ਸਹੁਰੇ ਦਾ ਕਤਲ ਕਰਨ ਵਾਲੇ ਜਵਾਈ ਨੂੰ ਉਮਰ ਕੈਦ ਦੀ ਸਜ਼ਾ

life imprisonment
ਸੰਗਰੂਰ, 4 ਮਾਰਚ (ਪੋਸਟ ਬਿਊਰੋ)- ਵਧੀਕ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੇ ਸਹੁਰੇ ਦਾ ਕਤਲ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਥਾਣਾ ਸਿਟੀ ਮਾਲੇਰ ਕੋਟਲਾ ਵਿਖੇ ਤਿੰਨ ਮਾਰਚ 2015 ਨੂੰ ਇੱਕ ਔਰਤ ਸ਼ਹਿਨਾਜ਼ ਉਰਫ ਲੁਬਨਾ ਪਤਨੀ ਮੁਹੰਮਦ ਸ਼ਬੀਰ ਵਾਸੀ ਮਾਲੇਰ ਕੋਟਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਤਿੰਨ ਸਾਲ ਪਹਿਲਾਂ ਉਸ ਦਾ ਵਿਆਹ ਮੁਹੰਮਦ ਸ਼ਬੀਰ ਵਾਸੀ ਮਾਲੇਰ ਕੋਟਲਾ ਨਾਲ ਹੋਇਆ ਸੀ। ਸ਼ਹਿਨਾਜ਼ ਦੇ ਕੋਈ ਭੈਣ ਭਰਾ ਨਾ ਹੋਣ ਕਾਰਨ ਮੁਹੰਮਦ ਸ਼ਬੀਰ ਘਰ ਜਵਾਈ ਰਹਿੰਦਾ ਸੀ। ਦੋਵੇਂ ਪਤੀ-ਪਤਨੀ ਮਾਲੇਰ ਕੋਟਲਾ ਵਿਖੇ ਇੱਕ ਫੈਕਟਰੀ ਵਿੱਚ ਨੌਕਰੀ ਕਰਦੇ ਸਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਦੋ ਸਾਲ ਤੋਂ ਉਸ ਦਾ ਪਤੀ ਉਸ ਨਾਲ ਲੜਦਾ ਰਹਿੰਦਾ ਤੇ ਕੁੱਟਮਾਰ ਵੀ ਕਰਦਾ ਸੀ। ਧੱਕੇ ਨਾਲ ਉਸ ਦੀ ਤਨਖਾਹ ਵੀ ਲੈ ਲੈਂਦਾ ਸੀ। ਦੋ ਮਹੀਨਿਆਂ ਤੋਂ ਉਹ ਆਪਣਾ ਸਹੁਰਾ ਘਰ ਛੱਡ ਕੇ ਆਪਣੀ ਮਾਂ ਕੋਲ ਰਹਿਣ ਲੱਗ ਪਿਆ। ਤਿੰਨ ਮਾਰਚ ਨੂੰ ਸ਼ਿਕਾਇਤ ਕਰਤਾ ਔਰਤ ਨੂੰ ਉਸ ਦਾ ਪਿਤਾ ਅਬਦੁਲ ਸਤਾਰ ਫੈਕਟਰੀ ਦੀ ਬਸ ਫੜਨ ਲਈ ਸਰੌਂਦ ਚੌਕ ਵਿਖੇ ਛੱਡਣ ਜਾ ਰਿਹਾ ਸੀ। ਜਦੋਂ ਉਹ ਉਥੇ ਪਹੁੰਚੇ ਤਾਂ ਉਥੇ ਪਤੀ ਮੁਹੰਮਦ ਸ਼ਬੀਰ ਖੜ੍ਹਾ ਸੀ। ਉਨ੍ਹਾਂ ਦੇ ਨੇੜੇ ਪਹੁੰਚਦਿਆਂ ਹੀ ਮੁਹੰਮਦ ਸ਼ਬੀਰ ਨੇ ਆਪਣੀ ਡੱਬ ਵਿੱਚੋਂ ਲੋਹੇ ਦਾ ਇੱਕ ਛੁਰਾ ਕੱਢਿਆ ਤੇ ਆਪਣੇ ਸਹੁਰੇ ਅਬਦੁਲ ਸਤਾਰ ਦੇ ਪੇਟ ਵਿੱਚ ਮਾਰ ਦਿੱਤਾ। ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸ਼ਹਿਨਾਜ਼ ਉੱਤੇ ਵੀ ਦੋ ਤਿੰਨ ਵਾਰ ਕਰ ਦਿੱਤੇ। ਅਬਦੁਲ ਸਤਾਰ ਦੀ ਮੌਕੇ ‘ਤੇ ਮੌਤ ਹੋ ਗਈ। ਜ਼ਖਮੀ ਹੋਈ ਸ਼ਹਿਨਾਜ਼ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਕੇਸ ਦਰਜ ਕਰਨ ਪਿੱਛੋਂ ਮੁਹੰਮਦ ਸ਼ਬੀਰ ਨੂੰ ਗ੍ਰਿਫਤਾਰ ਕਰ ਲਿਆ। ਹੁਣ ਅਦਾਲਤ ‘ਚ ਸੁਣਵਾਈ ਮੁਕੰਮਲ ਹੋਣ ‘ਤੇ ਜੱਜ ਨੇ ਮੁਹੰਮਦ ਸ਼ਬੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।