ਸ਼ਰਮਿੰਦਗੀ ਤੋਂ ਕੋਰੇ ਲੋਕ

-ਡਾ ਗੁਰਬਖ਼ਸ਼ ਸਿੰਘ ਭੰਡਾਲ

ਆਪਣੇ ਆਪ ਨੂੰ ਮੁਖਾਤਬ ਹੋਣ ਵਾਲੇ ਲੋਕ ਹੀ ਆਪਣੇ ਕੀਤੇ `ਤੇ ਸ਼ਰਮਿੰਦਾ ਹੋ ਸਕਦੇ ਨੇ। ਬਹੁਤੇ ਲੋਕ ਤਾਂ ਆਪਣੇ ਆਪ ਤੋਂ ਤ੍ਰਿੰਹਦੇ, ਆਪਣੀ ਆਤਮਾ ਨੂੰ ਕਦੇ ਮਿਲਦੇ ਹੀ ਨਹੀਂ। ਆਪਣੇ ਕੀਤੇ ਕਾਰਜਾਂ ਨੂੰ ਪਰਖਦੇ ਹੀ ਨਹੀਂ। ਫਿਰ ਭਲਾ! ੳਾਪਣੇ-ਆਪ `ਤੇ ਸ਼ਰਮਿੰਦਾ ਕਿੰਝ ਹੋ ਸਕਦੇ ਨੇ?

ਜਦ ਕੁਝ ਅਜੇਹਾ ਅਣਚਾਹਿਆ, ਅਣਕਿਆਸਿਆ ਜਾਂ ਜਾਣਬੁੱਝ ਕੇ ਵਾਪਰੇ ਜਿਹੜਾ ਨਮੋਸ਼ੀ ਦਾ ਸਬੱਬ ਬਣੇ, ਸਮਾਜ ਵਿਚ ਕੁੜੱਤਣ ਪੈਦਾ ਹੋਵੇ, ਰਿਸ਼ਤਿਆਂ `ਚ ਤਰੇੜ ਪੈਂਦਾ ਹੋਵੇ ਜਾਂ ਆਪਣੇ ਆਪ ਤੋਂ ਵੀ ਕੋਫ਼ਤ ਹੋਣ ਲੱਗ ਪਵੇ ਤਾਂ ਸੰਂਵੇਦਨਸ਼ੀਲ ਮਨ `ਤੇ ਸ਼ਰਮਿੰਦਗੀ ਦਾ ਅਹਿਸਾਸ ਭਾਰੂ ਹੋ ਜਾਂਦਾ ਏ। ਇਹ ਅਹਿਸਾਸ ਹੀ ਆਉਣ ਵਾਲੇ ਸਮੇਂ ਵਿਚ ਸਾਡੀ ਕਾਰਜਸ਼ੈਲੀ ਅਤੇ ਕਰਮ-ਸਾਧਨਾ ਨੂੰ ਨਿਰਧਾਰਤ ਕਰਦਾ ਹੈ।

ਸਮਾਜ ਵਿਚ ਬਹੁਤ ਕੁਝ ਅਜੇਹਾ ਵਪਰਦਾ ਹੈ ਜੋ ਮਨੁੱਖ ਅਤੇ ਮਨੁੱਖਤਾ ਨੂੰ ਸ਼ਰਮਸ਼ਾਰ ਕਰਦਾ ਹੈ। ਪਰ ਜਿਹੜੇ ਵਿਅਕਤੀ ਅਜੇਹੇ ਕਾਰਜਾਂ ਦਾ ਸਬੱਬ ਹੁੰਦੇ ਨੇ ਉਹ ਤਾਂ ਪੱਥਰ ਦਿਲ ਹੁੰਦੇ ਨੇ। ਉਹਨਾਂ ਨੂੰ ਕਿਸੇ ਦੀਆਂ ਭਾਵਨਾਵਾਂ ਦੀ ਕੀ ਕਦਰ ਹੋ ਸਕਦੀ ਹੈ?

ਜਿਹਨਾਂ ਲੋਕਾਂ ਦੀ ਆਤਮਾ ਮਰ ਗਈ ਹੋਵੇ, ਮਾਰ ਦਿਤੀ ਗਈ ਹੋਵੇ ਜਾਂ ਖਰੀਦ ਲਈ ਜਾਵੇ ਫਿਰ ਉਹਨਾਂ ਤੋਂ ਆਤਮਿਕ ਗਿਲਾਨੀ ਆਸ ਰੱਖਣਾ ਅਕਾਰਥ ਹੈ।

ਸੰਵੇਦਨਾ ਤੋਂ ਮਰਹੂਮ ਹੋ ਚੁੱਕੇ ਲੋਕ ਆਪਣੀ ਅਰਥੀ ਦਾ ਖੁੱਦ ਮੋਢਾ ਹੁੰਦੇ ਨੇ ਜਿਹਨਾਂ ਲਈ ਅੱਥਰੂਆਂ ਦੀ ਕੋਈ ਔਕਾਤ ਨਹੀਂ ਹੁੰਦੀ ਅਤੇ ਖਾਰੇ ਪਾਣੀ ਦੇ ਕੋਈ ਅਰਥ ਨਹੀਂ ਹੁੰਦੇ।

ਬਹੁਤ ਘੱਟ ਲੋਕ ਹੀ ਆਪਣੇ ਆਪੇ ਤੋਂ ਬੀਤੇ ਦੀ ਗਾਥਾ ਸੁਣਦੇ, ਉਸਦਾ ਵਿਸ਼ੇਸ਼ਣ ਕਰਦੇ ਅਤੇ ਫਿਰ ਉਸਦੇ ਨਕਾਤਮਿਕ ਪਹਿਲੂਆਂ ਕਾਰਨ ਆਪਣੇ ਆਪ ਨੂੰ ਕੋਸਦੇ, ਇਸ ਤੋਂ ਤੋਬਾ ਕਰਦੇ ਅਤੇ ਭਲੇ ਵਿਚਾਰਾਂ ਨੂੰ ਆਪਣੀ ਮਨ ਮਮਟੀ ਵਿਚ ਮਾਣ ਦਿੰਦੇ ।

ਇਕ ਮਾਸੂਮ ਜਿਹਾ ਬੱਚਾ ਆਪਣੀ ਗਲਤੀ `ਤੇ ਪਛਤਾਅ ਸਕਦਾ ਹੈ, ਮੁਆਫ਼ੀ ਮੰਗ ਸਕਦਾ ਹੈ, ਕੰਨ ਫੜ ਸਕਦਾ ਏ ਕਿਉਂਕਿ ਉਸਦਾ ਮਨ ਨਿਰਛੱਲ ਅਤੇ ਨਿਰਮਲ ਹੁੰਦਾ ਏ। ਅਸੀਂ ਜਿਉਂ ਜਿਉਂ ਵੱਡੇ ਹੁੰਦੇ ਜਾਂਦੇ ਹਾਂ, ਮਾਨਸਿਕ ਅਤੇ ਕਾਰਜ ਪੱਧਰ `ਤੇ ਪਲੀਤ ਹੋਈ ਜਾਂਦੇ ਹਾਂ। ਸਾਡੀਆਂ ਸੰਵੇਦਨਾਵਾਂ ਨਿੱਜੀ ਲੋਭ ਅਤੇ ਥੋੜ-ਚਿਰੇ ਸੁਆਰਥਾਂ ਦੀ ਬਲੀ ਚੜ ਜਾਂਦੀਆਂ ਨੇ ਅਤੇ ਅਸੀਂ ਆਪਣੀ ਆਤਮਾ ਦੇ ਟੋਟੇ ਕਰਕੇ ਉਸਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੇ ਹਾਂ।

ਕੁਝ ਕੁਤਾਹੀਆਂ ਅਣਜਾਣੇ `ਚ ਹੋ ਜਾਂਦੀਆਂ ਨੇ,  ਕੁਝ ਅਸੀਂ ਜਾਣ ਬੁੱਝ ਕੇ ਕਰਦੇ ਹਾਂ, ਕੁਝ ਗਲਤੀਆਂ ਸਾਥੋਂ ਕਰਵਾਈਆਂ ਜਾਦੀਆਂ ਨੇ ਜਦ ਕਿ ਕੁਝ ਗਲਤ ਅਸੀਂ ਹਾਲਾਤ ਦੀ ਮਜਬੂਰੀ ਦੀ ਦੁਹਾਈ ਪਾ ਕੇ ਕਰਦੇ ਹਾਂ। ਇਹ ਗਲਤੀਆਂ ਹੀ ਸਾਡੇ ਪਾਪਾਂ ਦੀ ਪੰਡ ਭਾਰੀ ਕਰਦੀਆਂ, ਮਨੁੱਖ ਨੂੰ ਕੁੱਬਾ ਕਰਦੀਆਂ ਅਤੇ ਆਖਰ ਨੂੰ ਮਨੁੱਖ ਆਪਣੇ ਗੁਨਾਹਾਂ ਦੇ ਬੋਝ ਹੇਠ ਆਖਰੀ ਕਲਮਾ ਵੀ ਪੜ ਜਾਂਦਾ।

ਸ਼ਰਮਿੰਦਗੀ ਦਾ ਸਬੱਬ ਤੁਹਾਡੇ ਬੋਲ ਜਾਂ ਤੁਹਾਡੀ ਲਿਖਤ ਹੋ ਸਕਦੀ ਏ, ਤੁਹਾਡਾ ਕਾਰਜ ਹੋ ਸਕਦਾ ਏ ਜਾਂ ਸੋਚ ਵਿਚ ਆਈ ਨੈਤਿਕ/ਸਮਾਜਿਕ/ਧਾਰਮਿਕ ਗਿਰਾਵਟ ਵੀ ਹੋ ਸਕਦੀ ਏ। ਅੱਜ ਕੱਲ ਤਾਂ ਧਾਰਮਿਕ/ਰਾਜਨੀਤਕ/ਸਮਾਜਿਕ ਲੀਡਰ, ਟੀਚਰ, ਪਿਉ, ਭਰਾ, ਭੈਣ ਆਦਿ ਵੀ ਕਦੇ ਕਦੇ ਅਜੇਹਾ ਕਰ ਜਾਂਦੇ ਨੇ ਕਿ ਸਮੁੱਚੀ ਲੋਕਾਈ ਹੀ ਸ਼ਰਮਸ਼ਾਰ ਹੋ ਜਾਂਦੀ ਏ ਪਰ ਉਹ ਕਦੇ ਵੀ ਸ਼ਰਮਸ਼ਾਰ ਨਹੀਂ ਹੁੰਦੇ। ਇਹ ਢੀਠਪੁਣਾ ਹੀ ਹੈ ਕਿ ਅਸੀਂ ਨੈਤਿਕ ਤੌਰ `ਤੇ ਬਹੁਤ ਹੇਠਾਂ ਗਿਰ ਚੁੱਕੇ ਹਾਂ। ਸਾਡੀਆਂ ਕਦਰਾਂ ਕੀਮਤਾਂ ਰਸਾਤਲ ਵੰਨੀਂ ਜਾ ਰਹੀਆਂ ਨੇ। ਸਾਡੇ ਕਿਰਦਾਰ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਦਸਤਾਰ, ਜਿਹੜੀ ਕਦੇ ਹਰ ਧੀ/ਭੈਣ ਦੀ ਆਬਰੂ ਦੀ ਰੱਖਵਾਲੀ ਹੁੰਦੀ ਸੀ, ਹੁਣ ਇਸਨੂੰ ਸ਼ਰੇ-ਬਜਾਰ ਚੌਰਾਹੇ ਵਿਚ ਉਛਾਲਿਆ ਜਾ ਰਿਹਾਂ ਹੈ। ਇਹ ਕੁਝ ਕੁ ਅਕ੍ਰਿਘਣ ਲੋਕਾਂ ਦਾ ਕਿਰਦਾਰ ਹੀ ਹੈ ਜਿਸਨੇ ਦਸਤਾਰ ਨੂੰ ਲਬੇੜ ਦਿਤਾ ਅਤੇ ਦਸਤਾਰ ਨੂੰ ਵੀ ਹੁਣ ਸ਼ਰਮਿੰਦਗੀ ਦੀ ਜੂ੍ਹਹ ਵਿਚ ਜਾਣਾ ਪਿਆ ਏ।

ਸ਼ਰਮਿੰਦਗੀ ਪੈਦਾ ਕਰਨ ਵਾਲੇ ਲੋਕ ਹਰ ਸੁਸਾਇਟੀ , ਹਰ ਕਿੱਤੇ, ਹਰ ਮੁਲਕ, ਹਰ ਧਰਮ, ਹਰ ਵਰਗ, ਹਰ ਉਮਰ ਅਤੇ ਹਰ ਰੂਪ ਵਿਚ ਸਮਾਜ `ਚ ਦ੍ਰਿਸ਼ਟੀਮਾਣ। ਮਖੌਟਿਆਂ ਦੇ ਰੂਪ ਵਿਚ ਵਿਚਰਦੇ ਇਹਨਾਂ ਲੋਕਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਦ ਇਹ ਭੇਸਧਾਰੀ, ਸਮਾਜ ਨੂੰ ਕਲੰਕਤ ਕਰ ਜਾਂਦੇ ਅਤੇ ਫਿਰ ਚਿੱਟਾ ਲਿਬਾਸ ਪਹਿਨ ਕੇ ਦੁੱਧ ਧੋਤਾ ਹੋਣ ਦਾ ਸੰਵਾਂਗ ਰਚਾਉਂਦੇ। ਭੋਲੀ ਭਾਲੀ ਲੋਕਾਈ ਇਹਨਾਂ ਦੀਆਂ ਮੋਮੋਠੱਗਣੀਆਂ `ਚ ਆ ਕੇ ਭਰਮ ਜਾਲ ਵਿਚ ਫੱਸਦੀ ਹੀ ਚਲੇ ਜਾਂਦੀ।

ਪਰ ਕਈ ਵਾਰ ਇਹ ਸ਼ਰਮਿੰਦਗੀ ਦਾ ਦਾਗ ਥੋਥਾ ਵੀ ਹੂੰਦਾ ਜੋ ਕਈ ਵਾਰ ਮਾਸੂਮ ਜਾਨਾਂ ਦੀ ਬਲੀ ਵੀ ਲੈ ਜਾਂਦਾ। ਅਣਖ ਖਾਤਰ ਕਤਲ ਸ਼ਰਮਿੰਦਗੀ ਦੀ ਕਰੂਪਤਾ ਹੀ ਹੈ। ਪਰ ਕਈ ਵਾਰ ਵਿਅਕਤੀ ਖੁਦਕੁਸ਼ੀ ਦੇ ਰਾਹੇ ਪੈ ਸ਼ਰਮਿੰਦਗੀ ਨੂੰ ਧੋਣ ਦਾ ਰਾਹ ਅਖਤਿਆਰ ਕਰ ਲੈਂਦਾ ਜੋ ਸਰਾਸਰ ਗਲਤ ਹੈ।

ਸ਼ਰਮਿੰਦਗੀ ਸਾਡੀ ਮਾਨਸਕ ਅਵਸਥਾ। ਸਾਡੀ ਸੋਚ-ਧਰਾਤਲ। ਸਾਡੀਆਂ ਸੂਖਮ ਭਾਵਨਾਵਾਂ ਨੂੰ ਲੱਗੀ ਠੇਸ। ਸਾਡੇ ਅਕੀਦਿਆਂ ਦੇ ਵਿਰੁੱਧ ਕਿਸੇ ਕਾਰਜ ਦਾ ਵਾਪਰਨਾ ਜਾਂ ਕਿਸੇ ਅਣਕਿਆਸੇ ਰਾਹ ਦੀ ਨਿਸ਼ਾਨਦੇਹੀ। ਯਾਦ ਰੱਖੋ ਕਿ ਨੌਜਵਾਨਾਂ ਦੇ ਰਾਹ, ਕਾਰਜਸ਼ੈਲੀ, ਸੁਪਨੇ, ਸੰਭਾਵਨਾਵਾਂ ਅਤੇ ਸਫ਼ਲਤਾ ਦੇ ਅਰਥ ਵੱਖਰੇ ਨੇ ਅਤੇ ਉਹਨਾਂ ਨੂੰ ਆਪਣੇ ਰਾਹ `ਤੇ ਤੁਰਨ ਦਿਓ। ਬਜੁਰਗੀ ਮਾਨਸਿਕ ਅਵਸਥਾ ਜਾਂ ਪੁਰਾਤਨ ਸੋਚ ਦੇ ਸੀਮਤ ਦਾਇਰੇ ਵਿਚ ਰਹਿ ਕੇ, ਬੱਚੇ ਵੱਡੀਆਂ ਪੁਲਾਂਗਾਂ ਨਹੀਂ ਪੁੱਟ ਸਕਦੇ। ਉਹਨਾਂ ਨੂੰ ਵਿਸ਼ਾਲਣ ਅਤੇ ਵਿਸਥਾਰਨ ਦਿਓ। ਬੱਚਿਆਂ ਵਲੋਂ ਨਵੀਨਤਮ ਸੋਚ ਨਾਲ ਪੁੱਟੇ ਕਦਮ ਨੂੰ ਨਮੋਸ਼ੀ ਨਾ ਆਖੋ। ਉਹਨਾਂ ਨੂੰ ਸਲਾਹ ਦਿਓ ਅਤੇ ਨਵੇਂ ਰਾਹ ਦੇ ਪਾਂਧੀ ਬਣਨ ਦਿਓ।

ਲੋੜ ਹੈ ਕਿ ਆਪਣੇ ਕੀਤੇ `ਤੇ ਪਛਤਾਵਾ ਕਰਨ,  ਅੰਦਰੋ ਅੰਦਰ ਧੁੱਖ ਕੇ ਸਿਵਾ ਬਣਨ ਤੇ ਆਪਣੀ ਰਾਖ਼ ਨੂੰ ਆਪਣੇ ਹੀ ਪੈਰਾਂ ਵਿਚ ਵਿਛਾਉਣ ਦੀ ਬਜਾਏ ਕੀਤੇ ਦੇ ਕਾਰਨਾਂ ਤੇ ਇਸਦੇ ਦੁਰਪ੍ਰਭਾਵਾਂ ਦੀ ਪੁੱਛਛਾਣ ਕਰੋ। ਇਕ ਸੁਚਾਰੂ ਤੇ ਉਸਾਰੂ ਸੋਚ ਪੈਦਾ ਕਰਕੇ ਨਵੇਂ ਮਾਰਗ ਸਦੇ ਪਾਂਧੀ ਬਣੋ। ਸ਼ਰਾਬੀ, ਐਬੀ, ਅਮਲੀ ਅਤੇ ਵਿਗੜੇ ਲੋਕ ਜੋ ਕਦੇ ਸਮਾਜ ਜਾਂ ਪਰਿਵਾਰ ਲਈ ਨਮੋਸ਼ੀ ਹੁੰਦੇ ਨੇ ਜਦ ਉਹ ਆਪਣੇ ਜੀਵਨ ਮਾਰਗ ਨੂੰ ਕਿਸੇ ਸਮਾਜਸੇਵੀ ਟੀਚੇ ਵੱਲ ਸੇਧਤ ਕਰਦੇ ਨੇ ਤਾਂ ਉਹ ਦੂਜਿਆਂ ਲਈ ਰੋਲ ਮਾਡਲ ਬਣ ਜਾਂਦੇ ਨੇ।

ਇਕ ਰਾਹ ਕੁਤਾਹੀਆਂ ਤੋਂ ਕਬਰਾਂ ਵੱਲ ਜਾਂਦਾ ਹੈ। ਪਰ ਇਕ ਰਾਹ ਕਾਰਜਸ਼ਾਲਾ ਨੂੰ ਵੀ ਜਾਂਦਾ ਹੈ ਜੋ ਜੀਵਨ ਦਾ ਸੁੱਚਮ ਉਪਜਾਊਂਦੀ, ਚੰਗਿਆਈ ਵੰਡਦੀ, ਮਨੁੱਖਤਾ ਤੇ ਮਾਨਵਤਾ ਦੀਆਂ ਖੈਰਾਂ ਮੰਗਦੀ, ਇਸਦੀ ਚਿਰੰਜੀਵਤਾ ਦੀ ਅਰਦਾਸ ਬਣਦੀ ਹੈ। ਹੁਣ ਦੇਖਣਾ ਹੈ ਕਿ ਤੂਸੀਂ ਕਿਸ ਰਾਹ ਦੇ ਅਭਿਲਾਸ਼ੀ ਅਤੇ ਮਾਣਮੱਤੇ ਹਮਸਫ਼ਰ ਬਣਨਾ ਹੈ। ਇਹ ਸਾਡੇ ਮਾਨਸਿਕ ਪੱਧਰ ਅਤੇ ਵਿਅਕਤੀਤੱਵ ਦੇ ਸੁੱਚੇ ਪਾਸਾਰਾਂ `ਤੇ ਨਿਰਭਰ ਕਰਦਾ ਹੈ।

ਆਮੀਨ…………