ਸਹੂਲਤਾਂ ਮਿਲਣ ਦੇ ਬਾਵਜੂਦ ਬੱਚੇ ਸਕੂਲ ਜਾਣ ਨੂੰ ਤਿਆਰ ਨਹੀਂ

school in up
ਲਖਨਊ, 12 ਅਕਤੂਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿੱਚ ਪਿਛਲੇ ਕਈ ਸਾਲਾਂ ਤੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਾਮ ਦਰਜ ਹੋਣ ਵਿੱਚ ਗਿਰਾਵਟ ਨਾਲ ਸਕੂਲ ਚੱਲੋ ਮੁਹਿੰਮ ਨੂੰ ਝਟਕਾ ਲੱਗਾ ਹੈ।
ਸਰਕਾਰੀ ਸੂਤਰਾਂ ਨੇ ਕੱਲ੍ਹ ਇਥੇ ਦੱਸਿਆ ਕਿ ਇਕ ਜੁਲਾਈ ਤੋਂ 31 ਅਗਸਤ ਤੱਕ ਚਲਾਈ ਸਕੂਲ ਚੱਲੋ ਮਹਿੰਮ ਦੇ ਤਹਿਤ ਉੱਤਰ ਪ੍ਰਦੇਸ਼ ਦੇ ਬੇਸਿਕ ਕੌਂਸਲ ਦੇ 1,58,873 ਸਕੂਲਾਂ ਵਿੱਚ 1,53,85,541 ਬੱਚਿਆਂ ਨੇ ਦਾਖਲਾ ਲਿਆ ਹੈ। ਸਾਲ 2013-14 ਦੌਰਾਨ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਕੌਂਸਲ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਦੀ ਗਿਣਤੀ 1,70,26,990 ਸੀ। ਦਾਖਲਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆਈ ਹੈ। ਸਾਲ 2016-17 ਵਿੱਚ ਇਹ ਗਿਣਤੀ 1,52,31,258 ਤੱਕ ਡਿੱਗ ਪਈ, ਪਰ ਚਾਲੂ ਸਾਲ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਲਖਨਊ ਗੋਰਖਪੁਰ ਅਤੇ ਹਾਪੁੜ ਵਿੱਚ ‘ਸਕੂਲ ਚੱਲੋ ਮੁਹਿੰਮ’ ਦੀ ਸ਼ੁਰੂਆਤ ਕੀਤੀ। ਅੰਕੜਿਆਂ ਦੇ ਅਨੁਸਾਰ ਸਾਲ 2014-15 ਵਿੱਚ 1,67,48,689 ਬੱਚਿਆਂ ਨੇ ਅਤੇ ਸਾਲ 2015-16 ਵਿੱਚ 1,62,75,768 ਬੱਚਿਆਂ ਨੇ ਸਕੂਲਾਂ ਵਿੱਚ ਦਾਖਲਾ ਲਿਆ। ਮੁੱਖ ਮੰਤਰੀ ਨੇ ਇਹ ਮੁਹਿੰਮ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਰਾਜ ਸਰਕਾਰ ‘ਸਕੂਲ ਚੱਲੋ’ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਣ ਦੀ ਹਰ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਸਰਕਾਰ ਰਾਜਕੀ, ਸਹਾਇਤਾ ਪ੍ਰਾਪਤ ਇੰਟਰ ਕਾਲਜ, ਸਹਾਇਤਾ ਪ੍ਰਾਪਤ ਜੂਨੀਅਰ ਹਾਈ ਸਕੂਲ ਅਤੇ ਕੌਂਸਲ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਕਲਾਸ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਹਾਸਲ ਕਰਵਾ ਰਹੀ ਹੈ। ਸਾਰੇ ਬੱਚਿਆਂ ਨੂੰ ਪ੍ਰਤੀ ਸਾਲ ਯੂਨੀਫਾਰਮ ਵੀ ਦੋ ਸੈਟ ਵਿੱਚ ਦਿੱਤੀ ਜਾਂਦੀ ਹੈ। ਇਸ ਨਾਲ ਉੱਤਰ ਪ੍ਰਦੇਸ਼ ਦੇ 1.52 ਕਰੋੜ ਬੱਚੇ ਲਾਭਪਾਤਰੀ ਹੋਣਗੇ। ਇਸ ਰਾਜ ਦੇ ਕੌਂਸਲ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫਤ ਬੈਗ ਤੇ ਜੁੱਤੇ, ਜੁਰਾਬਾਂ ਦਿੱਤੇ ਜਾ ਰਹੇ ਹਨ।