ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਰਬੱਤ ਖਾਲਸਾ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਝੜਪਾਂ

golden temple fight
* ਦਰਬਾਰ ਸਾਹਿਬ ਵਿੱਚ ਫਿਰ ਕ੍ਰਿਪਾਨਾਂ ਚੱਲੀਆਂ ਤੇ ਦਸਤਾਰਾਂ ਲੱਥੀਆਂ
ਅੰਮ੍ਰਿਤਸਰ, 12 ਅਕਤੂਬਰ, (ਪੋਸਟ ਬਿਊਰੋ)- ਅੱਜ ਇੱਕ ਵਾਰ ਫਿਰ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਅੰਦਰ ਸਿੱਖਾਂ ਦੇ ਦੋ ਧੜਿਆਂ ਵਿਚਾਲੇ ਕ੍ਰਿਪਾਨਾਂ ਚੱਲ ਗਈਆਂ ਅਤੇ ਕੁਝ ਸਿੱਖਾਂ ਦੀਆਂ ਦਸਤਾਰਾਂ ਵੀ ਲੱਥ ਗਈਆਂ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਸਰਬੱਤ ਖਾਲਸਾ ਵਿੱਚ ਐਲਾਨੇ ਗਏ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਅੱਜ ਉਸ ਸਮੇਂ ਝੜਪ ਹੋ ਗਈ, ਜਦੋਂ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਆਗੂ ਮਾਸਟਰ ਜੌਹਰ ਸਿੰਘ ਵਿਰੁੱਧ ਕਾਰਵਾਈ ਕਰਨ ਦੇ ਲਈ ਸਰਬੱਤ ਖਾਲਸਾ ਵਾਲੇ ਜਥੇਦਾਰ ਮੀਟਿੰਗ ਕਰਨ ਲਈ ਸ੍ਰੀ ਅਕਾਲ ਤਖ਼ਤ ਵੱਲ ਜਾ ਰਹੇ ਸਨ। ਇਸ ਝੜਪ ਦੌਰਾਨ ਸਰਬੱਤ ਖਾਲਸਾ ਵਾਲੇ ਜਥੇਦਾਰਾਂ ਦੇ ਹਮਾਇਤੀ ਯੂਨਾਈਟਿਡ ਅਕਾਲੀ ਦਲ ਦੇ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨੈਲ ਸਿੰਘ ਸਖੀਰਾ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਤੇ ਟਾਸਕ ਫੋਰਸ ਦੇ ਅਮਰੀਕ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਵਰਨਣ ਯੋਗ ਹੈ ਕਿ ਬੀਤੀ 11 ਅਗਸਤ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਖਜ਼ਾਨਚੀ ਬੂਟਾ ਸਿੰਘ ਨੂੰ ਗੁਰਦੁਆਰੇ ਦੇ ਇਕ ਕਮਰੇ ਵਿਚ ਪਰਾਈ ਔਰਤ ਨਾਲ ਫੜੇ ਜਾਣ ਪਿੱਛੋਂ ਸਰਬੱਤ ਖਾਲਸਾ ਦੇ ਜਥੇਦਾਰਾਂ ਨੇ ਬੂਟਾ ਸਿੰਘ ਨੂੰ 4 ਅਕਤੂਬਰ ਨੂੰ ਪੰਥ ਵਿਚੋ ਛੇਕ ਦਿੱਤਾ ਅਤੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਅੱਜ 12 ਅਕਤੂਬਰ ਨੂੰ ਅਕਾਲ ਤਖ਼ਤ ਵਿਖੇ ਤਲਬ ਕੀਤਾ ਸੀ। ਮਾਸਟਰ ਜੌਹਰ ਸਿੰਘ ਅੱਜ ਸਵੇਰੇ ਦਰਬਾਰ ਸਾਹਿਬ ਵਿਖੇ ਪੁੱਜ ਗਏ ਤੇ ਕਰੀਬ ਸਾਢੇ ਬਾਰਾਂ ਵਜੇ ਅਕਾਲ ਤਖ਼ਤ ਦੇ ਅੰਦਰ ਦੇਗ ਲੈ ਕੇ ਦਾਖ਼ਲ ਹੋਏ। ਦੇਗ ਭੇਟ ਕਰਨ ਪਿੱਛੋਂ ਮਾਸਟਰ ਜੌਹਰ ਸਿੰਘ ਉਥੇ ਕੀਰਤਨ ਸਰਵਣ ਕਰਨ ਬੈਠ ਗਏ ਤਾਂ ਕੁਝ ਦੇਰ ਬਾਅਦ ਦਰਬਾਰ ਸਾਹਿਬ ਦੇ ਦੋ ਅਧਿਕਾਰੀ ਕੁਝ ਟਾਸਕ ਫ਼ੋਰਸ ਦੇ ਜਵਾਨਾਂ ਨਾਲ ਆਏ ਤੇ ਉਨ੍ਹਾਂ ਨੇ ਮਾਸਟਰ ਜੌਹਰ ਸਿੰਘ ਨੂੰ ਕਿਹਾ ਕਿ ਉਹ ਇਥੇ ਨਹੀਂ ਬੈਠ ਸਕਦੇ। ਉਸ ਵਲੋਂ ਵਿਰੋਧ ਕਰਨ ਉੱਤੇ ਟਾਸਕ ਫ਼ੋਰਸ ਨੇ ਉਸ ਨੂੰ ਬਾਹਰ ਧੂਹਣਾ ਸ਼ੁਰੂ ਕਰ ਦਿਤਾ, ਪਰ ਮਾਸਟਰ ਉਥੇ ਲੰਮੇ ਪੈ ਗਿਆ ਕਿ ਗੁਰੂ ਘਰ ਸਭ ਦਾ ਸਾਂਝਾ ਹੈ, ਕੋਈ ਵੀ ਉਸ ਨੂੰ ਬਾਹਰ ਨਹੀਂ ਕੱਢ ਸਕਦਾ। ਟਾਸਕ ਫ਼ੋਰਸ ਵਾਲਿਆਂ ਨੇ ਉਸ ਨੂੰ ਘਸੀਟਦੇ ਹੋਏ ਜੋੜਾ ਘਰ ਦੇ ਕੋਲ ਲਿਆਂਦਾ ਤੇ ਉਥੇ ਬਾਹਰ ਛੱਡ ਦਿਤਾ। ਇਸ ਝੜਪ ਵਿੱਚ ਮਾਸਟਰ ਦਾ ਮੋਬਾਈਲ ਫੋਨ ਵੀ ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਨੇ ਖੋਹ ਲਿਆ, ਪਰ ਇਸ ਦਾ ਰੌਲਾ ਪੈਣ ਉੱਤੇ ਸ਼੍ਰੋਮਣੀ ਕਮੇਟੀ ਨੇ ਇਹ ਫੋਨ ਪੁਲਿਸ ਦੇ ਹਵਾਲੇ ਕਰ ਦਿਤਾ।
ਮਾਸਟਰ ਜੌਹਰ ਸਿੰਘ ਨੇ ਅਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਅਪਣੇ ਸਾਥੀਆਂ ਨੂੰ ਸੱਦਿਆ ਤਾਂ ਉਨ੍ਹਾਂ ਨੇ ਮਾਸਟਰ ਨੂੰ ਉਨ੍ਹਾਂ ਦੇ ਨਾਲ ਅੰਦਰ ਜਾਣ ਨੂੰ ਕਿਹਾ ਤਾਂ ਟਾਸਕ ਫ਼ੋਰਸ ਨੇ ਉਨ੍ਹਾਂ ਨੂੰ ਗਲਿਆਰੇ ਵਿਚ ਰੋਕ ਲਿਆ ਕਿ ਉਹ ਅੰਦਰ ਨਹੀਂ ਜਾ ਸਕਦੇ। ਇਸ ਮੌਕੇ ਸਤਨਾਮ ਸਿੰਘ ਮਨਾਵਾਂ, ਜਰਨੈਲ ਸਿੰਘ ਸਖੀਰਾ ਤੇ ਜਸਬੀਰ ਸਿੰਘ ਮੰਡਿਆਲਾ ਨੇ ਟਾਸਕ ਫ਼ੋਰਸ ਦਾ ਵਿਰੋਧ ਕੀਤਾ ਕਿ ਉਹ ਕਿਸੇ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਤੋ ਰੋਕ ਨਹੀਂ ਸਕਦੇ। ਚੱਲ ਰਹੀ ਗੱਲਬਾਤ ਵਿਚੋਂ ਝਗੜਾ ਉਸ ਵੇਲੇ ਹੋਇਆ, ਜਦ ਮਲਕੀਤ ਸਿੰਘ ਗਿੱਲਵਾਲੀ ਨਾਂਅ ਦੇ ਸੇਵਾਦਾਰ ਨੇ ਗਾਲ੍ਹਾਂ ਕਢਣੀਆਂ ਸ਼ੁਰੂ ਕਰ ਦਿਤੀਆਂ ਤੇ ਦੋਵਾਂ ਧਿਰਾਂ ਦੀ ਖਿੱਚ ਧੂਹ ਸ਼ੁਰੂ ਹੋ ਗਈ। ਫਿਰ ਕਿਸੇ ਟਾਸਕ ਫ਼ੋਰਸ ਵਾਲੇ ਦੀ ਕਿਰਪਾਨ ਦੀ ਨੋਕ ਸਤਨਾਮ ਸਿੰਘ ਮਨਾਵਾਂ ਦੀ ਉਂਗਲ ਨੂੰ ਚੀਰਦੀ ਹੋਈ ਉਸ ਨੂੰ ਫੱਟੜ ਕਰ ਗਈ। ਪੁਲਿਸ ਦੇ ਦਖ਼ਲ ਨਾਲ ਦੋਵਾਂ ਨੂੰ ਵੱਖ ਕਰ ਦਿਤਾ ਗਿਆ ਸੀ, ਪਰ ਝਗੜਾ ਉਸ ਵੇਲੇ ਸਿਖਰ ਉੱਤੇ ਪੁੱਜ ਗਿਆ, ਜਦ ਸਰਬੱਤ ਖਾਲਸਾ ਵਾਲੇ ਜਥੇਦਾਰ ਗਲਿਆਰੇ ਵਿਚ ਮੀਟਿੰਗ ਲਾ ਕੇ ਮਾਸਟਰ ਜੌਹਰ ਸਿੰਘ ਵਿਰੁਧ ਕਾਰਵਾਈ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਮੌਕੇ ਵੀ ਮਲਕੀਅਤ ਸਿੰਘ ਉਥੇ ਆ ਗਿਆ, ਜਿਸ ਨੂੰ ਵੇਖ ਕੇ ਮਾਸਟਰ ਜੌਹਰ ਸਿੰਘ ਦੇ ਸਾਥੀਆਂ ਨੂੰ ਗੁੱਸਾ ਚੜ੍ਹ ਗਿਆ ਤੇ ਇਕ ਨੇ ਕਿਹਾ ਕਿ ‘ਫੜ ਲਉ ਜਾਵੇ ਨਾ’, ਪਰ ਮਲਕੀਤ ਸਿੰਘ ਫ਼ੁਰਤੀ ਨਾਲ ਉਥੋਂ ਨੱਠਦਾ ਹੋਇਆ ਘੰਟਾ ਘਰ ਵਾਲੇ ਪਾਸੇ ਚਰਨ ਗੰਗਾ ਕੋਲ ਗਮਲਿਆਂ ਦੀ ਬਣੀ ਹੋਈ ਕੰਧ ਵਿੱਚੋ ਦੀ ਛਾਲ ਮਾਰ ਕੇ ਨਿਕਲ ਗਿਆ। ਇੰਨੇ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਟਾਸਕ ਫ਼ੋਰਸ ਵਾਲੇ ਕ੍ਰਿਪਾਨਾਂ ਅਤੇ ਬਰਛੇ ਲੈ ਕੇ ਪੁੱਜ ਗਏ ਤਾਂ ਦੋਵਾਂ ਧਿਰਾਂ ਵਿਚਾਲੇ ਝੜਪ ਹੋਈ।
ਇਸ ਘਟਨਾ ਦੇ ਬਾਅਦ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕਿਸੇ ਤਰ੍ਹਾਂ ਦੀ ਵਧੀਕੀ ਤੋ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਚੁੱਕ ਬਾਹਰ ਨਹੀਂ ਸੁਟਿਆ, ਪਰ ਕਿਸੇ ਨੂੰ ਵੀ ਦਰਬਾਰ ਸਾਹਿਬ ਕੰਪਲੈਕਸ ਵਿਚ ਗੁੰਡਾਗਰਦੀ ਨਹੀਂ ਕਰਨ ਦਿਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਮਰਿਆਦਾ ਤੇ ਵਾਤਾਵਰਣ ਨੂੰ ਸ਼ਾਤਮਈ ਰੱਖਣ ਦੀ ਜ਼ਿੰਮੇਵਾਰੀ ਅਦਾਰੇ ਦੀ ਹੈ ਤੇ ਕਿਸੇ ਨੂੰ ਉਲੰਘਣਾ ਕਰਨ ਦੀ ਆਗਿਆ ਨਹੀਂ ਹੈ। ਡਾ ਰੂਪ ਸਿੰਘ ਮੁਤਾਬਕ ਕੋਈ ਮਾੜੀ ਘਟਨਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੈ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਜਾਵੇਗੀ। ਦੂਸਰੇ ਪਾਸੇ ਸਰਬੱਤ ਖਾਲਸਾ ਵਾਲੇ ਜਥੇਦਾਰ ਧਿਆਨ ਸਿੰਘ ਮੰਡ ਨੇ ਹਿੰਸਕ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਮੰਨ ਕੇ ਕਿਹਾ ਕਿ ਮਾਸਟਰ ਜੌਹਰ ਸਿੰਘ ਸ਼ਰਧਾਲੂ ਵਜੋਂ ਸ੍ਰੀ ਅਕਾਲ ਤਖ਼ਤ ਵਿਖੇ ਗਿਆ ਸੀ, ਉਸ ਨੂੰ ਮਸੰਦਾਂ ਵਰਗੀ ਕਾਰਵਾਈ ਨਾਲ ਜਬਰੀ ਅਤੇ ਅਪਮਾਨ ਜਨਕ ਢੰਗ ਨਾਲ ਬਾਹਰ ਕੱਢਿਆ ਗਿਆ ਹੈ।