ਸ਼ਾਹੀ ਪਰਵਾਰ ਦੀ ਨੂੰਹ ਬਣਨ ਦੇ ਬਾਅਦ ਮੇਗਨ ਨੂੰ ਕੁਝ ਪਾਬੰਦੀਆਂ ਵੀ ਸਹਿਣੀਆਂ ਪੈਣਗੀਆਂ


ਲੰਡਨ, 11 ਮਈ (ਪੋਸਟ ਬਿਊਰੋ)- ਇਸ 19 ਮਈ ਨੂੰ ਬ੍ਰਿਟੇਨ ਦੇ ਪ੍ਰਿੰਸ ਹੈਰੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਮੇਗਨ ਮਾਰਕਲ ਹਮੇਸ਼ਾ ਆਪਣੇ ਖਾਸ ਅੰਦਾਜ਼, ਪੋਸ਼ਾਕਾਂ ਤੇ ਸਟਾਈਲ ਦੇ ਕਾਰਨ ਮੇਗਨ ਚਰਚਾ ਵਿੱਚ ਰਹੀ ਹੈ। ਉਹ ਫਿਲਮੀ ਦੁਨੀਆ ਨਾਲ ਜੁੜੀ ਹੋਈ ਹੈ, ਪਰ ਵਿਆਹ ਤੋਂ ਬਾਅਦ ਸ਼ਾਹੀ ਖਾਨਦਾਨ ਦੀ ਨੂੰਹ ਬਣ ਕੇ ਉਸ ਉੱਤੇ ਕੁੱਝ ਰੋਕਾਂ ਵੀ ਲੱਗਣ ਵਾਲੀਆਂ ਹਨ। ਉਸ ਨੂੰ ਸ਼ਾਹੀ ਪਰਿਵਾਰ ਦੇ ਨਿਯਮ ਮੰਨਣੇ ਪੈਣਗੇ ਅਤੇ ਸੱਜਣ-ਸੰਵਰਨ ਸਮੇਂ ਕਾਫੀ ਧਿਆਨ ਰੱਖਣਾ ਪਵੇਗਾ। ਸ਼ਾਹੀ ਪਰਿਵਾਰ ਦੇ ਇਹ ਅਜੀਬ ਨਿਯਮ ਹਨ, ਜਿਨ੍ਹਾਂ ਨੂੰ ਮੰਨਣਾ ਮੇਗਨ ਲਈ ਔਖਾ ਹੋ ਸਕਦਾ ਹੈ:
ਪਹਿਲੀ ਗੱਲ ਕਿ ਵਿਆਹ ਕਰਵਾਉਣ ਮਗਰੋਂ ਮੇਗਨ ਮਾਰਕਲ ਗੂੜ੍ਹੇ ਰੰਗ ਦੀ ਨੇਲ ਪਾਲਿਸ਼ ਨਹੀਂ ਲਾ ਸਕੇਗੀ। ਸ਼ਾਹੀ ਪਰਿਵਾਰ ਨਾਲ ਕਈ ਸਾਲਾਂ ਤੋਂ ਜੁੜੇ ਇਕ ਮਾਹਿਰ ਗ੍ਰਾਂਟ ਹੈਰੋਲਡ ਦੇ ਦੱਸਣ ਮੁਤਾਬਕ ਉਹ ਗੂੜ੍ਹੇ ਨੇਲ ਪੇਂਟ ਅਤੇ ਗੂੜ੍ਹੇ ਰੰਗ ਦੀ ਲਿਪਸਟਿਕ ਨਹੀਂ ਲਾ ਸਕੇਗੀ। ਸ਼ਾਹੀ ਪਰਿਵਾਰ ਵਿੱਚ ਇਹ ਨਿਯਮ ਸਾਰੀਆਂ ਨੂੰਹਾਂ ਨੂੰ ਮੰਨਣਾ ਪੈਂਦਾ ਹੈ। ਸਾਲ 1989 ਤੋਂ ਅੱਜ ਤਕ ਮਹਾਰਾਣੀ ਐਲਿਜ਼ਾਬੈਥ ਇਕੋ ਰੰਗ ਦੀ ਨੇਲ ਪੇਂਟ ਲਾ ਰਹੀ ਹੈ।
ਦੂਸਰੀ ਗੱਲ ਇਹ ਕਿ ਵਿਆਹ ਮਗਰੋਂ ਮੇਗਨ ਨੂੰ ਆਪਣੀਆਂ ਲੱਤਾਂ ਨੂੰ ਢੱਕ ਕੇ ਰੱਖਣਾ ਪਵੇਗਾ, ਭਾਵ ਉਹ ਕਦੇ ਵੀ ਛੋਟੇ ਕੱਪੜਿਆਂ ਵਿੱਚ ਦਿਖਾਈ ਨਹੀਂ ਦੇਵੇਗੀ। ਉਸ ਨੂੰ ਸ਼ਾਹੀ ਪਰਿਵਾਰ ਦੇ ਰਿਵਾਜ਼ ਵਾਲੇ ਕੱਪੜੇ ਪਹਿਨਣੇ ਪੈਣਗੇ। ਇਕ ਅਦਾਕਾਰਾ ਰਹਿ ਚੁੱਕੀ ਮੇਗਨ ਲਈ ਇਹ ਨਿਯਮ ਕੁਝ ਮੁਸ਼ਕਲ ਜ਼ਰੂਰ ਹੋਵੇਗਾ।
ਤੀਸਰੀ ਗੱਲ ਇਹ ਕਿ ਮੇਗਨ ਨੂੰ ਕਾਲੇ ਰੰਗ ਦੇ ਕੱਪੜਿਆਂ ਵਿੱਚ ਲੋਕ ਸਿਰਫ ਓਦੋਂ ਵੇਖਣਗੇ, ਜਦ ਉਹ ਕਿਸੇ ਸੋਗ ਉੱਤੇ ਜਾਵੇਗੀ। ਸ਼ਾਹੀ ਪਰਵਾਰ ਬਹੁਤ ਘੱਟ ਇਹ ਰੰਗ ਪਹਨਦਾ ਹੈ। ਵਰਨਣ ਯੋਗ ਕਿ 19 ਮਈ ਨੂੰ ਮੇਗਨ ਸ਼ਾਹੀ ਪਰਿਵਾਰ ਦੀ ਨੂੰਹ ਬਣ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਣਗੇ।