ਸਵੀਕਾਰਨਯੋਗ ਨਹੀਂ ਹੈ ਓਨਟਾਰੀਓ ਦਾ ਸੈਕਸ ਐਜੂਕੇਸ਼ਨ ਪ੍ਰੋਗਰਾਮ : ਫੋਰਡ


ਓਨਟਾਰੀਓ, 12 ਫਰਵਰੀ (ਪੋਸਟ ਬਿਊਰੋ): ਇਟੋਬੀਕੋ ਵਿੱਚ ਡੌਨ ਬੌਸਕੋ ਕੈਥੋਲਿਕ ਸੈਕੰਡਰੀ ਸਕੂਲ ਦੀ ਇਮਾਰਤ ਦੇ ਸਾਹਮਣੇ ਖੜ੍ਹੇ ਹੋ ਕੇ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਡੱਗ ਫੋਰਡ ਨੇ ਆਖਿਆ ਕਿ ਜੇ ਉਨ੍ਹਾਂ ਨੂੰ ਪਾਰਟੀ ਆਪਣਾ ਲੀਡਰ ਚੁਣਦੀ ਹੈ ਤੇ ਫਿਰ ਉਹ ਓਨਟਾਰੀਓ ਦੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਓਨਟਾਰੀਓ ਦੇ ਸੈਕਸ ਐਜੂਕੇਸ਼ਨ ਪਾਠਕ੍ਰਮ ਦਾ ਮੁਲਾਂਕਣ ਕਰਵਾਉਣ ਦਾ ਯਤਨ ਕਰਨਗੇ।
ਸੋਮਵਾਰ ਦੁਪਹਿਰ ਨੂੰ ਉਨ੍ਹਾਂ ਆਪਣੇ ਸਮਰਥਕਾਂ ਨਾਲ ਗੱਲ ਕਰਦਿਆਂ ਆਖਿਆ ਕਿ ਸੈਕਸ ਐਜੂਕੇਸ਼ਨ ਪਾਠਕ੍ਰਮ ਤੱਥਾਂ ਉੱਤੇ ਅਧਾਰਿਤ ਹੋਣਾ ਚਾਹੀਦਾ ਹੈ ਨਾ ਕਿ ਉਦਾਰਵਾਦੀ ਵਿਚਾਰਧਾਰਾ ਦੀ ਸਿੱਖਿਆ ਦੇਣ ਨਾਲ ਇਸ ਦਾ ਕੋਈ ਸਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਤੋਂ ਅਗਾਂਹ ਮਾਪੇ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੁੰਦੇ ਹਨ ਇਹ ਉਨ੍ਹਾਂ ਉੱਤੇ ਨਿਰਭਰ ਕਰਨਾ ਚਾਹੀਦਾ ਹੈ। ਫੋਰਡ ਨੇ ਪ੍ਰੋਵਿੰਸ ਦੇ ਵਿਵਾਦਗ੍ਰਸਤ ਸੈਕਸ ਐਜੂਕੇਸ਼ਨ ਪ੍ਰੋਗਰਾਮ, ਜੋ ਕਿ ਪਹਿਲੀ ਜਮਾਤ ਤੋਂ 12 ਤੱਕ ਲਾਗੂ ਕੀਤਾ ਗਿਆ ਹੈ, ਦਾ ਹਵਾਲਾ ਦਿੰਦਿਆਂ ਆਖਿਆ। ਇਸ ਪਾਠਕ੍ਰਮ ਤਹਿਤ ਵਿਦਿਆਰਥੀਆਂ ਨੂੰ ਆਪਣੀ ਜਿਨਸੀ ਸਥਿਤੀ, ਸੈਕਸਟਿੰਗ ਤੇ ਹੋਰਨਾਂ ਵਿਸਿ਼ਆਂ ਤੋਂ ਇਲਾਵਾ ਸਹਿਮਤੀ ਬਾਰੇ ਸਿੱਖਣ ਨੂੰ ਮਿਲਦਾ ਹੈ।
ਇਸ ਪਾਠਕ੍ਰਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਕੁੱਝ ਮਾਪਿਆਂ ਨੂੰ ਇਤਰਾਜ਼ ਸੀ ਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਕਰਕੇ ਇਸ ਦਾ ਵਿਰੋਧ ਵੀ ਕੀਤਾ ਸੀ। ਫੋਰਡ ਨੇ ਆਖਿਆ ਕਿ ਮਾਪਿਆਂ ਨਾਲ ਇਸ ਵਿਸੇ਼ ਉੱਤੇ ਕੀਤਾ ਗਿਆ ਸਲਾਹ ਮਸ਼ਵਰਾ ਨਾਮਾਤਰ ਸੀ। ਪੀਸੀ ਪਾਰਟੀ ਦੇ ਸਾਬਕਾ ਆਗੂ ਪੈਟਰਿੱਕ ਬ੍ਰਾਊਨ ਨੇ ਆਪਣੇ ਹੀ ਮੈਂਬਰਾਂ ਨਾਲ ਇਸ ਵਿਸੇ਼ ਉੱਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਬੱਸ ਇਸ ਵਿਸੇ ਉੱਤੇ ਗੱਲ ਇੱਥੇ ਹੀ ਠੱਪ ਹੋ ਗਈ।
2016 ਵਿੱਚ ਬ੍ਰਾਊਨ ਨੂੰ ਉਸ ਸਮੇਂ ਵੀ ਸਖ਼ਤ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਨ੍ਹਾਂ ਦੀ ਪਾਰਟੀ ਦੇ ਹੀ ਮੈਂਬਰਾਂ ਨੇ ਨਵੇਂ ਪ੍ਰੋਗਰਾਮ ਬਾਰੇ ਉਸ ਨੂੰ ਆਪਣਾ ਮਨ ਬਦਲਣ ਤੇ ਇਸ ਦੇ ਸਮਰਥਨ ਲਈ ਲੰਮੇਂ ਹੱਥੀਂ ਲਿਆ ਸੀ। ਫੋਰਡ ਨੇ ਇਹ ਵੀ ਆਖਿਆ ਕਿ ਉਹ ਹੋਰਨਾਂ ਅਹਿਮ ਵਿਸਿ਼ਆਂ ਨਾਲ ਸਬੰਧਤ ਪਾਠਕ੍ਰਮ ਦਾ ਮੁਲਾਂਕਣ ਵੀ ਕਰਨਗੇ।