ਸ਼ੱਕੀ ਅਗਵਾ ਕਾਂਡ ਵਿੱਚ ਫਸੇ ਦੋ ਹੋਰ ਚੀਨੀ ਵਿਦਿਆਰਥੀਆਂ ਦਾ ਪੁਲਿਸ ਨੇ ਲਾਇਆ ਪਤਾ

  ਯੂਈ ਕੈਂਡੀ ਲਿਊ             ਕੇ ਜੇਡਨ ਜ਼ੂ          ਜੁਆਨਵੈੱਨ ਜੈ਼ਂਗ

ਟੋਰਾਂਟੋ, 13 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਨੇ ਉਨ੍ਹਾਂ ਦੋ ਚੀਨੀ ਵਿਦਿਆਰਥੀਆਂ ਦਾ ਪਤਾ ਲਾ ਲਿਆ ਹੈ ਜਿਨ੍ਹਾਂ ਨੂੰ ਉਹ ਕਿਡਨੈਪਿੰਗ ਘਪਲੇ ਦਾ ਸਿ਼ਕਾਰ ਮੰਨ ਕੇ ਚੱਲ ਰਹੀ ਸੀ।
17 ਸਾਲਾ ਯੂਈ ਕੈਂਡੀ ਲਿਊ ਐਤਵਾਰ ਰਾਤ ਨੂੰ ਮਾਂਟਰੀਅਲ ਤੋਂ ਮਿਲੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਕਾਂਸਟੇਬਲ ਜੈਨੀਫਰਜੀਤ ਸਿੱਧੂ ਨੇ ਆਖਿਆ ਕਿ ਲਿਊ ਨੇ ਜਦੋਂ ਫੋਨ ਆਨ ਕੀਤਾ ਤਾਂ ਉਸ ਨੂੰ ਉਸ ਦੇ ਲਾਪਤਾ ਹੋਣ ਦੇ ਸਬੰਧ ਵਿੱਚ ਕਈ ਮੈਸੇਜ ਮਿਲੇ। ਇਹ ਮੈਸੇਜ ਵੇਖ ਕੇ ਉਸ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ। ਜਿ਼ਕਰਯੋਗ ਹੈ ਕਿ ਲਿਊ ਦੇ ਲਾਪਤਾ ਹੋਣ ਦੀ ਰਿਪੋਰਟ ਸੁ਼ੱਕਰਵਾਰ ਨੂੰ ਲਿਖਵਾਈ ਗਈ ਸੀ। ਉਸ ਨੂੰ ਆਖਰੀ ਵਾਰੀ ਯੰਗ ਸਟਰੀਟ ਤੇ ਫਿੰਚ ਐਵਨਿਊ ਨੇੜੇ ਸਵੇਰੇ 10:30 ਵਜੇ ਵੇਖੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਸੀ।
ਇਸੇ ਦੌਰਾਨ 16 ਸਾਲਾ ਕੇ ਜੇਡਨ ਜ਼ੂ ਨੂੰ ਸੋਮਵਾਰ ਸਵੇਰੇ ਲੱਭ ਲਿਆ ਗਿਆ। ਉਸ ਨੂੰ ਆਖਰੀ ਵਾਰੀ ਐਗਲਿੰਟਨ ਐਵਨਿਊ ਈਸਟ ਤੇ ਮਿਡਲੈਂਡ ਐਵਨਿਊ ਨੇੜੇ ਵੀਰਵਾਰ ਸਵੇਰੇ 10:30 ਵਜੇ ਵੇਖਣ ਦੀ ਗੱਲ ਆਖੀ ਗਈ ਸੀ। ਪੁਲਿਸ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀ ਚੀਨੀ ਵਿਦਿਆਰਥੀਆਂ ਨੂੰ ਲੁਕਣ ਦੀ ਸਲਾਹ ਦੇ ਰਹੇ ਹਨ ਤੇ ਇਹ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਚੀਨ ਵਿੱਚ ਨੁਕਸਾਨ ਪਹੁੰਚਾਇਆ ਜਾਵੇਗਾ। ਉਨ੍ਹਾਂ ਨੂੰ ਆਪਣੇ ਸੈੱਲਫੋਨ ਜਾਂ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਵੀ ਆਖਿਆ ਜਾ ਰਿਹਾ ਹੈ।
ਅਜਿਹਾ ਕਰਨ ਵਾਲੇ ਮਸ਼ਕੂਕ ਫਿਰ ਇਨ੍ਹਾਂ ਵਿਦਿਆਰਥੀਆਂ ਦੇ ਚੀਨ ਸਥਿਤ ਪਰਿਵਾਰਾਂ ਨਾਲ ਸੰਪਰਕ ਕਰਦੇ ਹਨ ਤੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਫਿਰ ਉਨ੍ਹਾਂ ਤੋਂ ਬੱਚਿਆਂ ਨੂੰ ਛੱਡਣ ਲਈ ਪੈਸੇ ਮੰਗੇ ਜਾਂਦੇ ਹਨ। ਤਿੰਨ ਵਿਦਿਆਰਥੀ ਪਿਛਲੇ ਹਫਤੇ ਤੋਂ ਲਾਪਤਾ ਦੱਸੇ ਜਾ ਰਹੇ ਸਨ। 20 ਸਾਲਾ ਜੁਆਨਵੈੱਨ ਜੈ਼ਂਗ ਨੂੰ ਸ਼ਨਿੱਚਰਵਾਰ ਦੁਪਹਿਰ ਨੂੰ ਲੱਭ ਲਿਆ ਗਿਆ। ਉਸ ਨੂੰ ਵੀ ਆਖਰੀ ਵਾਰੀ ਯੰਗ ਤੇ ਗ੍ਰੈੱਨਵਿੱਲੇ ਸਟਰੀਟਸ ਉੱਤੇ ਬੁੱਧਵਾਰ ਨੂੰ ਵੇਖੇ ਹੋਣ ਦੀ ਗੱਲ ਆਖੀ ਜਾ ਰਹੀ ਸੀ।