ਸਾਈਕਲ ਵਾਲਾ ਆਖਰ ਕਿੱਧਰ ਜਾਵੇ..

-ਡਾ. ਹਜ਼ਾਰਾ ਸਿੰਘ ਚੀਮਾ
ਜੀਵਨ ਸਾਥਣ ਨੂੰ ਵਿਛੜਿਆਂ ਛੇ ਮਹੀਨੇ ਹੋ ਗਏ ਹਨ। ਉਸ ਨਾਲ ਸਲਾਹ ਕਰਕੇ ਮਿਥੀ ਤਰੀਕ ਨੂੰ ਇਕਲੌਤੀ ਧੀ ਦੀ ਸ਼ਾਦੀ ਕੀਤਿਆਂ ਨੂੰ ਵੀ ਦੋ ਮਹੀਨਿਆਂ ਤੋਂ ਉਪਰ ਹੋ ਗਿਆ ਹੈ। ਪਤਨੀ ਦੇ ਬਿਮਾਰੀ ਨਾਲ ਚੱਲਦੇ ਸੰਘਰਸ਼ ਵਿੱਚ ਉਸ ਦਾ ਸਾਥ ਦਿੰਦਿਆਂ ਪਤਾ ਵੀ ਨਾ ਲੱਗਣਾ ਕਿ ਕਦੋਂ ਸ਼ਾਮ ਪੈ ਗਈ ਜਾਂ ਸਵੇਰ ਹੋ ਗਈ। ਫਿਰ ਧੀ ਦੀ ਸ਼ਾਦੀ ਦਾ ਕਾਰਜ ਨੇਪਰੇ ਚਾੜ੍ਹਨ ਲਈ ਲੋੜੀਂਦੇ ਕੰਮਾਂ ਨੇ ਹੀ ਵਿਹਲ ਨਾ ਦਿੱਤੀ। ਅੱਜ ਕੱਲ੍ਹ ਤੜਕੇ ਉਠ ਕੇ ਯੂਨੀਵਰਸਿਟੀ ਕੈਂਪਸ ਵਿੱਚ ਘੰਟਾ ਕੁ ਸੈਰ ਕਰਨ ਪਿੱਛੋਂ ਨਹਾਉਣ ਧੋਣ ਦਾ ਕੰਮ ਨਿਬੇੜ, ਚਾਹ ਦਾ ਕੱਪ ਛਕ ਕੇ ਬਰਤਨ ਵਿਹਲੇ ਕਰਨ ਦੇ ਆਹਰ ਵਿੱਚ ਹੁੰਦਾ ਹਾਂ ਤਾਂ ਜੋ ਖਾਣਾ ਬਣਾਉਣ ਵਾਲੀ ਲੜਕੀ ਸਾਰੇ ਬਰਤਨ ਮਾਂਜ ਜਾਵੇ। ਰਾਤ ਦਾ ਖਾਣਾ ਵੀ ਜਲਦੀ ਖਾਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਦੁਪਹਿਰ ਵੇਲੇ ਬਣੇ ਫੁਲਕੇ ਹੋਰ ਬੇਹੇ ਨਾ ਹੋ ਜਾਣ। ‘ਅਰਲੀ ਟੂ ਬੈਡ..’ ਵਾਲੀ ਕਹਾਵਤ ਦਾ ਮਨ ਉਪਰ ਅਸਰ ਹੋਣ ਕਾਰਨ ਜਲਦੀ ਸੌਣ ਦੀ ਕੋਸ਼ਿਸ਼ ਕਰਦਾ ਹਾਂ।
ਕੁਝ ਦਿਨ ਇਹ ਰੁਟੀਨ ਠੀਕ ਠਾਕ ਚੱਲਦਾ ਹੈ, ਇਕ ਦਿਨ ਅਚਾਨਕ ਅੱਧੀ ਰਾਤ ਨੂੰ ਨੀਂਦ ਉਖੜ ਜਾਂਦੀ ਹੈ। ਉਠ ਕੇ ਬੈਠ ਜਾਂਦਾ ਹਾਂ। ਕਦੇ ਬਾਥਰੂਮ ਜਾਂਦਾ ਹਾਂ, ਕਦੇ ਰਸੋਈ ‘ਚੋਂ ਪਾਣੀ ਦਾ ਗਲਾਸ ਪੀਂਦਾ ਤੇ ਫਿਰ ਬੈਡ ਉਪਰ ਲੇਟ ਜਾਂਦਾ ਹਾਂ, ਪਰ ਨੀਂਦ ਆਉਣ ਦਾ ਨਾਂ ਨਹੀਂ ਲੈਂਦੀ। ਇਹ ਕੀ ਭਾਣਾ ਵਾਪਰ ਗਿਆ ਹੈ? ਜੀਵਨ ਸਾਥਣ ਅੱਧ ਵਿਚਕਾਰ ਕਿਉਂ ਛੱਡ ਗਈ? ਇਕੋ-ਇਕ ਧੀ ਵਿਆਹ ਮਗਰੋਂ ‘ਆਪਣੇ’ ਘਰ ਚਲੀ ਗਈ। ਮਨ ਵਿੱਚ ਆਉਂਦਾ ਕਿ ਬੱਚੇ ਘੱਟੋ-ਘੱਟ ਦੋ ਜ਼ਰੂਰ ਹੋਣੇ ਚਾਹੀਦੇ ਹਨ। ਧੀ ਦੇ ਵਿਆਹ ਮਗਰੋਂ ਪੁੱਤ ਪਾਸ ਰਹਿੰਦਾ, ਜਿਸ ਦੇ ਪਰਵਾਰ ਨਾਲ ਰੁੱਝਾ ਰਹਿੰਦਾ, ਪਰ ਪੁੱਤ ਦੀ ਵੀ ਕੀ ਗਾਰੰਟੀ ਸੀ ਕਿ ਉਹ ਮੇਰੇ ਕੋਲ ਰਹਿੰਦਾ। ਉਹ ਵੀ ਹੋਰ ਬੱਚਿਆਂ ਵਾਂਗ ਰੁਜ਼ਗਾਰ ਖਾਤਰ ਪੰਜਾਬ ਜਾਂ ਦੇਸ ਤੋਂ ਬਾਹਰ ਜਾਣ ਨੂੰ ਮਜਬੂਰ ਹੁੰਦਾ। ਜੇ ਮੈਂ ਰੱਬ ਦੀ ਹੋਂਦ ਨੂੰ ਮੰਨਦਾ ਹੁੰਦਾ ਤਾਂ ਉਸ ਨੂੰ ਮਿਹਣਾ ਮਾਰਦਾ ਕਿ ਉਸ ਨੇ ਮੇਰੇ ਨਾਲ ਕਿਸ ਗੱਲ ਦਾ ਵੈਰ ਕਮਾਇਆ ਹੈ, ਪਰ ਮੈਂ ਆਸਤਿਕ ਨਹੀਂ, ਮਰਜ਼ੀ ਨਾਲ ਨਾਸਤਿਕ ਹੋਣ ਦਾ ਔਖਾ ਰਾਹ ਚੁਣਿਆ ਹੈ। ਗੱਲ ਦੀ ਤਹਿ ਤੱਕ ਜਾਣ ਅਤੇ ਮਿੱਥਾਂ ਤੋੜਨ ਦੀ ਦਲੇਰੀ ਰੱਖਣ ਦਾ ਭਰਮ ਪਾਲਦਾ ਹਾਂ ਤੇ ਫਿਰ ਅਚਾਨਕ ਫੈਸਲਾ ਕਰਦਾ ਹਾਂ।..
..ਅਗਲੀ ਸਵੇਰ ਖਾਣਾ ਬਣਾਉਣ ਵਾਲੀ ਲੜਕੀ ਨੂੰ ਆਖਦਾ ਹਾਂ ਕਿ ਧੀ ਵਾਲੀ ਐਕਟਿਵਾ ਸਕੂਟਰੀ ਵੇਚ ਦੇਣੀ ਹੈ। ਉਹ ਐਕਟਿਵਾ ਦਾ ਗਾਹਕ ਲੈ ਆਉਂਦੀ ਹੈ। ਮੈਂ ਧੀ ਤੋਂ ਪੁੱਛੇ ਬਿਨਾਂ ਐਕਟਿਵਾ ਵੇਚ ਦਿੰਦਾ ਹਾਂ। ਸ਼ਾਮ ਨੂੰ ਸਾਈਕਲ ਚੁੱਕਦਾ ਹਾਂ। ਚੌਦਾਂ ਪੰਦਰਾਂ ਕਿਲੋਮੀਟਰ ਸਾਈਕਲ ਚਲਾ ਕੇ ਘਰ ਮੁੜਦਾ ਹਾਂ। ਨਹਾ ਧੋ ਕੇ ਖਾਣਾ ਖਾਣ ਲੱਗੇ ਨੂੰ ਨੌਂ ਵੱਜ ਜਾਂਦੇ ਹਨ। ਥਕਾਵਟ ਕਾਰਨ ਝੱਟ ਨੀਂਦ ਆ ਜਾਂਦੀ ਹੈ। ਰਾਤ ਵੀ ਨੀਂਦ ਨਹੀਂ ਉਖੜਦੀ। ਸਵੇਰੇ 6-7 ਕਿਲੋਮੀਟਰ ਪੈਦਲ ਚੱਲਣਾ ਅਤੇ ਸ਼ਾਮ ਨੂੰ 14-15 ਕਿਲੋਮੀਟਰ ਸਾਈਕਲ ਚਲਾਉਣਾ ਨਿੱਤ ਦਾ ਕੰਮ ਹੋ ਗਿਆ। ਭਾਰ ਥਾਂ ਸਿਰ ਆ ਗਿਆ, ਪੇਟ ਅੰਦਰ ਨੂੰ ਹੋ ਗਿਆ, ਫੁਰਤੀ ਵਾਪਸ ਆ ਗਈ। ਗੂੜ੍ਹੀ ਨੀਂਦ ਆਉਣ ਕਰਕੇ ਨਾਂਹ ਪੱਖੀ ਵਿਚਾਰਾਂ ਤੋਂ ਛੁਟਕਾਰਾ ਮਿਲ ਗਿਆ।
ਇਕ ਦਿਨ ਸਾਈਕਲ ‘ਤੇ ਸਟੇਸ਼ਨ ਵੱਲ ਜਾ ਰਿਹਾ ਸਾਂ, ਅੱਗੇ ਜਾ ਰਹੀ ਕਾਰ ਬਿਨਾਂ ਇਸ਼ਾਰਾ ਦਿੱਤੇ ਇਕਦਮ ਸੱਜੇ ਮੁੜਦੀ ਹੈ, ਮੈਂ ਤੁਰੰਤ ਸਾਈਕਲ ਸੱਜੇ ਵੱਲ ਕਰਦਾ ਹਾਂ। ਪਿੱਛੋਂ ਤੇਜ਼ ਰਫਤਾਰ ਆ ਰਿਹਾ ਮੋਟਰ ਸਾਈਕਲ ਮੇਰੇ ਵਿੱਚ ਆਣ ਵੱਜਦਾ ਹੈ। ਚੀਕ ਨਿਕਲ ਜਾਂਦੀ ਹੈ। ਗਿੱਟਾ ਛਿੱਲਿਆ ਜਾਂਦਾ ਹੈ। ਅੱਡੀ ‘ਚੋਂ ਅਸਹਿ ਪੀੜ, ਸਿੰਮਦੀ ਹੈ। ਸ਼ਾਇਦ ਕੋਈ ਹੱਡੀ ਟੁੱਟ ਗਈ ਹੈ। ਸਰੀਰ ਦਾ ਸਾਰਾ ਭਾਰ ਪੈਣ ਕਰਕੇ ਸੱਜਾ ਹੱਥ ਠੋਕਿਆ ਗਿਆ ਹੈ। ਸਾਈਕਲ ਦਾ ਚੱਕਾ ਦੂਹਰਾ ਹੋ ਗਿਆ ਹੈ। ਮੈਂ ਕਾਰ ਵਾਲੇ ਉਪਰ ਚੀਕਦਾ ਹਾਂ, ਲੋਕ ਅੱਗਾ ਪਿੱਛਾ ਦੇਖ ਕੇ ਗੱਡੀ ਕਿਉਂ ਨਹੀਂ ਚਲਾਉਂਦੇ। ਕਾਰ ਵਾਲਾ ਉਲਟਾ ਮੈਨੂੰ ਨਸੀਹਤ ਦੇਣ ਲੱਗਦਾ ਹੈ, ਜੀ ਟੀ ਰੋਡ ਉਪਰ ਸਾਈਕਲ ਕੌਣ ਚਲਾਉਂਦੇ, ਜੇ ਬਹੁਤਾ ਹੀ ਸ਼ੌਕ ਹੈ ਤਾਂ ਕਿਸੇ ਖੁੱਲ੍ਹੇ ਥਾਂ ਜਾ ਕੇ ਚਲਾਇਆ ਕਰੋ। ਮੈਂ ਨਿਰ-ਉਤਰ ਹਾਂ। ਸੋਚਦਾ ਹਾਂ, ਮੈਂ ਖੁਦ ਨੂੰ ਆਹਰੇ ਲਾਉਣ ਵਾਸਤੇ ਸਾਈਕਲ ਵਾਲਾ ਰਾਹ ਫੜਿਆ ਹੈ, ਰੋਜ਼ ਆਪਣੇ ਕੰਮਾਂ-ਕਾਰਾਂ ਜਾਂ ਰੋਟੀ ਕਮਾਉਣ ਖਾਤਰ ਆਪਣੇ ਘਰਾਂ, ਪਿੰਡਾਂ ਤੋਂ ਸ਼ਹਿਰ ਆਉਣ ਜਾਣ ਵਾਲੇ ਮਿਹਨਤਕਸ਼ਾਂ ਪਾਸ ਨਾ ਬੱਸ ਜਾਂ ਆਟੋ ਦੇ ਕਿਰਾਏ ਲਈ ਪੈਸੇ ਹੁੰਦੇ ਹਨ, ਨਾ ਉਨ੍ਹਾਂ ਦੀ ਸਕੂਟਰ ਮੋਟਰ ਸਾਈਕਲ ਖਰੀਦਣ ਦੀ ਸਮਰੱਥਾ ਹੁੰਦੀ ਹੈ। ਉਨ੍ਹਾਂ ਪਾਸ ਸਿਰਫ ਸਾਈਕਲ ਦੀ ਸਵਾਰੀ ਹੁੰਦੀ ਹੈ। ਫਿਰ ਉਹ ਵਿਚਾਰੇ ਕਿੱਧਰ ਜਾਣ। ਕੀ ਸਾਨੂੰ ਭਾਰਤ ਦੇ ਵਿੱਚ ਵੀ ਚੀਨ ਵਾਂਗ ਬੇਲੋੜੀਆਂ ਕਾਰਾਂ, ਸਕੂਟਰ ਮੋਟਰ ਸਾਈਕਲ ਚਲਾਉਣ ਉਪਰ ਪਾਬੰਦੀ ਨਹੀਂ ਲਾ ਦੇਣੀ ਚਾਹੀਦੀ?