ਸਾਈਕਲ ਉਤੇ ਗਿਆ ਲਾੜਾ ਅਤੇ ਤਿੰਨ ਕੱਪੜਿਆਂ ਵਿੱਚ ਲਾੜੀ ਨੂੰ ਲੈ ਆਇਆ

groom on cycle
ਜਲਾਲਾਬਾਦ, 13 ਅਪ੍ਰੈਲ (ਪੋਸਟ ਬਿਊਰੋ)- ਲਾੜਾ ਸਾਈਕਲ ‘ਤੇ ਸਵਾਰ ਹੋ ਕੇ ਲਾੜੀ ਲੈਣ ਲਈ ਪੁੱਜਾ। ਬਰਾਤ ਵਿੱਚ ਸਿਰਫ 21 ਲੋਕ ਸਨ। ਉਨ੍ਹਾਂ ਨੇ ਲੜਕੀ ਵਾਲਿਆਂ ਤੋਂ ਕੋਈ ਦਾਜ ਨਹੀਂ ਲਿਆ, ਸਿਰਫ ਤਿੰਨ ਕੱਪੜਿਆਂ ਵਿੱਚ ਲਾੜੀ ਨੂੰ ਲੈ ਆਏ। ਵਿਆਹ ਬਹੁਤ ਹੀ ਸਾਧਾਰਨ ਸੀ। ਇਸ ਨੂੰ ਦੇਖਣ ਲਈ ਪੂਰਾ ਪਿੰਡ ਉਮੜ ਪਿਆ।
ਪੰਜਾਬ ਦੀਸਿਰਕੀਬੰਦ ਬਰਾਦਰੀ ਦੇ ਸਾਬਕਾ ਸੀਨੀਅਰ ਉਪ ਪ੍ਰਧਾਨ ਜੋਗਿੰਦਰ ਸਿੰਘ ਰਾਜਪੂਤ ਨੇ ਕਿਹਾ ਕਿ ਇਸ ਬਿਰਾਦਰੀ ਵਿੱਚ ਵਿਆਹ ਸ਼ਾਦੀਆਂ ਤੇ ਮੌਤ ਵਿੱਚ ਲੈਣ ਦੇਣ ਦਾ ਬਹੁਤ ਚਲਨ ਹੈ, ਪਰ ਇਹ ਲੋਕ ਵਿਆਹ ਅਤੇ ਮੌਤ ‘ਤੇ ਆਪਣੀ ਨੱਕ ਰੱਖਣ ਲਈ ਕਰਜ਼ਾ ਚੁੱਕ ਕੇ ਸਭ ਕੁਝ ਕਰਦੇ ਹਨ ਅਤੇ ਸਾਰੀ ਉਮਰ ਫਾਈਨਾਂਸਰਾਂ ਦੇ ਕਰਜ਼ੇ ਵਿੱਚ ਦੱਬੇ ਰਹਿੰਦੇ ਹਨ। ਇਥੋਂ ਤੱਕ ਕਿ ਗਿਰਵੀ ਰੱਖਿਆ ਮਕਾਨ ਵੀ ਵੇਚਣਾ ਪੈ ਜਾਂਦਾ ਹੈ। ਉਨ੍ਹਾਂ ਦੇ ਭਤੀਜੇ ਸੁੱਖਾ ਸਿੰਘ ਦਾ ਵਿਆਹ ਸੀ ਤੇ ਉਹ ਪੁਰਾਣੇ ਰੀਤੀ ਰਿਵਾਜ ਛੱਡ ਕੇ ਸਿਰਫ 21 ਬਰਾਤੀਆਂ ਦੇ ਨਾਲ ਲੜਕੀ ਦੇ ਘਰ ਆਏ ਹਨ। ਉਨ੍ਹਾਂ ਦੇ ਆਪਣੇ ਘਰ ਦੇ ਲਗਭਗ 100 ਮੈਂਬਰ ਹਨ। ਲਾੜਾ ਸਾਈਕਲ ‘ਤੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸਿਰਫ ਤਿੰਨ ਕੱਪੜਿਆਂ ਵਿੱਚ ਲਾੜੀ ਲੈ ਕੇ ਆਏ ਹਨ। ਉਨ੍ਹਾਂ ਵੱਲੋਂ ਸਿਰਕੀਬੰਦ ਬਿਰਾਦਰੀ ਵਿੱਚ ਦਾਜ ਪ੍ਰਥਾ ਬੰਦ ਕਰਨ ਲਈ ਇਹ ਪਹਿਲਾ ਕਦਮ ਚੁੱਕਿਆ ਗਿਆ ਹੈ।