ਸ਼੍ਰੋਮਣੀ ਕਮੇਟੀ ਨੂੰ ਸੱਤ ਮਹੀਨਿਆਂ ਵਿੱਚ ਲੰਗਰ ਉਤੇ ਦੋ ਕਰੋੜ ਰੁਪਏ ਦਾ ਜੀ ਐਸ ਟੀ ਭਰਨਾ ਪੈ ਗਿਆ


ਅੰਮ੍ਰਿਤਸਰ, 9 ਫਰਵਰੀ (ਪੋਸਟ ਬਿਊਰੋ)- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਨਵੀਂ ਟੈਕਸ ਪ੍ਰਣਾਲੀ ਜੀ ਐਸ ਟੀ ਇਸ ਵਕਤ ਗੁਰੂ ਕੀ ਗੋਲਕ ‘ਤੇ ਲਾਗੂ ਹੋ ਚੁੱਕੀ ਅਤੇ ਕਾਫੀ ਬੋਝ ਦਾ ਕਾਰਨ ਬਣ ਰਹੀ ਹੈ। ਗੁਰੂ ਰਾਮਦਾਸ ਲੰਗਰ ਘਰ ਵਿਖੇ 24 ਘੰਟੇ ਚੱਲਦੇ ਲੰਗਰ ਦੀ ਰਸਦ ‘ਤੇ ਰੋਜ਼ ਤਕਰੀਬਨ ਇਕ ਲੱਖ ਰੁਪਏ ਜੀ ਐਸ ਟੀ ਭਰਨਾ ਪੈ ਰਿਹਾ ਹੈ। ਪਹਿਲੀ ਜੁਲਾਈ ਤੋਂ 31 ਜਨਵਰੀ ਤੱਕ ਦੇ ਸਿਰਫ ਸੱਤ ਮਹੀਨਿਆਂ ਵਿੱਚ ਲੰਗਰ ਲਈ ਆਉਂਦੀ ਰਸਦ ਜਿਵੇਂ ਆਟਾ, ਦਾਲ, ਖੰਡ, ਘਿਓ, ਰਿਫਾਇੰਡ, ਡੂੰਨੇ, ਹਲਦੀ, ਲਾਲ ਮਿਰਚ, ਮਸਾਲਾ ਤੇ ਗੈਸ ਸਿਲੰਡਰ ਆਦਿ ‘ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੀਬ ਦੋ ਕਰੋੜ ਰੁਪਏ ਜੀ ਐਸ ਟੀ ਭਰਨਾ ਪੈ ਗਿਆ ਹੈ।
ਹੁਣ ਇਕ ਵਾਰ ਫੇਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਵਫਦ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਲੰਗਰ ਨੂੰ ਜੀ ਐਸ ਟੀ ਵਿੱਚੋਂ ਮੁਕਤ ਕਰਾਉਣ ਲਈ ਯਤਨ ਕੀਤੇ ਜਾਣ ਦੀ ਗੱਲ ਚੱਲ ਪਈ ਹੈ। ਪਿਛਲੇ ਸੱਤ ਮਹੀਨਿਆਂ ਵਿੱਚ ਗੁਰੂ ਰਾਮਦਾਸ ਲੰਗਰ ਘਰ ਦੀ ਰਸਦ ‘ਤੇ ਤਕਰੀਬਨ ਦੋ ਕਰੋੜ ਰੁਪਏ ਦਾ ਜੀ ਐਸ ਟੀ ਭਰਨਾ ਪਿਆ ਹੈ ਤੇ ਜਦੋਂ ਬਾਕੀ ਗੁਰਦੁਆਰੇ ਤੇ ਤਖਤ ਸਾਹਿਬਾਨ ਦੇ ਲੰਗਰ ਘਰਾਂ ‘ਤੇ ਲੱਗ ਰਿਹਾ ਟੈਕਸ ਜੋੜਿਆ ਜਾਵੇ ਤਾਂ ਇਹ ਰਕਮ ਹਰ ਮਹੀਨੇ ਕਰੋੜਾਂ ਦੀ ਬਣ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਅਨੁਸਾਰ ਗੁਰੂ ਘਰ ਨੂੰ ਜੀ ਐਸ ਟੀ ਤੋਂ ਮੁਕਤ ਕਰਨ ਸਬੰਧੀ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਗਈ ਸੀ ਤੇ ਹੁਣ ਫੇਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦਾ ਵਫਦ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਮਿਲੇਗਾ।