ਸਵਾਲ ਤਾਂ ਉਠਣੇ ਹੀ ਚਾਹੀਦੇ ਹਨ

-ਕ੍ਰਿਸ਼ਨ ਪ੍ਰਤਾਪ
ਮੈਨੂੰ ਭਾਸ਼ਣ ਦੇਣ ਦਾ ਕੋਈ ਬਹੁਤਾ ਸ਼ੌਕ ਨਹੀਂ, ਕਿਉਂਕਿ ਇਹ ਮੇਰੇ ਵੱਸ ਦਾ ਰੋਗ ਹੀ ਨਹੀਂ ਹੈ। ਜਦੋਂ ਕਦੇ ਅਜਿਹਾ ਮੌਕਾ ਆ ਜਾਂਦਾ ਹੈ ਤਾਂ ਮੇਰੇ ਦਿਲ ਦੇ ਨਾਲ ਲੱਤਾਂ ਵੀ ਕੰਬਣ ਲੱਗ ਪੈਂਦੀਆਂ ਨੇ। ਇਕ ਦਿਨ ਅਜਿਹਾ ਮੌਕਾ ਆ ਗਿਆ। ਮੇਰੇ ਹਾਜ਼ਰੀ ਲਾਉਂਦੇ ਸਾਰ ਸਾਡੀ ਪ੍ਰਿੰਸੀਪਲ ਨੇ ਮੈਨੂੰ ਹੁਕਮ ਕਰ ਦਿੱਤਾ ਕਿ ਤੂੰ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਕੁਝ ਚੰਗੀਆਂ ਗੱਲਾਂ ਦੱਸਣੀਆਂ ਹਨ। ਮੈਂ ਪਰੇਸ਼ਾਨ ਹੋ ਗਿਆ ਅਤੇ ਵਾਰ-ਵਾਰ ਇਸ ਤਰ੍ਹਾਂ ਨਾ ਕਰਨ ਦੀ ਬੇਨਤੀ ਕਰਨ ਲੱਗ ਪਿਆ। ਪ੍ਰਿੰਸੀਪਲ ਨੇ ਮੇਰੀ ਮਾਨਸਿਕ ਹਾਲਤ ਵੇਖ ਕੇ ਆਖ ਦਿੱਤਾ, ‘ਤੂੰ ਭਾਵੇਂ ਕੁਝ ਨਾ ਬੋਲੀਂ। ਬੱਸ ਬੱਚਿਆਂ ਦੇ ਸਾਹਮਣੇ ਹੱਸ ਕੇ ਮੁੜ ਆਵੀਂ। ਇੰਨਾ ਕੰਮ ਤਾਂ ਕਰ ਹੀ ਸਕਦਾ ਏ?’
ਮੈਨੂੰ ਪਤਾ ਲੱਗ ਗਿਆ ਕਿ ਭਾਸ਼ਣ ਦੇਣ ਦੀ ਬਲਾਅ ਅੱਜ ਮੇਰੇ ਗੱਲੋਂ ਨਹੀਂ ਲੱਥਣੀ। ਪ੍ਰਾਰਥਨਾ ਵੇਲੇ ਇਹੀ ਸੋਚਦਾ ਰਿਹਾ ਕਿ ਮੈਂ ਕੀ-ਕੀ ਬੋਲ ਸਕਦਾ ਹਾਂ। ਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਅਸਲ ਵਿਦਿਆਰਥੀ ਅਤੇ ਖੋਜ ਕਰਤਾ ਉਹੀ ਹੁੰਦਾ ਹੈ, ਜਿਸ ਦੇ ਮਨ ਵਿੱਚ ਹਮੇਸ਼ਾ ਸਵਾਲ ਉਪਜਦੇ ਰਹਿੰਦੇ ਹਨ। ਉਸ ਕਿਤਾਬ ਦੇ ਮੁਤਾਬਕ ਮਨ ਵਿੱਚ ਸਵਾਲ ਉਠਣੇ ਕੋਈ ਛੋਟੀ ਗੱਲ ਨਹੀਂ ਹੁੰਦੀ। ਅਜਿਹੇ ਦਿਮਾਗ ਵਾਲਾ ਵਿਅਕਤੀ ਸਾਧਾਰਨ ਨਹੀਂ ਹੁੰਦਾ। ਜਦੋਂ ਕੋਈ ਸਵਾਲ ਉਠੇਗਾ ਤਾਂ ਉਸ ਦਾ ਦੇਰ ਸਵੇਰ ਸਹੀ ਜਵਾਬ ਜ਼ਰੂਰ ਮਿਲੇਗਾ। ਉਸ ਸਵਾਲ ‘ਤੇ ਹੱਸਣ ਵਾਲੀ ਸਾਰੀ ਦੁਨੀਆ ਹੋ ਸਕਦੀ ਹੈ, ਪਰ ਰੋਸ਼ਨ ਦਿਮਾਗ ਉਸ ਦਾ ਜਵਾਬ ਲੱਭਣ ਵਿੱਚ ਜੁੱਟ ਜਾਂਦੇ ਹਨ। ਕਈ ਵਾਰ ਸਵਾਲ ਕਰਨ ਵਾਲਾ ਵਿਅਕਤੀ ਉਸ ਸਮੱਸਿਆ ਦੇ ਹੱਲ ਲਈ ਖੁਦ ਹੀ ਦਿਨ ਰਾਤ ਇਕ ਕਰ ਦਿੰਦਾ ਹੈ।
ਉਸ ਕਿਤਾਬ ਦੇ ਮੁਤਾਬਕ ਜੇ ਨੱਕ ਉਤੇ ਸੇਬ ਵੱਜਣ ਕਾਰਨ ਨਿਊਟਨ ਦੇ ਦਿਮਾਗ ਵਿੱਚ ਇਹ ਸਵਾਲ ਨਾ ਉਠਦਾ ਕਿ ਇਹ ਸੇਬ ਹੇਠਾਂ ਵੱਲ ਨੂੰ ਹੀ ਕਿਉਂ ਡਿੱਗਿਆ, ਉਪਰ ਵੱਲ ਨੂੰ ਕਿਉਂ ਨਹੀਂ ਗਿਆ? ਜੇ ਸਟੀਫਨਸਨ ਭਾਫ ਰਾਹੀਂ ਚੁੱਕੇ ਜਾਂਦੇ ਪਤੀਲੇ ਦੇ ਢੱਕਣ ਬਾਰੇ ਨਾ ਸੋਚਦਾ, ਤਾਂ ਦੁਨੀਆ ਨੇ ਅੱਜ ਤੱਕ ਅੱਧੀ ਤਰੱਕੀ ਹੀ ਕਰ ਸਕਣੀ ਸੀ। ਜੋ ਤਰੱਕੀ ਅਸੀਂ ਕੀਤੀ ਹੈ, ਉਸ ਵਿੱਚ ਸਵਾਲਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੇਰੀ ਵਾਰੀ ਆਉਣ ‘ਤੇ ਮੈਂ ਕੰਬਦੀ ਜ਼ੁਬਾਨ ਨਾਲ ਆਪਣੇ ਵਿਦਿਆਰਥੀਆਂ ਨੂੰ ਸਵਾਲ ਦਰ ਸਵਾਲ ਕਰਨ ਬਾਰੇ ਆਖਿਆ। ਮੇਰੇ ਤੋਂ ਚੱਜ ਨਾਲ ਬੋਲਿਆ ਨਹੀਂ ਗਿਆ, ਪਰ ਮੈਂ ਵਿਸ਼ੇ ਦੀ ਕਦੇ ਲੱਤ ਤੇ ਕਦੇ ਬਾਂਹ ਫੜ ਕੇ ਆਪਣੀ ਗੱਲ ਪੂਰੀ ਜ਼ਰੂਰ ਕਰ ਦਿੱਤੀ।
ਆਮ ਤੌਰ ‘ਤੇ ਅਧਿਆਪਕਾਂ ਦੀਆਂ ਗੱਲਾਂ ਦਾ ਅਸਰ ਵਿਦਿਆਰਥੀਆਂ ਉਪਰ ਬਹੁਤ ਜ਼ਿਆਦਾ ਹੁੰਦਾ ਹੈ, ਪਰ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਵੱਲੋਂ ਕੀਤੀ ਗਈ ਗੱਲ ਵਿਦਿਆਰਥੀਆਂ ਨੇ ਆਈ ਗਈ ਕਰ ਦਿੱਤੀ ਸੀ। ਮੈਂ ਅਜਿਹਾ ਸਭ ਕੁਝ ਹੋਣ ਦਾ ਕਾਰਨ ਲੱਭਣ ਦਾ ਯਤਨ ਕੀਤਾ। ਇਸ ਸਭ ਦਾ ਇਕੋ ਕਾਰਨ ਮਿਲਿਆ ਸੀ ਕਿ ਮੈਂ ਚੰਗਾ ਬੁਲਾਰਾ ਨਹੀਂ। ਜੇ ਆਪਣੀ ਗੱਲ ਵਧੀਆ ਢੰਗ ਨਾਲ ਸਾਰਿਆਂ ਅੱਗੇ ਰੱਖਣੀ ਚਾਹੁੰਦਾ ਹਾਂ ਤਾਂ ਮੈਨੂੰ ਆਪਣੀ ਸਟੇਜ ਉਤੇ ਖੜੋ ਕੇ ਬੋਲਣ ਵਾਲੀ ਝਿਜਕ ਦੂਰ ਕਰਨੀ ਪਵੇਗੀ। ਥੋੜ੍ਹੇ ਦਿਨਾਂ ਬਾਅਦ ਮੈਂ ਇਸ ਗੱਲ ਨੂੰ ਮੂਲੋਂ ਹੀ ਭੁੱਲ ਗਿਆ। ਇਕ ਦਿਨ ਜਦੋਂ ਜਮਾਤ ਵਿੱਚ ਵੜਿਆ ਤਾਂ ਪੜ੍ਹਾਈ ਵਿੱਚ ਬੜੀ ਕਮਜ਼ੋਰ ਸਮਝੀ ਜਾਣ ਵਾਲੀ ਲੜਕੀ ਮੇਰੇ ਅੱਗੇ ਕਿਤਾਬ ਲੈ ਕੇ ਆ ਗਈ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੇ ਸਹੀ ਉਚਾਰਨ ਬਾਰੇ ਪੁੱਛਣ ਲੱਗ ਪਈ। ਉਸ ਵੱਲੋਂ ਪੁੱਛੇ ਦੋ ਸ਼ਬਦਾਂ ਦਾ ਮੈਂ ਸਹੀ ਉਚਾਰਨ ਸਮਝਾ ਦਿੱਤਾ। ਪੀਰੀਅਡ ਦੇ ਅੱਧ ਤੱਕ ਉਹ ਫਿਰ ਉਠ ਖੜੀ ਤੇ ਮੇਰੇ ਸਾਹਮਣੇ ਕਿਤਾਬ ਕਰਦੀ ਹੋਏ ਫਿਰ ਉਨ੍ਹਾਂ ਦੋ ਸ਼ਬਦਾਂ ਦਾ ਹੀ ਸਹੀ ਉਚਾਰਨ ਪੁੱਛਿਆ, ‘ਮੈਂ ਫਿਰ ਉਸ ਨੂੰ ਸਮਝਾ ਦਿੱਤਾ।’
ਫਿਰ ਉਸ ਦਾ ਹਰ ਰੋਜ਼ ਦਾ ਕੰਮ ਹੋ ਗਿਆ। ਮੇਰੇ ਜਮਾਤ ਵਿੱਚ ਵੜਨ ਤੋਂ ਪਹਿਲਾਂ ਉਹ ਕਿਤਾਬ ਲੈ ਕੇ ਅੱਗੇ ਖੜੀ ਹੁੰਦੀ ਸੀ। ਮੈਂ ਉਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਾ ਰਹਿੰਦਾ ਸੀ। ਹੌਲੀ-ਹੌਲੀ ਉਹ ਇਕ ਪੀਰੀਅਡ ਵਿੱਚ ਦਸ ਪੰਦਰਾਂ ਵਾਰ ਉਠ ਕੇ ਮੇਰੇ ਕੋਲ ਆਉਣ ਲੱਗ ਪਈ। ਉਹ ਸ਼ਬਦਾਂ ਦੇ ਉਚਾਰਨ ਦੇ ਨਾਲ ਕਈ ਪ੍ਰਸ਼ਨ ਵਾਰ-ਵਾਰ ਪੁੱਛਣ ਲੱਗ ਪਈ, ਪਰ ਮੈਂ ਕਦੇ ਵੀ ਉਸ ਉਤੇ ਗੁੱਸਾ ਨਹੀਂ ਸੀ ਆਇਆ।
ਮੈਂ ਇਕ ਗੱਲ ਨੋਟ ਕੀਤੀ ਕਿ ਜਮਾਤ ਵਿਚਲੀ ਬਿਲਕੁਲ ਹੀ ਸਾਧਾਰਨ ਜਿਹੀ ਲੜਕੀ ਮੈਨੂੰ ਬਿਨਾਂ ਝਿਜਕ ਪ੍ਰਸ਼ਨ ਪੁੱਛਣ ਲੱਗ ਪਈ ਸੀ। ਭਾਵੇਂ ਉਸ ਦੇ ਚਿਹਰੇ ਅਤੇ ਪਾਈ ਹੋਈ ਵਰਦੀ ਤੋਂ ਉਸ ਦੇ ਪਰਵਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਲਾ ਲਿਆ ਸੀ, ਪਰ ਮੈਂ ਹਮੇਸ਼ਾ ਉਸ ਦੇ ਪ੍ਰਸ਼ਨਾਂ ਦਾ ਉਤਰ ਦਿੰਦਾ ਰਿਹਾ। ਮੈਂ ਆਪਣੇ ਸਾਥੀ ਅਧਿਆਪਕਾਂ ਨੂੰ ਉਸ ਲੜਕੀ ਦੀ ਜਗਿਆਸਾ ਬਾਰੇ ਦੱਸਿਆ। ਫਿਰ ਉਨ੍ਹਾਂ ਨੇ ਉਸ ਉਤੇ ਘੋਖਵੀਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸਭ ਨੇ ਵੇਖਿਆ ਕਿ ਉਹ ਲੜਕੀ ਸਕੂਲ ਵੜਦੇ ਸਾਰ ਸਾਹਮਣੇ ਟੱਕਰਨ ਵਾਲੇ ਹਰ ਅਧਿਆਪਕ ਕੋਲ ਖੜ ਕੇ ਬੜੇ ਆਦਰ ਅਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੀ ਤੇ ਹਰ ਪੀਰੀਅਡ ਵਿੱਚ ਉਸ ਵਿਸ਼ੇ ਨਾਲ ਸਬੰਧਤ ਸਵਾਲ ਹੀ ਕਰਦੀ ਰਹਿੰਦੀ। ਇਕ ਦਿਨ ਮਹਿਕਮੇ ਨੇ ਚਿੱਠੀ ਜਾਰੀ ਕਰ ਦਿੱਤੀ ਕਿ ਵਿਦਿਆਰਥੀਆਂ ਦਾ ਅੰਗਰੇਜ਼ੀ ਸ਼ਬਦਾਂ ਦਾ ਮੁਕਾਬਲਾ ਕਰਵਾਇਆ ਜਾਣਾ ਹੈ। ਪ੍ਰਿੰਸੀਪਲ ਦੇ ਹੁਕਮ ਮੁਤਾਬਕ ਮੈਂ ਸਾਰੀਆਂ ਜਮਾਤਾਂ ਵਿੱਚ ਜਾ ਕੇ ਇਸ ਦੀ ਸੂਚਨਾ ਦੇ ਦਿੱਤੀ। ਜਦ ਉਸ ਜਮਾਤ ਵਿੱਚ ਪੀਰੀਅਡ ਆਇਆ ਤਾਂ ਉਹ ਲੜਕੀ ਆਪਣੇ ਹੱਥ ਵਿੱਚ ਕਾਪੀ ਫੜੀ ਮੇਰੇ ਅੱਗੇ ਖੜੀ ਸੀ। ਉਹ ਬੜੇ ਭੋਲੇਪਣ ਨਾਲ ਬੋਲੀ, ‘ਸਰ, ਮੈਂ ਮੁਕਾਬਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੋ ਸੌ ਸ਼ਬਦ ਆਪਣੇ ਆਪ ਲਿਖ ਲਏ ਹਨ।’ ਉਸ ਦੇ ਸ਼ਬਦਾਂ ਵਿੱਚ ਇੰਨਾ ਜ਼ਿਆਦਾ ਸਵੈ ਵਿਸ਼ਵਾਸ ਸੀ ਕਿ ਮੈਂ ਉਸ ਨੂੰ ਸ਼ਾਬਾਸ਼ ਦੇਣੋਂ ਨਾ ਰਹਿ ਸਕਿਆ।
ਉਸ ਵਿਦਿਆਰਥਣ ਨੇ ਮੇਰੇ ਮਨ ਨੂੰ ਅੱਚਵੀ ਲਾ ਦਿੱਤੀ ਸੀ। ਮੈਨੂੰ ਹਰ ਪਲ ਆਪਣੀ ਧੀ ਵਰਗੀ ਉਹ ਬੱਚੀ ਯਾਦ ਆਉਣ ਲੱਗ ਪਈ ਸੀ। ਉਸ ਦੀ ਜਗਿਆਸਾ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਜੇ ਉਸ ਉਤੇ ਮੇਰੇ ਵੱਲੋਂ ਦਿੱਤੇ ਭਾਸ਼ਣ ਦਾ ਅਸਰ ਹੋਇਆ ਹੈ ਤਾਂ ਮੇਰੇ ਲਈ ਬੜੀ ਵੱਡੀ ਪ੍ਰਾਪਤੀ ਹੈ, ਪਰ ਜੇ ਉਹ ਖੁਦ ਇਹ ਸਵਾਲ ਪੁੱਛਣ ਲੱਗ ਪਈ ਹੈ ਤਾਂ ਉਸ ਤੋਂ ਵੱਡਾ ਵਿਦਿਆਰਥੀ ਹੋਰ ਕੋਈ ਨਹੀਂ ਹੈ। ਮੈਂ ਉਸ ਬੱਚੀ ਨੂੰ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਅੱਗੇ ਲਿਆਉਣਾ ਚਾਹੁੰਦਾ ਸਾਂ, ਪਰ ਸਟੇਜ ਉਤੇ ਚੜ੍ਹ ਕੇ ਬੋਲਣ ਦੀ ਝਿਜਕ ਮੇਰਾ ਪਿੱਛਾ ਨਹੀਂ ਛੱਡ ਰਹੀ ਸੀ। ਸਕੂਲ ਤੋਂ ਘਰ ਤੱਕ ਉਹ ਬੱਚੀ ਮੇਰੀਆਂ ਅੱਖਾਂ ਅੱਗੇ ਘੁੰਮਦੀ ਸੀ। ਅਚਾਨਕ ਪਤਾ ਨਹੀਂ ਕੀ ਹੋਇਆ, ਮੈਂ ਪ੍ਰਿੰਸੀਪਲ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਨਾਲ ਹੀ ਅਗਲੇ ਦਿਨ ਦਾ ਸਾਰਾ ਪ੍ਰੋਗਰਾਮ ਵੀ ਤੈਅ ਕਰ ਲਿਆ। ਉਨ੍ਹਾਂ ਮੈਨੂੰ ਬੜਾ ਹੀ ਉਤਸ਼ਾਹਿਤ ਕੀਤਾ।
ਅਗਲੇ ਦਿਨ ਦੀ ਸਵੇਰ ਦੀ ਸਭਾ ਵਿੱਚ ਮੈਂ ਡਰਦੇ ਨੇ ਭਾਵੁਕ ਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਅਤੇ ਉਸ ਲੜਕੀ ਨੂੰ ਇਨਾਮ ਵੀ ਦਿਵਾਇਆ। ਆਪਣਾ ਨਾਂ ਸੁਣ ਕੇ ਸਟੇਜ ਵੱਲ ਆਉਂਦੇ ਹੋਏ ਜਦੋਂ ਉਸ ਲੜਕੀ ਨੇ ਸਾਰੇ ਅਧਿਆਪਕਾਂ ਨੂੰ ਹੱਥ ਜੋੜ ਕੇ ਬੁਲਾਇਆ ਤਾਂ ਮੈਨੂੰ ਲੱਗਾ ਕਿ ਵਾਕਿਆ ਮੇਰੀ ਚੋਣ ਸਹੀ ਹੈ। ਇਹ ਤਾਂ ਸਮਾਂ ਦੱਸੇਗਾ ਕਿ ਉਸ ਵਿਦਿਆਰਥਣ ਦੀ ਸਵਾਲਾਂ ਦੀ ਜਗਿਆਸਾ ਨੂੰ ਅਸੀਂ ਕਿੰਨਾ ਕੁ ਸ਼ਾਂਤ ਕਰ ਸਕੇ ਹਾਂ, ਪਰ ਉਸ ਜਿੰਨਾ ਸਿੱਖਣ ਦਾ ਜਜ਼ਬਾ ਮੈਂ ਅਜੇ ਤੱਕ ਕਿਸੇ ਵੀ ਵਿਦਿਆਰਥੀ ਵਿੱਚ ਨਹੀਂ ਵੇਖਿਆ।