ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਵਿੱਚ ‘ਨਿਸ਼ਾਨੇ-ਹੈਦਰ’ ਐਵਾਰਡ ਦੇਣ ਦੀ ਮੰਗ ਉੱਭਰੀ


ਲਾਹੌਰ, 18 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ ਸਰਬ-ਉੱਚ ਬਹਾਦਰੀ ਸਨਮਾਨ ‘ਨਿਸ਼ਾਨ-ਏ-ਹੈਦਰ’ ਦੇਣ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਹੈ ਕਿ ਲਾਹੌਰ ਦੇ ਸ਼ਾਦਮਾਨ ਚੌਕ ਵਿੱਚ ਉਨ੍ਹਾਂ ਦੀ ਮੂਰਤੀ ਲਾਈ ਜਾਣੀ ਚਾਹੀਦੀ ਹੈ, ਜਿਥੇ 86 ਸਾਲ ਪਹਿਲਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ।
ਇਸ ਤਰ੍ਹਾਂ ਦੀ ਮੰਗ ਚੁੱਕਣ ਵਾਲਾ ਇਹ ਸੰਗਠਨ ਅਦਾਲਤ ਵਿੱਚ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਬੇਗੁਨਾਹ ਸਾਬਿਤ ਕਰਨ ਦਾ ਇੱਕ ਕੇਸ ਵੀ ਲੜ ਰਿਹਾ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਨੂੰ ਬ੍ਰਿਟਿਸ਼ ਸਰਕਾਰ ਦੇ ਖਿਲਾਫ ਸਾਜ਼ਿਸ਼ ਅਤੇ ਬ੍ਰਿਟਿਸ਼ ਪੁਲਸ ਅਧਿਕਾਰੀ ਜਾਨ ਪੀ. ਸਾਂਡਰਸ ਦੇ ਕਤਲ ਦੇ ਦੋਸ਼ ਵਿੱਚ 23 ਮਾਰਚ 1931 ਨੂੰ ਲਾਹੌਰ ਵਿੱਚ ਫਾਂਸੀ ਦਿੱਤੀ ਗਈ ਸੀ। ਭਗਤ ਸਿੰਘ ਮੇਮੋਰੀਅਲ ਫਾਊਂਡੇਸ਼ਨ ਨੇ ਪਾਕਿਸਤਾਨ ਦੇ ਪੰਜਾਬ ਰਾਜ ਦੀ ਸਰਕਾਰ ਨੂੰ ਪਟੀਸ਼ਨ ਦੇ ਕੇ ਕਿਹਾ ਹੈ ਕਿ ਭਗਤ ਸਿੰਘ ਨੇ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ। ਫਾਊਂਡੇਸ਼ਨ ਨੇ ਇਸ ਪਟੀਸ਼ਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਦੇ ਮੋਢੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਇਹ ਕਹਿੰਦੇ ਹੋਏ ਸ਼ਰਧਾਂਜਲੀ ਦਿੱਤੀ ਸੀ ਕਿ ਇਸ ਉੱਪ ਮਹਾਂਦੀਪ ਵਿੱਚ ਕੋਈ ਉਨ੍ਹਾਂ ਵਰਗਾ ਬਹਾਦਰ ਨਹੀਂ ਹੋਇਆ। ਇਸ ਸੰਗਠਨ ਨੇ ਕਿਹਾ ਕਿ ਭਗਤ ਸਿੰਘ ਸਾਡੇ ਨਾਇਕ ਹਨ ਅਤੇ ਉਹ ਮੇਜਰ ਅਜ਼ੀਜ਼ ਭੱਟੀ ਵਾਂਗ ਹੀ ਸਰਬ-ਉੱਚ ਬਹਾਦਰੀ ਮੈਡਲ ਹਾਸਲ ਕਰਨ ਦੇ ਹੱਕਦਾਰ ਹਨ, ਜਿਨ੍ਹਾਂ ਨੇ ਭਗਤ ਸਿੰਘ ਦੀ ਬਹਾਦਰੀ ਉੱਤੇ ਲਿਖਿਆ ਸੀ ਤੇ ਉਨ੍ਹਾਂ ਨੂੰ ਸਾਡਾ ਨਾਇਕ ਅਤੇ ਆਦਰਸ਼ ਐਲਾਨ ਕੀਤਾ ਸੀ। ਫਾਊਂਡੇਸ਼ਨ ਨੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।
ਵਰਨਣ ਯੋਗ ਹੈ ਕਿ ਦਹਿਸ਼ਤਗਰਦ ਹਾਫਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਵਾ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਭਗਤ ਸਿੰਘ ਚੌਕ ਕਰਨ ਦੇ ਖਿਲਾਫ ਹੈ ਅਤੇ ਇਸ ਮੁੱਦੇ ਉੱਤੇ ਉਸ ਨੇ ਸਿਵਲ ਸੁਸਾਇਟੀ ਦੇ ਲੋਕਾਂ ਨੂੰ ਧਮਕੀ ਵੀ ਦਿੱਤੀ ਹੋਈ ਹੈ। ਅੱਜ ਦੀ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਸ਼ਾਦਮਾਨ ਚੌਕ ਉੱਤੇ ਭਗਤ ਸਿੰਘ ਦੀ ਮੂਰਤੀ ਲਾਉਣੀ ਚਾਹੀਦੀ ਹੈ, ਜਿਸ ਨਾਲ ਪਾਕਿਸਤਾਨ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਆਜ਼ਾਦੀ ਘੁਲਾਟੀਏ ਦੇ ਰੂਪ ਵਿੱਚ ਪ੍ਰੇਰਨਾ ਮਿਲ ਸਕੇ। ਫਾਊਂਡੇਸ਼ਨ ਦੇ ਪ੍ਰਧਾਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਕਿਹਾ ਕਿ ਉਹ ਇਸ ਮੰਗ ਨੂੰ ਮੰਨਣ ਲਈ ਸਰਕਾਰ ਉੱਤੇ ਦਬਾਅ ਬਣਾਉਂਦੇ ਰਹਿਣਦੇ। ਕੁਰੈਸ਼ੀ ਲਾਹੌਰ ਹਾਈਕੋਰਟ ਵਿੱਚ ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਨਾਲ ਸਬੰਧਿਤ ਮਾਮਲੇ ਨੂੰ ਦੁਬਾਰਾ ਖੋਲ੍ਹਣ ਦੀ ਵੀ ਲੜਾਈ ਲੜ ਰਹੇ ਹਨ, ਜਿਸ ਨਾਲ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਨਿਰਦੋਸ਼ ਸਾਬਿਤ ਕੀਤਾ ਜਾ ਸਕੇ। ਇਹ ਮਾਮਲਾ ਅਜੇ ਅਦਾਲਤ ਵਿੱਚ ਲਟਕਿਆ ਹੋਇਆ ਹੈ।