਦੀਆਂ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮੁਟਿਆਰਾਂ ਦੇ ਮਨ ਨੂੰ ਭਾਉਣ ਵਾਲੇ ਤੇ ਕੁਦਰਤ ਦੀ ਮਹਿਮਾ ਨਾਲ ਜੁੜੇ ਮਾਨਸੂਨ ਰੁੱਤ ਦੇ ਇਸ ਰਮਣੀਕ ਤਿਉਹਾਰ ਤੇ ਤੀਆਂ ਦੇ ਗਿੱਧੇ ਨਾਲ ਉਨ੍ਹਾਂ ਦੀ ਜਜ਼ਬਾਤੀ ਸਾਂਝ ਜੁੜੀ ਹੁੰਦੀ ਸੀ। ਇਹੀ ਕਾਰਨ ਹੈ ਕਿ ਪੰਜਾਬ ਦੀ ਸਭਿਆਚਾਰਕ ਤਸਵੀਰ ਵਿੱਚ ਇਥੋਂ ਦੀ ਭੂਗੋਲਿਕ ਮਹੱਤਤਾ ਦਰਸਾਉਂਦੀ ਹੈ। ਤੀਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਪੱਛਮੀ ਸਭਿਅਤਾ ਦਾ ਪ੍ਰਭਾਵ, ਮੀਡੀਆ ਤੇ ਤਕਨਾਲੋਜੀ ਦਾ ਯੁੱਗ ਅਤੇ ਰੁਝੇਵੇਂ ਕਾਰਨ ਵਰਤਮਾਨ ਸਮੇਂ ਵਿੱਚ ਤੀਆਂ ਦਾ ਗਿੱਧਾ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੱਕ ਸੀਮਤ ਹੋ ਗਿਆ ਹੈ। ਇਸ ਸੰਦਰਭ ਵਿੱਚ ਸਮਾਜ ਸੇਵੀ ਸੰਸਥਾਵਾਂ, ਵਿਦਿਅਕ ਅਦਾਰਿਆਂ, ਵਿਦੇਸ਼ ਵਸਦੇ ਪੰਜਾਬੀਆਂ ਤੇ ਉਨ੍ਹਾਂ ਪਿੰਡਾਂ-ਕਸਬਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ, ਜੋ ਤੀਆਂ ਦੇ ਤਿਉਹਾਰ ਨੂੰ ਜਿਊਂਦਾ ਰੱਖਣ ਲਈ ਉਪਰਾਲੇ ਕਰਦੇ ਆ ਰਹੇ ਹਨ।