ਸਵਾਸਤਿਕ ਚਿੰਨ : ਉਂਟੇਰੀਓ ਕਸਬੇ ਦਾ ਅਨੋਖਾ ਸਟੈਂਡ

ਟੋਰਾਂਟੋ ਤੋਂ ਪੱਛਮ ਵੱਲ ਗੁਏਲਫ ਕਸਬੇ ਦੇ ਦੱਖਣ ਪੂਰਬੀ ਪਾਸੇ 18 ਕਿਲੋਮੀਟਰ ਦੂਰੀ ਉੱਤੇ 5000 ਆਬਾਦੀ ਵਾਲੇ ਇੱਕ ਕਸਬੇ ਦਾ ਨਾਮ ਹੈ ਪੁਸਲਿੰਚ (Puslinch)। ਇੱਥੇ ਦੀ ਕਾਉਂਸਲ ਨੇ ਪਰਸੋਂ ਫੈਸਲਾ ਕੀਤਾ ਹੈ ਕਿ ਕਸਬੇ ਵਿੱਚ ‘ਸਵਾਸਤਿਕ ਟਰੇਲ’ ਦਾ ਨਾਮ ਬਦਲਿਆ ਨਹੀਂ ਜਾਵੇਗਾ। ਚੇਤੇ ਰਹੇ ਕਿ ਦੂਜੀ ਵਿਸ਼ਵ ਜੰਗ ਦੌਰਾਨ ‘ਆਰੀਅਨ ਲੋਕਾਂ ਦੀ ਸ਼ੁੱਧ ਕੌਮ’ ਦਾ ਝੰਡਾਬਰਦਾਰ ਅਖਵਾਉਣ ਵਾਲੇ ਹਿਟਲਰ ਨੇ ਸਵਾਸਤਿਕ ਚਿੰਨ ਨੂੰ ਆਪਣੇ ਘੋਲ ਦਾ ਅਨਿੱਖੜਵਾਂ ਅੰਗ ਬਣਾ ਲਿਆ ਸੀ। ਸਿੱਟੇ ਵਜੋਂ ਲੱਖਾਂ ਕਰੋੜਾਂ ਲੋਕਾਂ ਖਾਸ ਕਰਕੇ ਯਹੂਦੀਆਂ ਦੇ ਕਤਲੇਆਮ ਦੇ ਦੋਸ਼ੀ ਹਿਟਲਰ ਦੇ ਨਾਲ ਉਸਦਾ ਨਿਸ਼ਾਨ ‘ਸਵਾਸਤਿਕ’ ਵੀ ਯਹੂਦੀ ਭਾਈਚਾਰੇ ਅਤੇ ਪੱਛਮੀ ਮੁਲਕਾਂ ਵਿੱਚ ਨਫ਼ਰਤ ਦਾ ਨਿਸ਼ਾਨ ਬਣ ਗਿਆ।

ਪੁਸਲਿੰਚ ਦੀ ਵਾਸਤਿਕ ਟਰੇਲ ਦੇ ਬਹੁ-ਗਿਣਤੀ ਵਾਸੀਆਂ ਦਾ ਆਖਣਾ ਹੈ ਕਿ ਸਾਡੀ ਗਲੀ ਦਾ ਨਾਮ ਹਿਟਲਰ ਵੱਲੋਂ ਨਫਰਤੀ ਏਜੰਡਾ ਅਪਨਾਉਣ ਤੋਂ ਕਿਤੇ ਪਹਿਲਾਂ (100 ਸਾਲ ਪਹਿਲਾਂ) ਰੱਖਿਆ ਗਿਆ ਸੀ। ਉਹਨਾਂ ਦਾ ਤਰਕ ਹੈ ਕਿ ਸਾਡੇ ਪੁਰਖਿਆਂ ਲਈ ਸਵਾਸਤਿਕ ਪਰੇਮ ਦਾ ਚਿੰਨ ਸੀ ਅਤੇ ਸਾਡੇ ਲਈ ਵੀ ਇਹ ਪਰੇਮ ਅਤੇ ਵਿਰਸੇ ਦੋਵਾਂ ਦਾ ਚਿੰਨ ਹੈ।

ਚੇਤੇ ਰਹੇ ਕਿ 19ਵੀਂ ਸਦੀ ਵਿੱਚ ਜਰਮਨੀ ਦੇ ਸਕਾਲਰਾਂ ਵਿੱਚ ਭਾਰਤ ਦੇ ਪੁਰਾਤਨ ਸਾਹਿਤ ਵਿੱਚ ਬਹੁਤ ਰੁਚੀ ਪਾਈ ਜਾਂਦੀ ਸੀ ਜਿਸਦੀ ਬਹੁਤ ਡੂੰਘਾਈ ਨਾਲ ਖੋਜ ਕਰਦੇ ਰਹੇ ਹਨ। ਇਹਨਾਂ ਸਕਾਲਰਾਂ ਦੀ ਖੋਜ ਨੇ ਦੱਸਿਆ ਕਿ ਸੰਸਕ੍ਰਿਤ ਭਾਸ਼ਾ ਅਤੇ ਜਰਮਨ ਭਾਸ਼ਾ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ ਜਿਸਤੋਂ ਉਹਨਾਂ ਸਿੱਟਾ ਕੱਢਿਆ ਕਿ ਜਰਮਨੀਆਂ ਅਤੇ ਭਾਰਤੀਆਂ ਦੀ ਪੁਰਾਤਨ ਨਸਲੀ ਸਾਂਝ ਹੈ।

ਪਰ ਆਪਣੇ ਸਿਆਸੀ ਏਜੰਡੇ ਨੂੰ ਸਿੱਧ ਕਰਨ ਲਈ ਹਿਟਲਰ ਦੇ ਜਰਮਨਾਂ ਨੇ ਇੱਕ ਅਜਿਹੇ ‘ਗੋਰੇ ਚਿੱਟੇ ਯੋਧੇ ਦਾ ਕਿਆਸ ਕਰ ਲਿਆ ਜਿਸਨੂੰ ਇਹਨਾਂ ਨੇ ਆਰੀਅਨ ਆਖਿਆ ਅਤੇ ਆਰੀਅਨ ਚਿੰਨ ਸਵਾਸਤਿਕ ਨੂੰ ਅਪਣਾ ਲਿਆ। ਅਸਲ ਵਿੱਚ ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ, ਕਸ਼ਮੀਰੀ, ਸਿੰਧੀ, ਗੜਵਾਲੀ, ਡੋਗਰੇ, ਭੋਜਪੁਰੀ, ਬਣਜਾਰੇ, ਮਾਰਵਾੜੀ ਆਦਿ ਅਨੇਕਾਂ ਕੌਮਾਂ ਹਨ ਜੋ ਅਸਲ ਰੂਪ ਵਿਚ ਆਰੀਅਨ ਹਨ। ਹਿਟਲਰ ਦੇ ਆਰੀਅਨਾਂ ਨੇ ਖੁਦ ਨੂੰ ਬਿਹਤਰ ਦਰਸਾਉਣ ਲਈ ਆਪਣੇ ਰੱਬ ਰੂਪੀ ਦੇਵਤਾ ਨੂੰ ਗੋਰੇ ਰੰਗ ਦਾ ਕਿਆਸ ਕਰ ਲਿਆ। ਸੋ ਆਖਿਆ ਜਾ ਸਕਦਾ ਹੈ ਕਿ ਹਿਟਲਰ ਦੇ ਨਾਜ਼ੀਆਂ ਨੇ ਪੁਰਾਤਨ ਭਾਰਤੀ ਸਾਹਿਤ ਦੀ ਚੋਰੀ ਕਰਕੇ ਉਸ ਉੱਤੇ ਆਪਣੀ ਨਫਰਤੀ ਸੋਚ ਦਾ ਮਲੱਮ੍ਹਾ ਚੜਾ ਲਿਆ।

ਸੰਸਕ੍ਰਿਤ ਵਿੱਚ ਸਵਾਸਤਿਕ ਦਾ ਮਾਅਨਾ ਹੰੁਦਾ ਹੈ -ਪਰੇਮ, ਸੁਖ ਸਲਾਮਤੀ। ਇਸ ਚਿੰਨ ਨੂੰ ਹਿੰਦੂ, ਬੁੱਧ ਅਤੇ ਜੈਨ ਧਰਮ ਦੇ ਪੈਰੋਕਾਰਾਂ ਵੱਲੋਂ ਪੱਵਿਤਰ ਮੰਨਿਆ ਜਾਂਦਾ ਹੈ। ਭਾਰਤ ਵਿੱਚ ਇਸ ਚਿੰਨ ਦਾ ਜਿ਼ਕਰ ਵੇਦਾਂ ਵਿੱਚ ਮਿਲਦਾ ਹੈ ਜਿਹਨਾਂ ਦੀ ਰਚਨਾ ਪੰਜਾਬ ਦੀ ਧਰਤੀ ਉੱਤੇ ਹੋਈ। ਵੈਸੇ ਇਸ ਚਿੰਨ ਨੂੰ ਵਿਸ਼ਵ ਦੇ ਹਰ ਮਹਾਂਦੀਪ ਵਿੱਚ ਪਾਇਆ ਜਾਂਦਾ ਹੈ ਅਤੇ ਪਵਿੱਤਰਤਾ ਦਾ ਸੂਚਕ ਮੰਨਿਆ ਜਾਂਦਾ ਹੈ। ਯੂਰਪ ਵਿੱਚ ਮਿਲੇ ਪੁਰਾਲੇਖ ਦੱਸਦੇ ਹਨ ਕਿ ਇੱਥੇ ਇਹ ਚਿੰਨ ਅੱਜ ਤੋਂ 4 ਤੋਂ 7 ਹਜ਼ਾਰ ਸਾਲ ਪਹਿਲਾਂ ਵੀ ਪਾਇਆ ਜਾਂਦਾ ਸੀ। ਇਹ ਸਮਾਂ ਵੇਦਾਂ ਦੀ ਰਚਨਾ ਦੇ ਲੱਗਭੱਗ ਸਮਾਂਤਰ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਮਿਊਜ਼ੀਅਮ ਹੈ ਜਿੱਥੇ ਅਨੇਕਾਂ ਕਿਸਮ ਦੇ ਪੁਰਾਤਨ ਸਵਾਸਤਿਕ ਸਾਂਭੇ ਗਏ ਹਨ। ਸਾਊਥ ਅਮਰੀਕਾ ਵਿੱਚ ਮਿਲੀ ਪੁਰਾਤਨ ‘ਮਾਇਅਨ ਸੱਭਿਅਤਾ (Mayan civilization) ਵਿੱਚ ਇਹ ਚਿੰਨ ਵਿਸ਼ੇਸ਼ ਸਥਾਨ ਰੱਖਦਾ ਸੀ।

ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਸਵਾਸਤਿਕ ਦਾ ਯੂਰਪ ਅਤੇ ਨੌਰਥ ਅਮਰੀਕਾ ਵਿੱਚ ਜ਼ਬਰਦਸਤ ਪ੍ਰਭਾਵ ਰਿਹਾ ਹੈ। ਕੋਕਾ ਕੋਲਾ ਨੇ ਇਸਨੂੰ ਵਰਤਿਆ, ਕਾਰਲਸਬਰਗ ਬੀਅਰ ਵੱਲੋਂ ਇਸਨੂੰ ਅਪਣਾਇਆ ਗਿਆ, ਅਮਰੀਕਾ ਦੀ ਬੋਆਏ ਸਕਾਊਟਸ ਅਤੇ ਗਰਲਜ਼ ਸਕਾਊਟਸ ਵੱਲੋਂ ਇਸਦੇ ਬੈਜ ਜਾਰੀ ਕੀਤੇ ਗਏ। ਪਹਿਲੀ ਵਿਸ਼ਵ ਜੰਗ ਵਿੱਚ ਅਮਰੀਕਾ ਦੀਆਂ ਮਿਲਟਰੀ ਯੂਨਿਟਾਂ ਵੱਲੋਂ ਸਵਾਸਤਿਕ ਚਿੰਨ ਨੂੰ ਵਰਤਿਆ ਜਾਂਦਾ ਸੀ। ਰੋਆਇਲ ਏਅਰ ਫੋਰਸ ਦੇ ਜਹਾਜ਼ਾਂ ਉੱਤੇ 1939 ਤੱਕ ਸਵਾਸਤਿਕ ਦਾ ਚਿੰਨ ਉਕਰਿਆ ਹੁੰਦਾ ਸੀ।

ਯਹੂਦੀਆਂ ਉੱਤੇ ਹੋਏ ਨਸਲੀ ਕਤਲੇਆਮ (ਜੈਨੋਸਾਈਡ) ਕਾਰਣ ਇਸ ਚਿੰਨ ਪ੍ਰਤੀ ਲੋਕਾਂ ਦੇ ਰਵਈਏ ਨੂੰ ਸਮਝਿਆ ਜਾ ਸਕਦਾ ਹੈ ਪਰ ਸੱਭਿਅਕ ਯੁੱਗ ਵਿੱਚ ਚਿੰਨਾਂ ਨੂੰ ਨਫ਼ਤਰ ਕਰਨ ਦੀ ਥਾਂ ਨਫ਼ਰਤ ਨਾਲ ਲੜਨ ਦੀ ਲੋੜ ਹੈ। ਸਵਾਸਤਿਕ ਤਾਂ ਪਰੇਮ ਦਾ ਚਿੰਨ ਹੈ ਪਰ ਹਿਟਲਰ ਨੇ ਇਸਦਾ ਗਲਤ ਇਸਤੇਮਾਲ ਕੀਤਾ। ਅੱਜ ਕੈਨੇਡਾ ਵਿੱਚ 6 ਲੱਖ ਦੇ ਕਰੀਬ ਹਿੰਦੂ, ਜੈਨ ਅਤੇ ਬੁੱਧ ਧਰਮ ਦੇ ਪੈਰੋਕਾਰ ਵੱਸਦੇ ਹਨ। ਕੀ ਉਹ ਆਪਣੇ ਧਾਰਮਿਕ ਜੀਵਨ ਵਿੱਚੋਂ ਸਵਾਸਤਿਕ ਨੂੰ ਕੱਢ ਸਕਦੇ ਹਨ? ਕੀ ਵਿਸ਼ਵ ਭਰ ਦੇ ਸਵਾ ਬਿਲੀਅਨ ਹਿੰਦੂਆਂ ਦੇ ਜੀਵਨ ਵਿੱਚੋਂ ਸਵਾਸਤਿਕ ਨੂੰ ਮਨਫੀ ਕੀਤਾ ਜਾ ਸਕਦਾ ਹੈ?

1906 ਵਿੱਚ ਨੌਰਥਰਨ ਉਂਟੇਰੀਓ ਵਿੱਚ ਇੱਕ ਕਸਬਾ ਹੋਂਦ ਵਿੱਚ ਆਇਆ ਜਿਸਦਾ ਨਾਮ ਹੀ ‘ਸਵਾਸਤਿਕ’ ਰੱਖਿਆ ਗਿਆ। ਦੂਜੀ ਵਿਸ਼ਵ ਜੰਗ ਵੇਲੇ ਉਂਟੇਰੀਓ ਸਰਕਾਰ ਨੇ ਇਸ ਕਸਬੇ ਦਾ ਨਾਮ ਇੰਗਲੈਂਡ ਦੇ ਤਤਕਾਲੀ ਪ੍ਰਧਾਨ ਮੰਤਰੀ ਵਿੰਨਸਟਨ ਚਰਚਿਲ ਦੇ ਨਾਮ ਉੱਤੇ ‘ਵਿੰਨਸਟਨ’ ਕਰਨਾ ਚਾਹਿਆ। ਸਵਾਸਤਿਕ ਕਸਬੇ ਦੇ ਲੋਕਾਂ ਨੇ ਇਸਦਾ ਵਿਰੋਧ ਹੀ ਨਹੀਂ ਕੀਤਾ ਸਗੋਂ ਆਪਣੇ ਕਸਬੇ ਦਾ ਨਾਮ ਅੱਜ ਤੱਕ ਬਚਾ ਕੇ ਰੱਖਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਉਸ ਵੇਲੇ ਸ਼ਹਿਰ ਵਿੱਚ ਇੱਕ ਬੋਰਡ ਲਾਇਆ ਜਿਸ ਉੱਤੇ ਇਬਾਰਤ ਲਿਖੀ ਸੀ, “ਨਰਕਾਂ ਨੂੰ ਜਾਵੇ ਹਿਟਲਰ, ਅਸੀਂ ਇਸ ਨਾਮ ਨੂੰ ਉਸਤੋਂ ਕਿਤੇ ਪਹਿਲਾਂ ਅਪਣਾਇਆ ਸੀ’।