ਸਵੇਰਾ ਹੋ ਗਿਆ

-ਪ੍ਰੀਤਮ ਦੋਮੇਲ
ਅੱਜ ਦੀ ਰਾਤ ਬੜੀ ਬਿਆਨਕ ਹੈ ਗੀਤਾ ਲਈ। ਉਂਝ ਤਾਂ ਉਸ ਦੇ ਪਤੀ ਮੋਹਨ ਦੇ ਜਾਣ ਤੋਂ ਬਾਅਦ ਹਰ ਰਾਤ ਭਿਆਨਕ ਹੁੰਦੀ ਹੈ, ਪਰ ਅੱਜ ਵਰਗੀ ਨਹੀਂ। ਰਾਤ ਸ਼ਾਇਦ ਅੱਧੀ ਤੋਂ ਵੱਧ ਉਪਰ ਟੱਪ ਗਈ ਹੈ। ਬਾਹਰੋਂ ਆਏ ਹੋਏ ਸਾਰੇ ਰਿਸ਼ਤੇਦਾਰ ਅੰਦਰ ਕਮਰਿਆਂ ਵਿੱਚ ਸੁੱਤੇ ਪਏ ਹਨ, ਪਰ ਉਸ ਦੀਆਂ ਅੱਖਾਂ ਵਿੱਚ ਨੀਂਦ ਕਿੱਥੇ। ਉਹ ਅੰਦਰੋਂ ਉਠ ਕੇ ਬਾਹਰ ਬਰਾਂਡੇ ਵਿੱਚ ਜਾ ਕੇ ਖੜੀ ਹੋ ਗਈ ਤੇ ਫਿਰ ਕਮਰਿਆਂ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਲੱਭਣ ਲੱਗ ਪਈ। ਪਰਲੇ ਕਮਰੇ ਦੇ ਦਰਵਾਜ਼ੇ ਕੋਲ ਉਸ ਦਾ ਵੱਡਾ ਬੇਟਾ ਅਨੁਰਾਗ ਅਗਲੇ ਸਮੇਂ ਦੀ ਭਿਆਨਕਤਾ ਤੋਂ ਬੇਖਬਰ ਇੱਕ ਹੱਥ ਨਾਲ ਆਪਣੇ ਮੱਥੇ ਨੂੰ ਢੱਕੀ ਸੁੱਤਾ ਪਿਆ ਹੈ। ਉਹ ਉਸ ਕੋਲ ਜਾ ਕੇ ਉਸ ਦੇ ਮੰਜੇ ‘ਤੇ ਬੈਠ ਜਾਂਦੀ ਹੈ ਤੇ ਫਿਰ ਹੌਲੀ ਜਿਹੀ ਚੁੱਕ ਕੇ ਉਸ ਨੂੰ ਆਪਣੀ ਗੋਦੀ ਵਿੱਚ ਲਿਟਾ ਲੈਂਦੀ ਹੈ। ਬੱਚਾ ਜ਼ਰਾ ਕੁ ਅੱਖਾਂ ਖੋਲ੍ਹਦਾ ਹੈ, ਮਾਂ ਦੇ ਜਿਸਮ ਦਾ ਨਿੱਘ ਮਿਲਦਿਆਂ ਹੀ ਫਿਰ ਸੌਂ ਜਾਂਦਾ ਹੈ। ਪਰ੍ਹਾਂ ਨਾਲ ਉਸ ਤੋਂ ਛੋਟੀ ਉਸ ਦੀ ਬੇਟੀ ਅਨੂਸ਼ਾ ਕਿਸੇ ਰਿਸ਼ਤੇਦਾਰ ਸੁਆਣੀ ਨੂੰ ਚਿੰਬੜੀ ਪਈ ਹੈ? ਉਹ ਹੌਲੀ ਜਿਹੀ ਉਸ ਨੂੰ ਵੀ ਉਠਾਲ ਕੇ ਉਸ ਮੰਜੇ ‘ਤੇ ਲੈ ਆਉਂਦੀ ਹੈ ਤੇ ਫਿਰ ਛੋਟਾ ਬੱਚਾ ਜੋ ਹਾਲਾਂ ਬਹੁਤ ਛੋਟਾ ਹੈ, ਜੋ ਉਸ ਦੇ ਨਾਲ ਸੁੱਤਾ ਪਿਆ ਸੀ, ਉਸ ਨੂੰ ਵੀ ਚੁੱਕ ਲਿਆਉਂਦੀ ਹੈ ਤੇ ਇੱਕੋ ਮੰਜੇ ‘ਤੇ ਤਿੰਨਾਂ ਬੱਚਿਆਂ ਨੂੰ ਲਿਟਾ ਕੇ ਵਾਰੋ-ਵਾਰੀ ਉਨ੍ਹਾਂ ਨੂੰ ਦੇਖਦੀ ਤੇ ਉਨ੍ਹਾਂ ਦੇ ਕੋਮਲ ਅੰਗਾਂ ਨੂੰ ਮਮਤਾ ਨਾਲ ਛੂਹਣ ਲੱਗ ਜਾਂਦੀ ਹੈ ਕਿਉਂਕਿ ਅੱਜ ਤੋਂ ਬਾਅਦ ਉਹ ਤਿੰਨੇ ਉਸ ਨੂੰ ਇਸ ਤਰ੍ਹਾਂ ਇਕੱਠਿਆਂ ਕਦੇ ਨਹੀਂ ਮਿਲਣੇ। ਇਹ ਸੋਚ ਕੇ ਉਸ ਦੇ ਅੱਥਰੂ ਬੇਕਾਬੂ ਹੋ ਜਾਂਦੇ ਹਨ ਤੇ ਉਹ ਹੁੱਬਕੀ ਰੋਣ ਲੱਗ ਜਾਂਦੀ ਹੈ। ਆਸੇ ਪਾਸੇ ਲੋਕ ਉਵੇਂ ਹੀ ਸੁੱਤੇ ਪਏ ਹਨ।
ਇੱਕ ਹਫਤਾ ਪਹਿਲਾਂ ਉਸ ਦਾ ਪਤੀ ਮੋਹਨ ਅਚਾਨਕ ਇਸ ਦੁਨੀਆ ਤੋਂ ਚਲਾ ਗਿਆ ਸੀ। ਰੱਖੜੀ ਵਾਲਾ ਦਿਨ ਸੀ। ਉਹ ਸ਼ਾਮ ਨੂੰ ਥੱਕਿਆ ਟੁੱਟਿਆ ਹੋਇਆ ਘਰ ਆਇਆ ਸੀ। ਕਾਫੀ ਦਿਨ ਪਹਿਲਾਂ ਉਸ ਦੀ ਨੌਕਰੀ ਛੁੱਟ ਗਈ ਸੀ ਤੇ ਜ਼ਮੀਨ ਉਸ ਨੇ ਪਹਿਲਾਂ ਮਹੀਨਾ ਠੇਕੇ Ḕਤੇ ਦੇ ਦਿੱਤੀ ਸੀ। ਉਸ ਦੇ ਬਿਲਕੁਲ ਵਿਹਲੇ ਬੈਠਣ ਕਰ ਕੇ ਗੀਤਾ ਨਾਰਾਜ਼ ਵੀ ਹੋਈ ਸੀ, ਪਰ ਜਦ ਉਹ ਉਸ ਨੂੰ ਔਖਾ ਹੋ ਕੇ ਬੋਲਿਆ ਤਾਂ ਬੱਚੇ ਵੀ ਬਾਪ ਦੀ ਉਚੀ ਆਵਾਜ਼ ਸੁਣ ਕੇ ਸਹਿਮ ਗਏ ਤਾਂ ਗੀਤਾ ਨੂੰ ਚੁੱਪ ਕਰਨਾ ਪਿਆ ਸੀ। ਉਸ ਦਿਨ ਤੋਂ ਬਾਅਦ ਮੋਹਨ ਨੇ ਉਸ ਨਾਲ ਬਾਹਰ ਦੀ ਕੋਈ ਗੱਲ ਨਾ ਕਰਨ ਦੀ ਜਿਵੇਂ ਸਹੁੰ ਪਾ ਲਈ ਸੀ। ਉਹ ਹੁਣ ਬੇਤਹਾਸ਼ਾ ਦਾਰੂ ਪੀਣ ਲੱਗ ਪਿਆ ਸੀ। ਨੌਕਰੀ ਛੁੱਟਣ ਕਰ ਕੇ ਘਰ ਵਿੱਚ ਪੈਸੇ ਆਉਣੇ ਬੰਦ ਹੋ ਗਏ ਸਨ। ਬੱਸ ਤੰਗੀਆਂ ਹੀ ਤੰਗੀਆਂ ਸਨ। ਮੋਹਨ ਨੂੰ ਤਾਂ ਰਾਤ ਨੂੰ ਸਿਰਫ ਦਾਰੂ ਚਾਹੀਦੀ ਸੀ। ਸਵੇਰੇ ਉਠਣਾ ਤੇ ਖਾ ਪੀ ਕੇ ਤਿਆਰ ਹੋ ਕੇ ਘਰੋਂ ਨਿਕਲ ਜਾਣਾ, ਇਹੀ ਉਸ ਦਾ ਰੋਜ਼ ਦਾ ਰੁਟੀਨ ਬਣ ਗਿਆ ਸੀ। ਘਰ ਦੀਆਂ ਬੀਵੀ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਕੀ ਹੁੰਦੀਆਂ ਹਨ, ਉਸ ਨੇ ਲੱਗਦਾ ਹੈ ਇਸ ਬਾਬਤ ਤਾਂ ਸੋਚਣਾ ਛੱਡ ਦਿੱਤਾ ਸੀ। ਸਾਰੇ ਰਿਸ਼ਤੇਦਾਰਾਂ ਕੋਲੋਂ ਪੈਸੇ ਉਧਾਰ ਲੈ ਕੇ ਚੁੱਕਾ ਸੀ, ਹੁਣ ਅੱਗੋਂ ਉਨ੍ਹਾਂ ਨੇ ਹੋਰ ਪੈਸੇ ਦੇਣੇ ਬੰਦ ਕਰ ਦਿੱਤੇ ਸੀ। ਭੈਣਾਂ ਵੀ ਹੁਣ ਪਹਿਲੇ ਵਾਂਗੂ ਉਸ ਨੂੰ ਪਿਆਰ ਨਹੀਂ ਸੀ ਕਰਦੀਆਂ। ਉਨ੍ਹਾਂ ਨੂੰ ਮਿਲਣ ਜਾਂਦਾ ਤਾਂ ਬਾਹਰੋਂ ਟਰਕਾ ਦੇਂਦੀਆਂ ਕਿਉਂਕਿ ਉਹ ਜਾਣਦੀਆਂ ਸਨ ਕਿ ਪੈਸੇ ਮੰਗਣ ਆਇਆ ਹੋਵੇਗਾ। ਜਿਸ ਦਿਨ ਕਿਸੇ ਭੈਣ ਦੇ ਘਰੋਂ ਤ੍ਰਿਸਕਾਰਿਆ ਮੁੜਦਾ, ਉਸ ਦਿਨ ਬਹੁਤ ਉਦਾਸ ਹੁੰਦਾ, ਦਾਰੂ ਵੀ ਭਾਵੇਂ ਕਿੰਨੀ ਪੀ ਲੈਂਦਾ, ਪਰ ਉਸ ਨੂੰ ਨਸ਼ਾ ਨਾ ਚੜ੍ਹਦਾ, ਉਹ ਵਾਰੋ ਵਾਰੀ ਆਪਣੇ ਬੱਚਿਆਂ ਨੂੰ ਆਪਣੀਆਂ ਭੈਣਾਂ ਦੇ ਨਾਉਂ ਲੈ ਲੈ ਕੇ ਬੁਲਾਉਂਦਾ, ਫਿਰ ਕਦੇ ਰੋਣ ਲੱਗ ਜਾਂਦਾ, ਕਦੇ ਹੱਸਣ ਲੱਗ ਪੈਂਦਾ ਤੇ ਏਸੇ ਆਲਮ ਵਿੱਚ ਸੌਂ ਜਾਂਦਾ।
ਸਵੇਰੇ ਉਠਦਾ ਤਾਂ ਇਕਦਮ ਤਰੋ ਤਾਜ਼ਾ ਇਵੇਂ ਤਿਆਰ ਹੁੰਦਾ, ਜਿਵੇਂ ਕਿਸੇ ਪੱਕੀ ਨੌਕਰੀ Ḕਤੇ ਜਾ ਰਿਹਾ ਹੋਵੇ, ਪਰ ਰਾਤੀਂ ਮੁੜਨ ਸਮੇਂ ਫਿਰ ਉਹੀ ਭੈੜਾ ਹਾਲ। ਗੀਤਾ ਨੂੰ ਸਮਝ ਨਾ ਆਉਂਦੀ ਕਿ ਕੀ ਕਰੇ, ਕਿਸ ਦੇ ਕੋਲ ਆਪਣਾ ਦੁੱਖ ਫੋਲੇ, ਉਸ ਦੇ ਸਹੁਰਾ ਸਾਹਿਬ ਵੀ ਪਿਛਲੇ ਸਾਲ ਪੂਰੇ ਹੋ ਗਏ ਸਨ। ਲੋਕ ਤਾਂ ਕਹਿੰਦੇ ਸਨ ਕਿ ਮੋਹਨ ਦੇ ਭੈੜੇ ਲੱਛਣਾਂ ਨੇ ਉਨ੍ਹਾਂ ਨੂੰ ਖਾ ਲਿਆ ਸੀ। ਉਨ੍ਹਾਂ ਨੇ ਬੜਾ ਕੁਝ ਬਣਾਇਆ ਸੀ, ਬੜਾ ਵਧੀਆ ਪੱਕਾ ਘਰ, ਖੁੱਲ੍ਹੇ ਖੁੱਲ੍ਹੇ ਕਮਰੇ, ਵਿਹੜਾ ਬਰਾਂਡਾ, ਵਧੀਆ ਮਾਡਰਨ ਟਾਈਪ ਦਾ ਕਿਚਨ। ਚਾਰ-ਚਾਰ ਨਣਦਾਂ ਦਾ ਵਿਆਹ ਕੀਤਾ ਸੀ ਤੇ ਮੋਹਨ ਨੂੰ ਚੰਗਾ ਪੜ੍ਹਾ ਲਿਖਾ ਕੇ ਚੰਗੀ ਨੌਕਰੀ Ḕਤੇ ਲਵਾਇਆ ਸੀ।
ਉਨ੍ਹਾਂ ਦਿਨਾਂ ਵਿੱਚ ਹੀ ਗੀਤਾ ਦੇ ਘਰ ਵਾਲਿਆਂ ਦੀ ਮੁਲਾਕਾਤ ਏਸ ਪਰਵਾਰ ਨਾਲ ਹੋ ਗਈ ਤੇ ਗੀਤਾ ਮੋਹਨ ਦੀ ਦੁਲਹਨ ਬਣ ਕੇ ਏਸ ਘਰ ਵਿੱਚ ਆ ਗਈ। ਗੀਤਾ ਬੜੀ ਖੁਸ਼ ਸੀ, ਸੱਸ ਉਸ ਦੀ ਖੁਸ਼ ਹੋ ਰਹੀ ਸੀ, ਬੱਸ ਪੂਰੇ ਘਰ Ḕਤੇ ਉਸ ਦਾ ਰਾਜ ਸੀ। ਸਭ ਕੁਝ ਬਹੁਤ ਠੀਕ ਠਾਕ ਚੱਲ ਰਿਹਾ ਸੀ। ਸਭ ਖੁਸ਼ ਸਨ। ਅਗਲੇ ਸਾਲ ਉਸ ਦਾ ਛੋਟਾ ਬੇਟਾ ਅਨੁਰਾਗ ਜਦ ਪੈਦਾ ਹੋਇਆ ਤਾਂ ਮੋਹਨ ਨੇ ਉਸ ਦਿਨ ਪਹਿਲੀ ਵਾਰ ਦਾਰੂ ਪੀਤੀ ਤੇ ਫਿਰ ਦਾਰੂ ਦਾ ਦੀਵਾਨਾ ਹੁੰਦਾ ਚਲਾ ਗਿਆ। ਫਿਰ ਬੇਟੀ, ਆਈ ਤੇ ਮਗਰੋਂ ਛੋਟਾ ਕਾਕਾ। ਬੱਚੇ ਜਲਦੀ ਜਲਦੀ ਆ ਗਏ ਸਨ ਤੇ ਘਰ ਦੇ ਹਾਲਾਤ ਵੀ ਓਨੀ ਹੀ ਜਲਦੀ ਜਲਦੀ ਬਦਲਦੇ ਚਲੇ ਗਏ। ਮੋਹਨ ਦੀ ਦਾਰੂ ਦੀ ਆਦਤ ਵਧਦੀ ਗਈ। ਨੌਕਰੀ ਤੋਂ ਵੀ ਗੈਰ ਹਾਜ਼ਰ ਰਹਿੰਦਾ, ਦਾਰੂ ਪੀ ਕੇ ਕਿਤੇ ਕਿਤੇ ਪਿਆ ਰਹਿੰਦਾ ਏਸ ਕਰ ਕੇ ਨੌਕਰੀ ਤੋਂ ਵੀ ਜਵਾਬ ਮਿਲ ਗਿਆ। ਗੀਤਾ ਤੇ ਉਸ ਦੇ ਬੱਚੇ ਬਿਲਕੁਲ ਬੇਸਹਾਰਾ ਹੋ ਗਏ। ਪੈਸੇ ਦੀ ਤੰਗੀ ਕਰ ਕੇ ਮੋਹਨ ਹੌਲੀ ਹੌਲੀ ਜ਼ਮੀਨ ਗਹਿਣੇ ਪਾਉਣ ਲੱਗ ਪਿਆ, ਪਰ ਇਸ ਦੀ ਖਬਰ ਉਹ ਕਿਸੇ ਨੂੰ ਨਹੀਂ ਸੀ ਦਿੰਦਾ। ਭੈਣਾਂ ਵੀ ਹੁਣ ਦੂਰ ਹਟ ਗਈਆਂ। ਗੀਤਾ ਨਾਲ ਤਾਂ ਉਹ ਕੋਈ ਗੱਲ ਨਹੀਂ ਸੀ ਕਰਦਾ। ਕਈ ਵਾਰ ਉਹ ਉਸ ਕੋਲ ਬੈਠ ਕੇ ਉਸ ਦਾ ਦਿਲ ਫਰੋਲਣ ਦੀ ਕੋਸ਼ਿਸ਼ ਕਰਦੀ, ਪਰ ਉਸ ਨੂੰ ਤੋਰ ਦੇਂਦਾ। ਬੱਸ ਮੋਹਨ ਨੇ ਆਪਣੇ ਬਣਾਏ ਹੋਏ ਤੰਗੀਆਂ ਤੁਰਸ਼ੀਆਂ ਦੇ ਕਿਸੇ ਵਿੱਚ ਆਪਣੇ ਆਪ ਨੂੰ ਕੈਦ ਕਰ ਲਿਆ ਸੀ, ਜਿਸ ਵਿੱਚ ਉਸ ਤੋਂ ਸਿਵਾ ਕੋਈ ਨਹੀਂ ਸੀ ਜਾ ਸਕਦਾ। ਘਰ ਦੀ ਹਾਲਤ ਦਿਨ ਪਰ ਦਿਨ ਨਿਘਰਦੀ ਜਾ ਰਹੀ ਸੀ, ਪਰ ਇਕੱਲੀ ਗੀਤਾ ਕੀ ਕਰ ਸਕਦੀ ਸੀ ਤੇ ਅਖੀਰ ਉਹ ਦਿਨ ਆ ਪਹੁੰਚਿਆ, ਜਦ ਸਾਰਾ ਕੁਝ ਖਤਮ ਹੋ ਗਿਆ।
ਉਸ ਦਿਨ ਰੱਖੜੀ ਦਾ ਤਿਉਹਾਰ ਸੀ, ਮੋਹਨ ਸ਼ਾਮ ਨੂੰ ਘਰ ਆਇਆ ਸੀ। ਬਿਲਕੁਲ ਹਿਰਾਸਿਆ ਹੋਇਆ। ਆਉਂਦਿਆਂ ਹੀ ਬਾਹਰ ਨਿੰਬੂ ਦੇ ਬੂਟੇ ਕੋਲ ਪਏ ਮੰਜੇ Ḕਤੇ ਲੰਮਾ ਪੈ ਗਿਆ। ਬੱਚਿਆਂ ਨੂੰ ਆਪਣੇ ਕੋਲ ਸੱਦ ਲਿਆ, ਸੱਜੇ ਖੱਬੇ ਉਨ੍ਹਾਂ ਨੂੰ ਉਸ ਨੇ ਆਪਣੇ ਨਾਲ ਚਿਪਟਾ ਲਿਆ ਤੇ ਬੋਲਿਆ, ”ਹਾਂ ਫਿਰ ਬੇਟਾ ਅੱਜ ਕਿਹੜੀ-ਕਿਹੜੀ ਭੂਆ ਆਈ ਸੀ ਰੱਖੜੀ ਬੰਨ੍ਹਣ।” ਬੱਚੇ ਚੁੱਪ ਰਹੇ, ਕਿਉਂਕਿ ਕੋਈ ਭੂਆ ਨਹੀਂ ਸੀ ਆਈ। ਕੁਝ ਸਾਲ ਪਹਿਲਾਂ ਤੱਕ ਸਾਰੀਆਂ ਭੈਣਾਂ ਰੱਖੜੀ ਬੰਨ੍ਹਣ ਆਉਂਦੀਆਂ ਸਨ। ਘਰ ਰੌਣਕ ਹੁੰਦੀ ਸੀ। ਚਾਰ-ਚਾਰ ਹੱਸਦੀਆਂ ਖੇਡਦੀਆਂ ਕੁੜੀਆਂ ਆਉਂਦੀਆਂ, ਨਾਲ ਉਨ੍ਹਾਂ ਦੇ ਕਈ ਕਈ ਬੱਚੇ ਹੁੰਦੇ। ਕੋਈ ਕੋਈ ਤਾਂ ਰਾਤ ਵੀ ਰਹਿ ਜਾਂਦੀ। ਉਨ੍ਹਾਂ ਦਾ ਘਰ ਜਿਵੇਂ ਵਿਆਹ ਵਾਲਾ ਘਰ ਬਣ ਜਾਂਦਾ, ਪਰ ਹਾਲਾਤ ਜਿਵੇਂ ਜਿਵੇਂ ਬਦਲਦੇ ਗਏ, ਕੁੜੀਆਂ ਦਾ ਆਉਣਾ ਜਾਣਾ ਘੱਟ ਹੁੰਦਾ ਗਿਆ। ਕਦੇ ਇੱਕ ਆਉਂਦੀ, ਕਦੇ ਦੂਜੀ ਤੇ ਅੱਜ ਕੋਈ ਵੀ ਨਹੀਂ ਸੀ ਆਈ। ਦੁਪਹਿਰ ਤੱਕ ਗੀਤਾ ਉਡੀਕਦੀ ਰਹੀ, ਪਰ ਜਦ ਕੋਈ ਨਹੀਂ ਆਈ ਤਾਂ ਨਿਰਾਸ਼ ਹੋ ਕੇ ਬੈਠ ਗਈ। ਮੋਹਨ ਬਿੱਟ-ਬਿੱਟ ਬੱਚਿਆਂ ਦੇ ਮੂੰਹ ਵੱਲ ਤੱਕਦਾ ਰਿਹਾ, ਜਿਵੇਂ ਉਸ ਨੂੰ ਯਕੀਨ ਜਿਹਾ ਨਹੀਂ ਆਇਆ। ਗੀਤਾ ਰਸੋਈ ਵਿੱਚ ਬੈਠੀ ਮੋਹਨ ਦੇ ਚਿਹਰੇ ਦੇ ਬਦਲਦੇ ਹੋਏ ਰੰੇਗਾਂ ਨੂੰ ਦੇਖ ਰਹੀ ਸੀ। ਫਿਰ ਉਸ ਨੇ ਇਸ਼ਾਰੇ ਨਾਲ ਗੀਤਾ ਨੂੰ ਬੁਲਾਇਆ ਤੇ ਬੋਲਿਆ, ”ਰੋਟੀ ਪਕਾ ਕੇ ਬੱਚਿਆਂ ਨੂੰ ਖੁਆ ਕੇ ਜਲਦੀ ਨਾਲ ਤੇ ਫਿਰ ਮੇਰੇ ਕੋਲ ਆ ਕੇ ਬੈਠ, ਅੱਜ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਨੇ। ਹਾਂ ਪਹਿਲਾਂ ਇੱਕ ਗਿਲਾਸ ਪਾਣੀ ਦਾ ਭੇਜ ਦੇ, ਕਿਸੇ ਨਿਆਣੇ ਦੇ ਹੱਥ।’ ਸੁਣ ਕੇ ਗੀਤਾ ਦਾ ਜੀਅ ਕਿਸੇ ਅਣਹੋਣੀ ਦੇ ਭੈਅ ਤੋਂ ਕੰਬਣ ਲੱਗ ਪਿਆ। ਫਟਾਫਟ ਰੋਟੀ ਪਕਾ ਕੇ ਅਤੇ ਬੱਚਿਆਂ ਨੂੰ ਖੁਆ ਕੇ ਉਹ ਮਸੇਂ-ਮਸੇਂ ਵਿਹਲੀ ਹੋਈ ਸੀ ਕਿ ਮੋਹਨ ਦੀ ਅਜੀਬ ਜਿਹੀ ਚੀਕਣ ਵਰਗੀ ਆਵਾਜ਼ ਸੁਣ ਕੇ ਜਦ ਉਹ ਦੌੜ ਕੇ ਉਸ ਕੋਲ ਆਈ ਤਾਂ ਉਹ ਬਿਲਕੁਲ ਠੰਢਾ ਹੋਇਆ ਪਿਆ ਸੀ। ਉਸ ਦੇ ਨੱਕ ਅਤੇ ਮੂੰਹ ‘ਚੋਂ ਹਲਕੀ ਹਲਕੀ ਝੰਗ ਬਾਹਰ ਆ ਰਹੀ ਸੀ। ਉਸ ਨੇ ਉਸ ਨੂੰ ਹਿਲਾਇਆ, ਬੁਲਾਇਆ ਤੇ ਦੌੜ ਕੇ ਪਰਲੇ ਘਰੋਂ ਕਿਸੇ ਨੂੰ ਸੱਦ ਕੇ ਲਿਆਈ, ਪਰ ਮੋਹਨ ਤਾਂ ਕਿਤੇ ਵੀ ਨਹੀਂ ਸੀ, ਉਹ ਮੁੱਕ ਚੁੱਕਿਆ ਸੀ। ਉਸ ਨੂੰ ਕੀ ਹੋ ਗਿਆ ਸੀ। ਏਨੀ ਜੁਆਨ ਮੌਤ ‘ਤੇ ਕਿਸੇ ਨੂੰ ਯਕੀਨ ਨਹੀਂ ਸੀ ਆਉਂਦਾ ਪਿਆ।
ਸੁਨੇਹੇ ਮਿਲਦਿਆਂ ਹੀ ਭੈਣਾਂ ਤੇ ਜੀਜੇ ਤੇ ਨੇੜੇ-ਤੇੜੇ ਦੇ ਹੋਰ ਰਿਸ਼ਤੇਦਾਰ ਆ ਗਏ। ਸਭ ਦੀ ਇੱਕ ਇਕੋ ਰਾਏ ਸੀ ਬਈ, ਜੋ ਕੁਝ ਹੋਣਾ ਸੀ, ਉਹ ਤਾਂ ਹੋ ਚੁੱਕਿਆ, ਹੁਣ ਮਿੱਟੀ ਖਰਾਬ ਨਾ ਕਰੋ, ਸੌ ਮਿੱਤਰ, ਸੌ ਦੁਸ਼ਮਣ ਕਿਸੇ ਨੇ ਪੁਲਸ ਵਿੱਚ ਖਬਰ ਕਰ ਦਿੱਤੀ ਤਾਂ ਹੋਰ ਕੋਈ ਨਵੀਂ ਮੁਸੀਬਤ ਖੜ੍ਹੀ ਹੋ ਜਾਵੇਗੀ। ਇਸ ਲਈ ਜਲਦੀ ਜਲਦੀ ਸਰੀਰ ਨੂੰ ਕਿਊਂਟਣ ਦੀ ਕਰੋ ਤੇ ਇਸ ਤਰ੍ਹਾਂ ਮੋਹਨ ਦਾ ਸਰੀਰ, ਉਸ ਦੀਆਂ ਮੁਸੀਬਤਾਂ ਤੇ ਉਲਝਣਾਂ ਘੜੀ ਪਲ ਵਿੱਚ ਖਤਮ ਹੋ ਗਈਆਂ। ਅੱਜ ਮੋਹਨ ਦਾ ਭੋਗ ਪੈ ਗਿਆ। ਜੋ ਥੋੜ੍ਹਾ ਬਹੁਤਾ ਯਾਦ ਦਾ ਕਿਣਕਾ ਬਚਿਆ ਸੀ, ਉਹ ਵੀ ਮੁੱਕ ਗਿਆ। ਸਾਰੇ ਕਰੀਬੀ ਰਿਸ਼ਤੇਦਾਰ ਸਨ, ਗੀਤਾ ਦੇ ਮਾਪੇ, ਭੈਣ, ਭਰਾ, ਮੋਹਨ ਦੀਆਂ ਭੈਣਾਂ ਤੇ ਜੀਜੇ, ਪਿੰਡ ਦੇ ਸਾਰੇ ਬੰਦੇ ਅਤੇ ਹੋਰੋ ਪਤਵੰਤੇ। ਭੋਗ ਪਿਆ, ਅਰਦਾਸ ਹੋਈ, ਪ੍ਰਸ਼ਾਦ ਵੰਡਿਆ ਗਿਆ। ਲੱਗਦਾ ਸੀ ਕਿ ਬੱਸ ਏਥੇ ਸਭ ਕੁਝ ਮੁੱਕ ਗਿਆ ਹੈ, ਪਰ ਕਿਆਮਤ ਦੀ ਘੜੀ ਇਸ ਤੋਂ ਬਾਅਦ ਆਉਣ ਵਾਲੀ ਸੀ ਜਿਸ ਦਾ ਕੋਈ  ਅੰਦਾਜ਼ਾ ਗੀਤਾ ਨੂੰ ਨਹੀਂ ਸੀ। ਇਹ ਸੀ ਉਸ ਦੀ ਤਕਦੀਰ ਦਾ ਫੈਸਲਾ, ਉਸ ਦੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਉਸ ਦੇ ਮਾਪੇ ਜਿਨ੍ਹਾਂ ਨੇ ਉਸ ਨੂੰ ਪੈਦਾ ਕੀਤਾ ਸੀ, ਪੜ੍ਹਾਇਆ ਲਿਖਾਇਆ ਸੀ ਤੇ 20-22 ਸਾਲਾਂ ਤੱਕ ਰੋਟੀ, ਕੱਪੜਾ ਦਿੱਤਾ ਸੀ, ਅੱਜ ਉਹ ਇਸ ਦਾ ਬੋਝਾ ਚੁੱਕਣ ਤੋਂ ਅਸਮਰੱਥ ਸਨ ਤੇ ਏਹੀ ਸਵਾਲ ਉਨ੍ਹਾਂ ਨੇ ਉਸ ਇਕੱਠ ਵਿੱਚ ਰੱਖ ਦਿੱਤਾ ਸੀ।
ਗੀਤਾ ਪਿੱਛੇ ਬੈਠੀ ਸੀ, ਉਹ ਲੋਕਾਂ ਦੇ ਚਿਹਰਿਆਂ ਦੇ ਭਾਵ ਨਹੀਂ ਸੀ ਪੜ੍ਹ ਸਕੀ, ਪਰ ਉਨ੍ਹਾਂ ਦੇ ਕੀਤੇ ਫੈਸਲੇ ਨੂੰ ਸੁਣ ਲਿਆ ਸੀ ਉਸ ਨੇ। ਮੋਹਨ ਜਿਹੜਾ ਕੁਝ ਕੰਮ ਨਹੀਂ ਸੀ ਕਰਦਾ, ਪਰ ਆਪਣੇ ਸਾਰੇ ਟੱਬਰ ਨੂੰ ਖੁਆ ਰਿਹਾ ਸੀ ਤੇ ਉਸ ਦੇ ਮਾਂ ਪਿਓ ਤੇ ਭਰਾ ਜਿਹੜੇ ਸਭ ਚੰਗੀਆਂ ਨੌਕਰੀਆਂ ਤੇ ਤਕੜੀ ਜਾਇਦਾਦ ਦੇ ਮਾਲਕ ਸਨ, ਅੱਜ ਉਨ੍ਹਾਂ ਕੋਲ ਉਸ ਨਿਮਾਣੀ ਦੇ ਬੱਚਿਆਂ ਦਾ ਢਿੱਡ ਭਰਨ ਜੋਗਾ ਅਨਾਜ ਨਹੀਂ ਸੀ। ਇਸ ਲਈ ਅੱਜ ਉਸ ਦੇ ਬੱਚਿਆਂ ਦੀਆਂ ਵੰਡੀਆਂ ਪਾਈਆਂ ਗਈਆਂ ਸਨ। ਵੱਡਾ ਬੇਟਾ ਵੱਡੀ ਨਣਦ ਨੂੰ ਦੇ ਦਿੱਤਾ, ਉਸ ਤੋਂ ਛੋਟੀ ਕੁੜੀ ਦੂਜੇ ਨੰਬਰ ਵਾਲੀ ਨਣਦ ਦੇ ਹਿੱਸੇ ਆਈ ਤੇ ਬਚੇ ਹੋਏ ਦੋ ਪ੍ਰਾਣੀ ਗੀਤਾ ਤੇ ਉਸ ਦਾ ਛੋਟਾ ਬੱਚਾ ਉਸ ਦੇ ਮਾਂ ਬਾਪ ਕੋਲ ਰਹਿ ਗਏ। ਫੈਸਲੇ ਹੋ ਗਏ ਤੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ, ਰਹਿ ਗਏ ਉਹ ਦਰਵਾਜ਼ੇ ਜਿਨ੍ਹਾਂ ਨੇ ਕੱਲ੍ਹ ਇਸ ਟੱਬਰ ਦੇ ਟੁਕੜਿਆਂ ਨੂੰ ਆਪਣੇ-ਆਪਣੇ ਪੱਲੇ ਵਿੱਚ ਪਾ ਕੇ ਇਥੋਂ ਤੁਰ ਜਾਣਾ ਸੀ ਤੇ ਭਰੇ ਭਕੁੰਨੇ ਘਰ ਨੂੰ ਜਿੰਦਰਾ ਲਾ ਦੇਣਾ ਸੀ।
ਇਸ ਵੇਲੇ ਰਾਤ ਦੇ ਉਸ ਤਿੜਕੇ ਹੋਏ ਖਾਮੋਸ਼ ਸ਼ਹਿਰ ਵਿੱਚ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਆਪਣੀ ਛਾਤੀ ਨਾਲ ਲਾ ਕੇ ਮੁਰਗੀ ਦੇ ਖੰਭਾਂ ਵਾਂਗੂੰ ਆਪਣੇ ਖੰਭਾਂ ਨੂੰ ਤੋਲ ਰਹੀ ਸੀ ਕਿ ਇਹ ਖੰਭ ਕਿੰਨੇ ਕੁ ਤਕੜੇ ਹਨ। ਕੀ ਇਹ ਇਨ੍ਹਾਂ ਬੱਚਿਆਂ ਨੂੰ ਉਦਂ ਤੱਕ ਸਹਾਰਾ ਦੇ ਸਕਦੇ ਹਨ, ਜਦ ਤੱਕ ਇਹ ਉਡਾਰ ਹੋ ਕੇ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਜਾਂਦੇ। ਬੜੀ ਬੇਵਸ ਸੀ ਵਿਚਾਰੀ, ਕੁਝ ਬੋਲ ਨਹੀਂ ਸੀ ਸਕਦੀ, ਕਿਸ ਦੇ ਭਰੋਸੇ ‘ਤੇ ਬੋਲਦੀ, ਕੌਣ ਸੀ ਉਸ ਦੀ ਹਾਲਤ ਸਮਝਣ ਵਾਲਾ। ਸਮਾਂ ਕੰਡਿਆਲੀ ਥੋਹਰ ਵਾਂਗੂੰ ਉਸ ਦੇ ਪਿੰਡੇ ਨੂੰ ਵਿੰਨ੍ਹਦਾ ਹੋਇਆ ਪਲ ਪਲ ਕਰ ਕੇ ਬੀਤ ਰਿਹਾ ਸੀ। ਪਤਾ ਨਹੀਂ ਕਿੰਨੀ ਕੁ ਰਾਤ ਲੰਘੀ ਸੀ, ਕਿੰਨੀ ਕੁ ਰਹਿ ਗਈ। ਉਸ ਦਾ ਜੀਅ ਕਰਦਾ ਸੀ ਕਿ ਹੁਣੇ ਚੀਕ-ਚੀਕ ਕੇ ਸਭ ਨੂੰ ਜਗਾ ਕੇ ਪੁੱਛੇ, ਬਈ ਉਸ ਨੂੰ ਦੱਸੇ ਕੋਈ ਕਿ ਕੀ ਕਦੇ ਕਿਸੇ ਨੇ ਬੱਚਿਆਂ ਦੀਆਂ ਵੰਡੀਆਂ ਪਾਈਆਂ ਹਨ। ਉਸ ਮਾਂ ਦੀ ਹਾਲਤ ਦਾ ਅੰਦਾਜ਼ਾ ਲਾਓ, ਜਿਸ ਨੇ ਆਪਣੇ ਸਰੀਰ ਦੇ ਨਹੂੰ ਮਾਸ ਵਿੱਚੋਂ ਕੱਢ ਕੇ ਇਨ੍ਹਾਂ ਟੁਕੜਿਆਂ ਨੂੰ ਖੜ੍ਹਾ ਕੀਤਾ ਹੈ। ਉਹ ਮਾਂ ਕਿਵੇਂ ਸਹੇਗੀ ਇਨ੍ਹਾਂ ਦੀ ਜੁਦਾਈ, ਜਿਸ ਦਾ ਇਨ੍ਹਾਂ ਬੱਚਿਆਂ ਤੋਂ ਇਲਾਵਾ ਹੋਰ ਕੋਈ ਸਹਾਰਾ ਵੀ ਨਹੀਂ ਹੈ। ਇਨ੍ਹਾਂ ਛੋਟੇ-ਛੋਟੇ ਬੋਟਾਂ ਨੂੰ ਕੁਵੇਂ ਉਹ ਆਪੇ ਤੋਂ ਦੂਰ ਕਰੇਗੀ। ਬੱਚੇ ਜਿਹੜੇ ਸਵੇਰੇ ਉਠਦੇ ਹੀ ਮਾਂ ਦਾ ਮੂੰਹ ਤਕਦੇ ਨੇ, ਜਿਨ੍ਹਾਂ ਦੀ ਛੋਟੀ ਜਿਹੀ ਦੁਨੀਆ ਸਿਰਫ ਮਾਂ ਦੇ ਆਸੇ ਪਾਸੇ ਚੱਕਰ ਕੱਟ ਕੇ ਖਤਮ ਹੋ ਜਾਂਦੀ ਹੈ ਤੇ ਉਹ ਅਭਾਗਣ ਮਾਂ, ਜਿਸ ਦਾ ਸੰਸਾਰ ਹੀ ਇਨ੍ਹਾਂ ਬੱਚਿਆਂ ਨਾਲ ਵਸਦਾ ਹੈ, ਜੋ ਇਨ੍ਹਾਂ ਲਈ ਵੱਡੀ ਤੋਂ ਵੱਡੀ ਮੁਸੀਬਤ ਸਹਿ ਕੇ ਵੀ ਕਦੇ ਇਨ੍ਹਾਂ ਤੋਂ ਵੱਖ ਹੋਣਾ ਨਹੀਂ ਚਾਹੇਗੀ। ਉਸ ਨਾਲ ਇਹ ਵੀ ਭਾਣਾ ਵਰਤਾਇਆ ਜਾ ਰਿਹਾ ਹੈ।
ਉਸ ਨੇ ਮੰਜਿਆਂ Ḕਤੇ ਸੁੱਤੇ ਹੋਏ ਸਾਰੇ ਰਿਸ਼ਤੇਦਾਰਾਂ ਵੱਲ ਦੇਖਿਆ। ਪਰ੍ਹਾ ਕਰ ਕੇ ਉਸ ਦੀਆਂ ਦੋਵੇਂ ਭਰਜਾਈਆਂ ਆਪਣੇ-ਆਪਣੇ ਜੁਆਕਾਂ ਨੂੰ ਆਪਣੀਆਂ ਛਾਤੀਆਂ ਨਾਲ ਚਿੰਬੇੜ ਕੇ ਪਈਆਂ ਸਨ। ਉਸ ਦੇ ਉਰਲੇ ਬੰਨ੍ਹੇ ਦੋਵੇਂ ਨਣਦਾਂ ਵੀ ਆਪਣੇ-ਆਪਣੇ ਬੱਚਿਆਂ ਨੂੰ ਆਪਣੀਆਂ ਬਾਹਾਂ ਦੇ ਘੇਰੇ ਵਿੱਚ ਲਪੇਟੇ ਪਈਆਂ ਸਨ। ਉਹ ਨਿਸ਼ਚਿੰਤ ਸਨ, ਉਨ੍ਹਾਂ ਦੇ ਘਰ ਸੁਰੱਖਿਅਤ ਸਨ। ਸਿਰਫ ਏਸੇ ਨਿਮਾਣੀ ਦੇ ਪੁੰਗਰਦੇ ਪੌਦਿਆਂ Ḕਤੇ ਬੇਮੌਸਮੀ ਗੜੇਮਾਰ ਹੋ ਗਈ ਸੀ। ਹੋਰ ਤਾਂ ਹੋਰ ਪੌੜੀਆਂ ਦੇ ਕੋਲ ਪਰਾਲੀ ਦੇ ਢੇਰ ਉੱਤੇ ਕੁੱਤੀ ਚਾਰਲੀ ਵੀ ਆਪਣੇ ਬੱਚਿਆਂ ਨੂੰ ਆਪਣੇ ਸਰੀਰ ਦੇ ਨਿੱਘ ਦੀ ਲਪੇਟ ਵਿੱਚ ਜਕੜੇ ਪਈ ਸੀ। ਗੀਤਾ ਨੂੰ ਪਤਾ ਸੀ ਕਿ ਜਦੋਂ ਦੀ ਚਾਰਲੀ ਮਾਂ ਬਣੀ ਸੀ, ਉਹ ਹਰ ਬੰਦੇ ਕੋਲੋਂ ਡਰਨ ਲੱਗ ਪਈ ਸੀ। ਜੋ ਵੀ ਉਸ ਦੇ ਨੇੜੇ ਜਾਂਦਾ, ਉਹ ਉਸ ਨੂੰ ਭੱਜ ਕੇ ਵੱਢਣ ਨੂੰ ਪੈਂਦੀ। ਹਾਲਾਂਕਿ ਉਹ ਏਨੀ ਸ਼ਰੀਫ ਤੇ ਭਲੀਮਾਣਸ ਸੀ ਕਿ ਵੱਢਣਾ ਤਾਂ ਦੂਰ ਦੀ ਗੱਲ, ਉਹ ਉੱਚੀ ਉੱਚੀ ਕਦੇ ਭੌਂਕਦੀ ਵੀ ਨਹੀਂ ਸੀ, ਪਰ ਬੱਚਿਆਂ ਦੇ ਮੋਹ ਤੇ ਉਨ੍ਹਾਂ ਦੇ ਖੁੱਸਣ ਦੇ ਡਰ ਨੇ ਉਸ ਨੂੰ ਖੂੰਖਾਰ ਤੇ ਬਹਾਦਰ ਬਣਾ ਦਿੱਤਾ ਸੀ।
”ਹੈਂ ਵਾਹ? ਉਹ ਤ੍ਰਭਕ ਕੇ ਉਠ ਬੈਠੀ-ਚਾਰਲੀ ਨੇ ਜਿਵੇਂ ਉਸ ਨੂੰ ਰਾਹੇ ਪਾ ਦਿੱਤਾ ਸੀ। ਸੋਚ ਉਸ ਦੇ ਦਿਮਾਗ ਨੂੰ ਆਰੇ ਵਾਂਗੂੰ ਚੀਰਨ ਲੱਗ ਪਈ ਸੀ, ਕੀ ਮੈਂ ਚਾਰਲੀ ਤੋਂ ਵੀ ਗਈ ਗੁਜ਼ਰੀ ਹਾਂ? ਮੇਰਾ ਆਪਣਾ ਘਰ ਹੈ, ਜ਼ਮੀਨ ਹੈ, ਬਾਗ ਹੈ, ਆਂਢੀ-ਗੁਆਂਢੀ ਹਨ, ਚਾਰਲੀ ਪਾਸ ਤਾਂ ਕੁਝ ਵੀ ਨਹੀਂ। ਅਗਰ ਉਹ ਕੁਝ ਵੀ ਨਾ ਹੁੰਦਿਆਂ ਹੋਇਆਂ ਆਪਣੇ ਬੱਚਿਆਂ ਦੀ ਰੱਖਿਆ ਕਰ ਸਕਦੀ ਹੈ, ਉਨ੍ਹਾਂ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦੇ ਸਕਦੀ ਤੇ ਇੱਕ ਮੈਂ? ਧਿਕਾਰ ਹੈ ਮੇਰੇ ਜੀਵਨ ‘ਤੇ, ਮੇਰੀ ਪੜ੍ਹਾਈ ਲਿਖਾਈ ‘ਤੇ, ਇਹ ਸੋਚ ਕੇ ਉਸ ਵਿੱਚ ਪਤਾ ਨਹੀਂ ਕਿਥੋਂ ਅੰਤਾਂ ਦੀ ਹਿੰਮਤ ਆ ਗਈ ਤੇ ਉਸ ਨੇ ਫੁਰਤੀ ਨਾਲ ਭੱਜ ਕੇ ਆਪਣੀ ਮਾਂ ਨੂੰ ਜਗਾ ਦਿੱਤਾ, ‘ਮੰਮੀ, ਮੰਮੀ ਉਠੋ ਤੇ ਧਿਆਨ ਨਾਲ ਮੇਰੀ ਗੱਲ ਸੁਣੋ।’
ਸ਼ੋਰ ਸੁਣ ਕੇ ਬਾਕੀ ਲੋਕ ਵੀ ਊਠ ਬੈਠੇ, ਉਸ ਦੇ ਡੈਡੀ, ਭਰਾ, ਭਰਜਾਈਆਂ, ਨਣਦਾਂ ਅਤੇ ਉਨ੍ਹਾਂ ਦੇ ਘਰ ਵਾਲੇ ਸਾਰੇ ਉਸ ਦੇ ਆਸਪਾਸ ਆ ਕੇ ਖਲੋ ਗਏ।
‘ਸੁਣੋ ਤੁਸੀਂ ਸਾਰੇ ਕੰਨ ਖੋਲ੍ਹ ਕੇ ਚੰਗੀ ਤਰ੍ਹਾਂ ਸੁਣੋ’, ਗੀਤਾ ਦੀ ਆਵਾਜ਼ ਵਿੱਚ ਜੋਸ਼ ਅਤੇ ਅੰਤਾਂ ਦੀ ਤਲਖੀ ਆ ਗਈ ਸੀ, ‘ਮੈਂ ਨਹੀਂ ਵੰਡਣੇ ਆਪਣੇ ਬੱਚੇ, ਮੈਨੂੰ ਤੁਹਾਡਾ ਇਹ ਫੈਸਲਾ ਮਨਜ਼ੂਰ ਨਹੀਂ। ਤੁਹਾਡੇ ਲਈ ਅਜਿਹੇ ਫੈਸਲੇ ਕਰਨੇ ਇੱਕ ਸਿਰਫ ਕਾਰਵਾਈ ਪੂਰੀ ਕਰਨ ਦੀ ਗੱਲ ਹੈ, ਮੇਰੇ ਲਈ ਆਪਣੇ ਸੀਨੇ ਨੂੰ ਚੀਰ ਕੇ ਉਸ ਦੇ ਟੁਕੜਿਆਂ ਨੂੰ ਵੰਡ ਕੇ ਦੇਣਾ ਹੈ, ਮੈਂ ਆਪਣੇ ਸੀਨੇ ਨੂੰ ਨਹੀਂ ਚੀਰਾਂਗੀ, ਮੈਂ ਇਸ ਦੇ ਟੁਕੜੇ ਨਹੀਂ ਹੋਣ ਦਿਆਂਗੀ ਤੇ ਇਹ ਟੁਕੜੇ ਕੋਈ ਕਿਧਰੇ ਨਹੀਂ ਲੈ ਕੇ ਜਾਏਗਾ। ਮੈਂ ਇਥੇ ਇਸੇ ਘਰ ਵਿੱਚ ਰਹਿ ਕੇ ਆਪਣੇ ਪਤੀ ਦੀ ਯਾਦ ਦੇ ਸਹਾਰੇ ਆਪਣੇ ਬੱਚਿਆਂ ਨੂੰ ਪਾਲ ਕੇ ਵੱਡਿਆਂ ਕਰਾਂਗੀ ਤੇ ਇਨ੍ਹਾਂ ਦੀ ਜ਼ਿੰਦਗੀ ਦੇ ਹਰ ਪਲ ‘ਤੇ ਮਮਤਾ ਦਾ ਪਹਿਰਾ ਦਿਆਂਗੀ। ਇਹ ਘਰ ਵੀ ਇਵੇਂ ਹੀ ਵਸਦਾ ਰਹੇਗਾ, ਇਸ ਨੂੰ ਕੋਈ ਤਾਲਾ ਨਹੀਂ ਲਾਏਗਾ। ਸੁਣ ਲਿਆ ਤੁਸੀਂ ਸਾਰਿਆਂ ਨੇ ਹੁਣ ਮੇਰਾ ਫੈਸਲਾ ਵੀ ਤੇ ਮੇਰਾ ਇਹ ਫੈਸਲਾ ਅਟੱਲ ਹੈ। ਉਮੀਦ ਹੈ ਹੁਣ ਤੁਸੀਂ ਮੈਨੂੰ ਆਪਣੇ ਫੈਸਲੇ ਨੂੰ ਮੰਨਣ ਲਈ ਮਜ਼ਬੂਰ ਨਹੀਂ ਕਰੋਗੇ।’
ਉਸ ਦੀ ਆਵਾਜ਼ ਵਿੱਚ ਥਿੜਕਣ ਨਹੀਂ ਸੀ, ਨਰੋਆਪਣ ਸੀ। ਉਹ ਸਾਰੇ ਬਿੱਟ ਬਿੱਟ ਉਸ ਦੇ ਮੂੰਹ ਵੱਲ ਤੱਕ ਰਹੇ ਸਨ ਤੇ ਸੁੱਤੇ ਹੋਏ ਉਸ ਦੇ ਬੱਚਿਆਂ ਵੱਲ ਵੀ ਰਾਤ ਦੇ ਝੁਟਪਟੇ ਵਿੱਚੋਂ ਹਲਕੀ-ਹਲਕੀ ਰੋਸ਼ਨੀ ਫੈਲਣ ਲੱਗ ਪਈ ਸੀ। ਜਾਪਦਾ ਸੀ, ਜਿਵੇਂ ਇੱਕ ਬਹੁਤ ਹੀ ਲੰਬੀ ਤੇ ਭਿਆਨਕ ਰਾਤ ਦਾ ਸਵੇਰਾ ਹੋ ਗਿਆ ਸੀ।