ਸ਼ਾਹਕੋਟ ਉੱਪ ਚੋਣ ਲਈ ਰੁੱਸਿਆਂ ਨੂੰ ਮਨਾਉਣ ਦਾ ਕੰਮ ਸ਼ੁਰੂ


* ਮਨਪ੍ਰੀਤ ਬਾਦਲ ਤੇ ਲਾਲ ਸਿੰਘ ਨੇ ਤਿੰਨ ਕਾਂਗਰਸੀ ਮਨਾ ਕੇ ਨਾਲ ਤੋਰੇ
ਜਲੰਧਰ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਹਲਕੇ ਵਿੱਚ ਰੁੱਸੇ ਹੋਏ ਕਾਂਗਰਸੀਆਂ ਨੂੰ ਮਨਾਉਣ ਦੀ ਕੋਸਿ਼ਸ਼ ਸ਼ੁਰੂ ਕਰ ਦਿੱਤੀ ਹੈ। ਸ਼ਾਹਕੋਟ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਵਿਰੁੱਧ ਮਾਈਨਿੰਗ ਦਾ ਕੇਸ ਦਰਜ ਹੋਣ ਨਾਲ ਕਾਂਗਰਸ ਲੜਖੜਾ ਗਈ ਸੀ। ਇਸ ਦੇ ਬਾਅਦ ਜਦੋਂ ਮਾਮਲਾ ਠੰਢਾ ਪੈਣ ਲੱਗਾ ਤਾਂ ਰੁੱਸਿਆਂ ਨੂੰ ਮਨਾਉਣ ਦੀ ਕੋਸਿ਼ਸ਼ ਤੇਜ਼ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਿਹੜੇ ਪੰਜ ਕਾਂਗਰਸੀ ਆਗੂ ਸ਼ਾਹਕੋਟ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ, ਉਨ੍ਹਾਂ ਵਿੱਚੋਂ ਤਿੰਨਾਂ ਨੂੰ ਕਾਂਗਰਸ ਨੇ ਆਪਣੇ ਨਾਲ ਤੋਰ ਲਿਆ ਹੈ। ਡਾ. ਨਵਜੋਤ ਸਿੰਘ ਦਾਹੀਆ, ਕੈਪਟਨ ਹਰਮਿੰਦਰ ਸਿੰਘ, ਪੂਰਨ ਸਿੰਘ ਥਿੰਦ, ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਤੇ ਰਾਜਨਬੀਰ ਸਿੰਘ ਇਨ੍ਹਾਂ ਰੁੱਸਿਆਂ ਵਿੱਚ ਸ਼ਾਮਲ ਸਨ। ਇਹ ਪੰਜੇ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿੱਚ ਵੀ ਨਹੀਂ ਗਏ ਸਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਰੁੱਸਿਆਂ ਨੂੰ ਮਨਾਉਣ ਦਾ ਜਿ਼ਮਾ ਲਿਆ ਹੈ। ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਡਾ. ਨਵਜੋਤ ਸਿੰਘ ਦਾਹੀਆ ਨੂੰ ਮਨਾ ਲਿਆ ਗਿਆ ਹੈ। ਡਾ. ਦਾਹੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਕਹਿਣ ਉੱਤੇ ਉਹ ਚੋਣ ਲੜ ਰਹੇ ਹਰਦੇਵ ਸਿੰਘ ਲਾਡੀ ਨਾਲ ਚੱਲ ਪਏ ਹਨ। ਉਨ੍ਹਾ ਨੇ ਕਿਹਾ ਕਿ ਸ਼ਾਹਕੋਟ ਹਲਕੇ ਤੋਂ ਉਹ ਵੀ ਟਿਕਟ ਦੇ ਦਾਅਵੇਦਾਰ ਸਨ ਤੇ ਟਿਕਟ ਦੀ ਦਾਅਵੇਦਾਰੀ ਕਰਨਾ ਹਰ ਆਗੂ ਦਾ ਹੱਕ ਹੁੰਦਾ ਹੈ। ਦੂਸਰੇ ਪਾਸੇ ਪੂਰਨ ਸਿੰਘ ਥਿੰਦਾ ਦਾ ਮਾਮਲਾ ਸੀ। ਇਸ ਹਲਕੇ ਵਿੱਚ ਕੰਬੋਜ ਬਿਰਾਦਰੀ ਦੀਆਂ ਵੋਟਾਂ ਸਭ ਤੋਂ ਵੱਧ ਹਨ। ਕੰਬੋਜ ਬਿਰਾਦਰੀ ਦਾ ਕੋਈ ਜ਼ਮੀਨੀ ਆਗੂ ਕਾਂਗਰਸ ਨਾਲ ਨਹੀਂ ਸੀ ਚੱਲ ਰਿਹਾ। ਪੂਰਨ ਸਿੰਘ ਥਿੰਦ ਅਤੇ ਕੈਪਟਨ ਹਰਮਿੰਦਰ ਸਿੰਘ ਨੂੰ ਮਨਾਉਣ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਪੂਰਨ ਸਿੰਘ ਥਿੰਦ ਨੇ ਆਪਣੀ ਨੂੰਹ ਨੂੰ ਨਗਰ ਪੰਚਾਇਤ ਦੀਆਂ ਚੋਣਾਂ ‘ਚ ਕਾਂਗਰਸ ਟਿਕਟ ਨਾ ਮਿਲਣ ਕਰਕੇ ਆਜ਼ਾਦ ਉਮੀਦਵਾਰ ਵਜੋਂ ਖੜਾ ਕੀਤਾ ਸੀ ਤੇ ਜਿੱਤ ਵੀ ਹਾਸਲ ਕਰ ਲਈ ਸੀ। ਹਰਦੇਵ ਸਿੰਘ ਲਾਡੀ ਨੇ ਪੂਰਨ ਸਿੰਘ ਥਿੰਦ ਦੀ ਨੂੰਹ ਨੂੰ ਟਿਕਟ ਦੇਣ ਦਾ ਪੂਰਾ ਵਿਰੋਧ ਕੀਤਾ ਸੀ। ਇਸੇ ਤਰ੍ਹਾਂ ਲਾਲ ਸਿੰਘ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਵੀ ਲਾਡੀ ਦੇ ਨਾਲ ਤੋਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਕੈਪਟਨ ਹਰਿਮੰਦਰ ਸਿੰਘ ਨੇ ਕਿਹਾ ਕਿ ਟਿਕਟ ਲਈ ਸਾਰੇ ਦਾਅਵੇਦਾਰੀ ਪੇਸ਼ ਕਰਦੇ ਹਨ, ਪਰ ਇਸ ਦੇ ਬਾਅਦ ਉਹ ਪਾਰਟੀ ਦੇ ਹੁਕਮਾਂ ਅਨੁਸਾਰ ਉਮੀਦਵਾਰ ਦਾ ਸਾਥ ਦੇ ਰਹੇ ਹਨ।