ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ ਕਾਗਜ਼ ਦਾਖਲ

* ਕੈਪਟਨ ਅਮਰਿੰਦਰ ਵੱਲੋਂ ਪੰਥਕ ਪੱਖ ਤੋਂ ਅਕਾਲੀ ਆਗੂਆਂ ਉੱਤੇ ਹਮਲੇ
ਜਲੰਧਰ, 10 ਮਈ, (ਪੋਸਟ ਬਿਊਰੋ)- ਪੰਜਾਬ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ। ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਅੱਜ ਸ਼ਾਹਕੋਟ ਦੀ ਦਾਣਾ ਮੰਡੀ ਵਿੱਚ ਜ਼ੋਰਦਾਰ ਰੈਲੀ ਕਰ ਕੇ ਕਾਂਗਰਸ ਪਾਰਟੀ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਇਸ ਰਵਾਇਤੀ ਪੰਥਕ ਹਲਕੇ ਵਿੱਚ ਅਕਾਲੀ ਦਲ ਨੂੰ ਉਨ੍ਹਾ ਦੇ ਆਪਣੇ ਪੰਥਕ ਮੁੱਦਿਆਂ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਰੈਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਤੱਕ ਇੱਕ ਰਵਾਇਤੀ ਪੰਥਕ ਹਲਕਾ ਮੰਨੇ ਜਾਣ ਵਾਲੇ ਸ਼ਾਹਕੋਟ ਵਿੱਚ ਅਕਾਲੀ ਦਲ ਦੀ ਲੀਡਰਸਿ਼ਪ ਨੂੰ ਪੰਥਕ ਮੁੱਦਿਆਂ ਉੱਤੇ ਘੇਰਨ ਵਾਲੇ ਤਿੱਖੇ ਸਵਾਲ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਗ਼ਲਤੀਆਂ ਲਈ ਅਕਾਲੀ ਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾ ਕਿਹਾ ਕਿ ਨਵੀਂ ਕਿਤਾਬ ਲਿਖਣ ਦਾ ਕੰਮ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ ਅਤੇ ਇਸ ਬਾਰੇ ਅੱਜ ਕੱਲ੍ਹ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਲੰਗਰ ਉੱਤੇ ਲੱਗਦਾ ਜੀ ਐਸ ਟੀ ਟੈਕਸ ਮੁਆਫ ਕਰਵਾਉਣ ਵਿੱਚ ਅਕਾਲੀ ਲੀਡਰਸਿ਼ਪ ਫੇਲ੍ਹ ਸਾਬਤ ਹੋਏ ਹੈ, ਜਦ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਹਿੱਸੇ ਦਾ ਜੀ ਐਸ ਟੀ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਤੋਂ ਮੁਆਫ ਕਰ ਦਿੱਤਾ ਹੈ। ਸ਼ਾਹਕੋਟ ਦੇ ਲੋਕਾਂ ਨੂੰ ਪੰਜਾਬ ਦੇ ਭਲੇ ਲਈ ਵੋਟਾਂ ਦੀ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਚੋਣ ਜਿੱਤਣ ਦੇ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 78 ਹੋ ਜਾਵੇਗੀ ਅਤੇ ਵਿਧਾਨ ਸਭਾ ਵਿੱਚ ਪਾਰਟੀ ਦਾ ਦੋ ਤਿਹਾਈ ਬਹੁਮਤ ਹੋ ਜਾਣ ਨਾਲ ਉਨ੍ਹਾਂ ਨੂੰ ਕੰਮ ਕਰਨ ਅਤੇ ਪੰਜਾਬ ਦੇ ਭਲੇ ਦੇ ਕਾਨੂੰਨ ਪਾਸ ਕਰਨ ਵਿੱਚ ਕੋਈ ਔਕੜ ਨਹੀਂ ਆਵੇਗੀ।
ਸਾਬਕਾ ਮੰਤਰੀ ਅਤੇ ਪੰਜ ਵਾਰੀਆਂ ਦੇ ਵਿਧਾਇਕ ਮਰਹੂਮ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਪਿੱਛੋਂ ਅੱਜ ਪਹਿਲੀ ਵਾਰ ਕਾਂਗਰਸ ਦੇ ਆਗੂਆਂ ਨੇ ਅਜੀਤ ਸਿੰਘ ਕੋਹਾੜ ਅਤੇ ਉਨ੍ਹਾਂ ਦੇ ਪੁੱਤਰ ਉੱਤੇ ਤਿੱਖੇ ਹਮਲੇ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੀਤ ਸਿੰਘ ਕੋਹਾੜ ਪੰਜ ਵਾਰ ਵਿਧਾਇਕ ਤੇ ਤਿੰਨ ਵਾਰ ਮੰਤਰੀ ਬਣਦੇ ਰਹੇ, ਪਰ ਹਲਕੇ ਦੀਆਂ ਬੁਨਿਆਦੀ ਮੰਗਾਂ ਹਾਲੇ ਤੱਕ ਸਾਡੇ ਕੋਲ ਪਹੁੰਚ ਰਹੀਆਂ ਹਨ। ਉਨ੍ਹਾ ਕਿਹਾ ਕਿ ਚੋਣ ਜ਼ਾਬਤੇ ਕਾਰਨ ਉਹ ਐਲਾਨ ਨਹੀਂ ਕਰ ਸਕਦੇ, ਪਰ ਵਾਅਦਾ ਕਰਦੇ ਹਨ ਕਿ ਚੋਣਾਂ ਤੋਂ ਬਾਅਦ ਸਾਰੀਆਂ ਮੰਗਾਂ ਪੂਰੀਆਂ ਕਰ ਦੇਣਗੇ।
ਰੈਲੀ ਵਿੱਚ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਪਾਣੀ ਅਤੇ ਪੰਥ ਦੇ ਨਾਂ ਉੱਤੇ ਜਿੱਦਾਂ ਦੀ ਸਿਆਸਤ ਕੀਤੀ ਹੈ, ਉਸ ਦੇ ਨਤੀਜੇ ਵਜੋਂ ਅੱਜ ਉਹ ਆਮ ਆਦਮੀ ਪਾਰਟੀ ਤੋਂ ਵੀ ਬਾਅਦ ਤੀਸਰੇ ਨੰਬਰ ਦੀ ਪਾਰਟੀ ਰਹਿ ਗਏ ਹਨ ਤੇ ਮੁੱਖ ਵਿਰੋਧੀ ਧਿਰ ‘ਆਪ’ ਪਾਰਟੀ ਬਣ ਗਈ ਹੈ। ਉਨ੍ਹਾਂ ਸਟੇਜ ਉੱਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਮਾਡਰਨ ਇਤਿਹਾਸ ਦੀ ਕਿਤਾਬ ਵਿੱਚ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਦਾ ਗੋਲੀ ਕਾਂਡ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਅਕਾਲੀਆਂ ਦੇ ਕੰਮਾਂ ਦਾ ਪਤਾ ਲੱਗਦਾ ਰਹੇ।
ਇਸ ਦੌਰਾਨ ਇਹ ਗੱਲ ਨੋਟ ਕੀਤੀ ਗਈ ਕਿ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਟਿਕਟ ਦੇਣ ਦਾ ਵਿਰੋਧ ਕਰ ਚੁੱਕੇ ਕਾਂਗਰਸੀ ਆਗੂ ਸ਼ਾਹਕੋਟ ਵਿੱਚ ਹੋਈ ਕਾਂਗਰਸ ਰੈਲੀ ਤੋਂ ਲਾਂਭੇ ਰਹੇ। ਟਿਕਟ ਦੇ ਦਾਅਵੇਦਾਰ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ, ਕੈਪਟਨ ਹਰਮਿੰਦਰ ਸਿੰਘ, ਡਾ. ਨਵਜੋਤ ਦਾਹੀਆ ਅਤੇ ਰਾਜਨਬੀਰ ਸਿੰਘ ਅੱਜ ਦੀ ਇਸ ਰੈਲੀ ਵਿੱਚ ਨਹੀਂ ਆਏ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਉਹ ਕਾਂਗਰਸ ਉਮੀਦਵਾਰ ਲਾਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਨਹੀਂ ਕਰਨਗੇ। ਸ਼ਾਹਕੋਟ ਉੱਪ ਚੋਣ ਦੇ ਆਗਾਜ਼ ਮੌਕੇ ਏਥੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਕੀਤੀ ਰੈਲੀ ਦੌਰਾਨ ਕਈ ਚਰਚਾ ਵੀ ਚੱਲਦੀਆਂ ਰਹੀਆਂ, ਪਰ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਨੀਲਕੰਠ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਵਾਪਸੀ ਵੀ ਕਰ ਲਈ।