ਸ਼ਾਪਿੰਗ ਸੈਂਟਰ ਦੇ ਵਾਸ਼ਰੂਮ ਦੀ ਕੰਧ ਦੇ ਅੰਦਰ ਮਿਲੀ ਲਾਸ਼


ਕੈਲਗਰੀ, 30 ਅਪਰੈਲ (ਪੋਸਟ ਬਿਊਰੋ) : ਸ਼ਾਪਿੰਗ ਸੈਂਟਰ ਦੇ ਵਾਸ਼ਰੂਮ ਦੀ ਕੰਧ ਦੇ ਅੰਦਰ ਇੱਕ ਲਾਸ਼ ਮਿਲਣ ਤੋਂ ਬਾਅਦ ਕੈਲਗਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੋਮਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਕੈਲਗਰੀ ਪੁਲਿਸ ਸਰਵਿਸ ਨੇ ਆਖਿਆ ਕਿ ਭਾਵੇਂ ਲਾਸ਼ ਇੱਕ ਕੰਧ ਵਿੱਚੋਂ ਹੀ ਮਿਲੀ ਹੈ ਪਰ ਜਾਂਚਕਾਰ ਇਸ ਨੂੰ ਸ਼ੱਕੀ ਮੌਤ ਨਹੀਂ ਮੰਨ ਰਹੇ ਹਨ। ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਲਾਸ਼ ਇੱਕ ਨੌਜਵਾਨ ਦੀ ਹੈ ਪਰ ਅਜੇ ਤੱਕ ਮ੍ਰਿਤਕ ਦੀ ਪਛਾਣ ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਨੇ ਦੱਸਿਆ ਕਿ ਇੱਕ ਮੇਨਟੇਨੈਂਸ ਵਰਕਰ ਨੂੰ ਲਾਸ਼ ਸੋਮਵਾਰ ਨੂੰ ਸਵੇਰੇ 9:30 ਵਜੇ ਮਿਲੀ। ਲਾਸ਼ ਉਦੋਂ ਮਿਲੀ ਜਦੋਂ ਡਾਊਨਟਾਊਨ ਕੈਲਗਰੀ ਦੇ ਕੋਰ ਸ਼ਾਪਿੰਗ ਸੈਂਟਰ ਦੀ ਚੌਥੀ ਮੰਜਿ਼ਲ ਉੱਤੇ ਮਹਿਲਾਵਾਂ ਦੇ ਵਾਸ਼ਰੂਮ ਦੇ ਖਰਾਬ ਹੋਏ ਫਲਸਿ਼ੰਗ ਮੈਕੇਨਿਜ਼ਮ ਦੀ ਜਾਂਚ ਕਰਨ ਲਈ ਵਰਕਰ ਨੇ ਵਾਲ ਪੈਨਲ ਹਟਾਇਆ। ਕੈਲਗਰੀ ਪੁਲਿਸ ਦੀ ਤਰਜ਼ਮਾਨ ਐਮਾ ਪੂਲ ਨੇ ਦੱਸਿਆ ਕਿ ਜਦੋਂ ਤੁਸੀਂ ਟੁਆਇਲਟ ਵੱਲ ਵੇਖਦੇ ਹੋਂ ਤਾਂ ਉਸ ਦੇ ਪਿੱਛੇ ਪੈਨਲ ਹੈ ਤੇ ਜਦੋਂ ਲੋਕ ਇਸ ਨੂੰ ਹਿਲਾਉਂਦੇ ਹਨ ਤਾਂ ਆਟੋਮੈਟਿਕਲੀ ਫਲੱਸ਼ ਹੋ ਜਾਂਦਾ ਹੈ।
ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਲਾਸ਼ ਉੱਥੇ ਕਦੋਂ ਤੋਂ ਮੌਜੂਦ ਹੈ। ਕੈਲਗਰੀ ਪੁਲਿਸ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਅਜੇ ਵੀ ਇਹ ਜਾਂਚ ਚੱਲ ਰਹੀ ਹੈ ਕਿ ਵਿਅਕਤੀ ਮਾਰਿਆ ਕਿਵੇਂ ਗਿਆ ਤੇ ਕੰਧ ਦੇ ਅੰਦਰ ਕਿਸ ਤਰ੍ਹਾਂ ਚਿਣਿਆ ਗਿਆ। ਇੱਕ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਹ ਵਿਅਕਤੀ ਕਿਸੇ ਡਕਟ ਜਾਂ ਵੈਂਟ ਵਿੱਚੋਂ ਰੁੜ੍ਹ ਕੇ ਬਾਹਰ ਨਿਕਲਣ ਦੀ ਕੋਸਿ਼ਸ਼ ਕਰ ਰਿਹਾ ਹੋਵੇ ਤੇ ਡਿੱਗ ਕੇ ਟੁਆਇਲਟ ਦੇ ਪਿੱਛੇ ਅਟਕ ਗਿਆ ਹੋਵੇ।