ਸ਼ਰਨਾਰਥੀ ਵਜੋਂ ਆਏ ਨੌਜਵਾਨ ਨੇ ਛੇ ਸਾਥੀਆਂ ਦਾ ਕਤਲ ਕਰ ਦਿੱਤਾ

kenya school
ਨੈਰੋਬੀ, 16 ਅਕਤੂਬਰ (ਪੋਸਟ ਬਿਊਰੋ)- ਉੱਤਰੀ ਕੀਨੀਆ ਦੇ ਟੁਰਕਾਨਾ ਖੇਤਰ ਦੇ ਇਕ ਸਾਬਕਾ ਸ਼ਰਨਾਰਥੀ ਵਿਦਿਆਰਥੀ ਨੇ ਸਕੂਲ ਉੱਤੇ ਹਮਲਾ ਕਰ ਕੇ ਆਪਣੇ ਛੇ ਸਾਥੀਆਂ ਅਤੇ ਇਕ ਸਕੂਲ ਗਾਰਡ ਦੀ ਹੱਤਿਆ ਕਰ ਦਿੱਤੀ। ਹਮਲੇ ਵਿਚ ਛੇ ਹੋਰ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ। ਇਸ ਘਟਨਾ ਮਗਰੋਂ ਗੁੱਸੇ ਵਿੱਚ ਆਈ ਹੋਈ ਭੀੜ ਨੇ ਹਮਲਾਵਰ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਸੁਰੱਖਿਆ ਅਧਿਕਾਰੀਆਂ ਦੇ ਦੱਸਣ ਅਨੁਸਾਰ ਯੁੱਧ ਤੋਂ ਪ੍ਰਭਾਵਤ ਦੱਖਣੀ ਸੂਡਾਨ ਦੀ ਸਰਹੱਦ ਨਾਲ ਦੇ ਲੋਕੀਚੋਗਿਓ ਸ਼ਹਿਰ ਦੇ ਇਕ ਸਕੂਲ ਉੱਤੇ ਸ਼ਨਿਚਰਵਾਰ ਨੂੰ 17 ਸਾਲਾ ਵਿਦਿਆਰਥੀ ਨੇ ਹਮਲਾ ਕਰ ਦਿੱਤਾ ਸੀ। ਉਹ ਦੱਖਣੀ ਸੂਡਾਨ ਦੇ ਉਨ੍ਹਾਂ ਹਜ਼ਾਰਾਂ ਸ਼ਰਨਾਰਥੀਆਂ ਵਿਚ ਸ਼ਾਮਲ ਸੀ, ਜੋ ਕੀਨੀਆ ਵਿਚ ਰਹਿ ਰਹੇ ਹਨ। ਇਸ ਵਿਦਿਆਰਥੀ ਨੂੰ ਇਕ ਵਾਰ ਏ ਕੇ-47 ਰਾਈਫਲ ਨਾਲ ਫੜਿਆ ਗਿਆ। ਰਾਜ ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸਕੂਲ ਉੱਤੇ ਡਾਕੂਆਂ ਨੇ ਨਹੀਂ, ਸਗੋਂ ਇਕ ਸਾਬਕਾ ਵਿਦਿਆਰਥੀ ਨੇ ਹਮਲਾ ਕੀਤਾ ਸੀ। ਉਸ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਵਿਚ ਸਕੂਲ ਤੋਂ ਕੱਢ ਦਿੱਤਾ ਗਿਆ ਸੀ।
ਦੱਖਣੀ ਸੂਡਾਨ ਵਿਚ ਦਸੰਬਰ 2013 ਵਿਚ ਗ੍ਰਹਿ ਯੁੱਧ ਭੜਕਣ ਪਿੱਛੋਂ ਲਗਪਗ 20 ਲੱਖ ਲੋਕਾਂ ਨੇ ਹਿਜਰਤ ਕੀਤੀ ਹੈ। ਇਨ੍ਹਾਂ ਵਿਚੋਂ ਲਗਪਗ 75 ਹਜ਼ਾਰ ਲੋਕਾਂ ਨੇ ਕੀਨੀਆ ਵਿਚ ਸ਼ਰਨ ਲੈ ਰੱਖੀ ਹੈ।