ਸਵਾਲਾਂ ਦਾ ਸਵਾਲ : ਅਗਲੇ ਪੰਜ ਸਾਲ ਪੰਜਾਬ ਦੇ ਲੋਕ ਸਰਕਾਰ ਨੂੰ ਮਾਨਣਗੇ, ਹੰਢਾਉਣਗੇ ਜਾਂ ਭੁਗਤਣਗੇ!

pannu2881
-ਜਤਿੰਦਰ ਪਨੂੰ
ਪੰਜਾਬ ਇਸ ਵਕਤ ਇੱਕ ਜਹਾਜ਼ ਤੋਂ ਉੱਤਰ ਕੇ ਦੂਸਰੀ ਉਡਾਣ ਦੀ ਉਡੀਕ ਵਿੱਚ ਕਿਸੇ ਹਵਾਈ ਅੱਡੇ ਅੰਦਰ ਬੈਠੇ ਮੁਸਾਫਰ ਵਰਗੀ ਹਾਲਤ ਵਿੱਚ ਹੈ। ਹਵਾਈ ਅੱਡਿਆਂ ਅੰਦਰ ਅਗਲੀ ਉਡਾਣ ਉਡੀਕਦੇ ਹੋਣ ਜਾਂ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਤੋਂ ਅਗਲੀ ਗੱਡੀ ਉਡੀਕਦੇ ਹੋਣ, ਇਕੱਠੇ ਬੈਠੇ ਲੋਕ ਆਪੋ ਵਿੱਚ ਕਈ ਵਾਰ ਗੱਲਾਂ ਵਿੱਚ ਲੱਗ ਜਾਂਦੇ ਹਨ ਤੇ ਇਹ ਗੱਲਾਂ ਮੌਸਮ ਤੋਂ ਸ਼ੁਰੂ ਹੋ ਕੇ ਘਰੇਲੂ ਹਾਲਤਾਂ ਤੱਕ ਚਲੀਆਂ ਜਾਂਦੀਆਂ ਹਨ। ਪਿਛਲੇ ਦਸ ਸਾਲ ਅਤੇ ਉਨ੍ਹਾਂ ਵਿੱਚੋਂ ਖਾਸ ਕਰ ਕੇ ਪਿਛਲੇ ਪੰਜ ਸਾਲ ਅਸੀਂ ਏਦਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਕਈ ਮੌਕਿਆਂ ਉੱਤੇ ਸੁਣੀਆਂ, ਅਤੇ ਸਿਰਫ ਸੁਣੀਆਂ ਨਾ ਕਹੀਏ, ਕਈ ਵਾਰੀ ਅਸੀਂ ਖੁਦ ਕੀਤੀਆਂ, ਤਾਂ ਚਾਰ ਪੰਜਾਬੀ ਜਿੱਥੇ ਕਿਤੇ ਵੀ ਇਹੋ ਜਿਹੇ ਹਾਲਾਤ ਵਿੱਚ ਇਕੱਠੇ ਹੋਏ, ਗੱਲ ਆਖਰ ਵਿੱਚ ਪੰਜਾਬ ਦੀ ਹਾਲਤ ਦੀ ਚਰਚਾ ਤੱਕ ਪਹੁੰਚ ਜਾਂਦੀ ਸੀ। ਫਿਰ ਵਿੱਚੋਂ ਕੋਈ ਜਣਾ ਇਹ ਆਖਦਾ ਸੀ: ‘ਜੋ ਕੁਝ ਅੱਜ ਹੋ ਰਿਹਾ ਹੈ, ਏਦਾਂ ਚਗੱਤਿਆਂ ਵੇਲੇ ਵੀ ਨਹੀਂ ਹੋਇਆ ਹੋਣਾ’। ਮੁਗਲ ਹਮਲਾਵਰ ਚੰਗੇਜ਼ ਖਾਂ ਦਾ ਪੁੱਤਰ ਚਗਤਾਈ ਖਾਂ ਹੁੰਦਾ ਸੀ ਤੇ ਓਸੇ ਕੁਨਬੇ ਵਿੱਚੋਂ ਫਿਰ ਬਾਬਰ ਬਾਦਸ਼ਾਹ ਹੋਇਆ ਹੈ। ਬਾਬਰ ਦੇ ਨਾਨਕੇ ਢੇਰੀ ਦੀ ਪੀੜ੍ਹੀ ਕਿਉਂਕਿ ਚਗਤਾਈ ਖਾਂ ਨਾਲ ਜੁੜਦੀ ਸੀ ਤੇ ਅੱਗੋਂ ਚਗਤਾਈ ਖਾਂ ਅਤੇ ਉਸ ਦੇ ਬਾਪ ਨੂੰ ਬੜੇ ਧੱਕੜਸ਼ਾਹ ਕਿਹਾ ਜਾਂਦਾ ਸੀ, ਇਸ ਲਈ ਬਾਬਰ ਨੂੰ ਵੀ ਆਮ ਲੋਕਾਂ ਦੀ ਬੋਲੀ ਵਿੱਚ ‘ਚਗੱਤਾ’ ਜਾਂ ਫਿਰ ਔਰਤਾਂ ਵੱਲੋਂ ਕਿਸੇ ਨੂੰ ‘ਔਂਤਰਿਆਂ ਦਾ’ ਕਹਿਣ ਵਾਂਗ ‘ਚਗੱਤਿਆਂ ਦਾ’ ਕਹਿ ਕੇ ਉਸ ਨਾਲ ਖਾਸ ਤਰ੍ਹਾਂ ਦੀ ਨਫਰਤ ਜ਼ਾਹਰ ਕੀਤੀ ਜਾਂਦੀ ਸੀ। ਪਿਛਲੇ ਸਾਲਾਂ ਵਿੱਚ ਪੰਜਾਬ ਦੇ ਜਿਹੜੇ ਰਾਜ ਬਾਰੇ ਇਹ ਕਿਹਾ ਜਾਣ ਲੱਗਾ ਕਿ ‘ਏਦਾਂ ਚਗੱਤਿਆਂ ਦੇ ਵਕਤ ਵੀ ਨਹੀਂ ਸੀ ਹੋਈ’, ਉਹ ਆਮ ਲੋਕਾਂ ਲਈ ਕਿੱਦਾਂ ਦਾ ‘ਸੁਲੱਖਣਾ’ ਸੀ, ਖੁਲਾਸਾ ਕਰਨ ਦੀ ਲੋੜ ਨਹੀਂ।
ਹੁਣ ਜਦੋਂ ਪੰਜਾਬ ਵਿੱਚ ਚਾਰ ਫਰਵਰੀ ਨੂੰ ਵੋਟਾਂ ਪੈ ਚੁੱਕੀਆਂ ਹਨ ਤੇ ਇਨ੍ਹਾਂ ਵੋਟਾਂ ਦੀ ਗਿਣਤੀ ਅਜੇ ਹੋਣੀ ਹੈ ਤਾਂ ਹਾਲਾਤ ਵਿੱਚ ਕੁਝ-ਕੁਝ ਨਵਾਂ ਜਿਹਾ ਵੇਖਿਆ ਜਾਣ ਲੱਗਾ ਹੈ। ਪਿਛਲੇ ਹਫਤੇ ਦੌਰਾਨ ਪੁਲਸ ਨੇ ਕਈ ਥਾਂਈਂ ਛਾਪੇ ਮਾਰੇ ਤੇ ਕਈ ਵੱਡੇ ਗੈਂਗਸਟਰ ਫੜੇ ਹਨ। ਅਖਬਾਰੀ ਸੂਤਰਾਂ ਵਿੱਚ ਇਹ ਗੱਲ ਕਈ ਵਾਰੀ ਚਰਚਾ ਵਿੱਚ ਆ ਚੁੱਕੀ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਬਾਰੇ ਪੁਲਸ ਨੂੰ ਬਹੁਤ ਕੁਝ ਪਤਾ ਹੁੰਦਿਆਂ ਵੀ ਉਹ ਹੁੱਥ ਪਾਉਣ ਤੋਂ ਕੰਨੀ ਕਤਰਾਉਂਦੀ ਸੀ ਤੇ ਹੁਣ ਅੱਧੀ-ਅੱਧੀ ਰਾਤ ਛਾਪੇ ਮਾਰਦੀ ਫਿਰਦੀ ਹੈ। ਪਹਿਲਾਂ ਕਾਰਵਾਈ ਕਿਉਂ ਨਾ ਕੀਤੀ ਗਈ ਤੇ ਹੁਣ ਏਨੀ ਤੇਜ਼ੀ ਕਿਸ ਗੱਲੋਂ ਵਿਖਾਈ ਜਾ ਰਹੀ ਹੈ, ਇਸ ਬਾਰੇ ਬਾਕੀ ਲੋਕਾਂ ਵਾਂਗ ਅਸੀਂ ਵੀ ਸੋਚਦੇ ਸਾਂ। ਇਸ ਹਫਤੇ ਇੱਕ ਸਮਾਜੀ ਸਮਾਗਮ ਵਿੱਚ ਪੁਲਸ ਦੇ ਕੁਝ ਅਫਸਰ ਮਿਲ ਪਏ ਤਾਂ ਰਸਮੀ ਦੁਆ-ਸਲਾਮ ਕਰਨ ਪਿੱਛੋਂ ਸਾਡੇ ਅੰਦਰਲੇ ਪੱਤਰਕਾਰ ਨੇ ਸਿਰ ਚੁੱਕਿਆ ਅਤੇ ਇਹੋ ਸਵਾਲ ਉਨ੍ਹਾਂ ਅਫਸਰਾਂ ਨੂੰ ਕਰ ਦਿੱਤਾ ਕਿ ‘ਅੱਜ-ਕੱਲ੍ਹ ਬੜੀ ਤੇਜ਼ੀ ਨਾਲ ਛਾਪੇ ਮਾਰੇ ਜਾ ਰਹੇ ਹਨ, ਰਾਤੋ-ਰਾਤ ਬਦਮਾਸ਼ਾਂ ਦੇ ਅੱਡੇ ਵੀ ਤੁਹਾਨੂੰ ਪਤਾ ਲੱਗ ਗਏ ਹਨ, ਇਹ ਚੱਕਰ ਕਿਸ ਤਰ੍ਹਾਂ ਚੱਲ ਪਿਆ ਹੈ?’ ਜਿਹੜਾ ਜਵਾਬ ਸਾਹਮਣੇ ਬੈਠੇ ਅਫਸਰ ਨੇ ਦਿੱਤਾ, ਉਹ ਸਾਡੀ ਸੋਚ ਨਾਲੋਂ ਬਹੁਤ ਪਰੇ ਦਾ ਸੀ।
ਪੁਲਸ ਦਾ ਉਹ ਸੀਨੀਅਰ ਅਫਸਰ ਕਹਿਣ ਲੱਗਾ ਕਿ ਤੁਸੀਂ ਵੋਟਾਂ ਪਾ ਕੇ ਜਾਂ ਪਵਾ ਕੇ ਵਿਹਲੇ ਹੋ ਗਏ ਹੋ ਤੇ ਅਸੀਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕੁਝ ਕਰ ਕੇ ਵਿਹਲੇ ਹੋਣਾ ਚਾਹੁੰਦੇ ਹਾਂ। ਫਿਰ ਉਸ ਨੇ ਬਿਨਾਂ ਲੁਕਾਏ ਇਹ ਗੱਲ ਕਹਿ ਦਿੱਤੀ ਕਿ ਅਪਰਾਧ ਜਗਤ ਵਿੱਚ ਪੁਲਸ ਦੇ ਸੂਹੀਏ ਏਨੇ ਕੁ ਹੁੰਦੇ ਹਨ ਕਿ ਬੜਾ ਕੁਝ ਨਾਲੋ-ਨਾਲ ਵੀ ਕੀਤਾ ਜਾ ਸਕਦਾ ਹੈ ਤੇ ਅਖਬਾਰ ਵਿੱਚ ਖਬਰਾਂ ਦੀ ਬਾਕੀ ਕਿਸੇ ਹੋਰ ਸਫੇ ਉੱਤੇ ਕੱਢਣ ਵਾਂਗ ਕੋਈ ਕੇਸ ਕਿਸੇ ਅਗਲੇ ਸਾਲ ਦੇ ਲਈ ਰੱਖਣ ਦੀ ਲੋੜ ਬਹੁਤੀ ਨਹੀਂ ਹੁੰਦੀ, ਪਰ ਅਸੀਂ ਕੰਮ ਨਹੀਂ ਕਰ ਸਕਦੇ। ਸਾਡੇ ਉੱਤੇ ਸਿਰਫ ਵੱਡੇ ਗੈਂਗਸਟਰਾਂ ਵਾਸਤੇ ਹੀ ਸਿਆਸੀ ਦਬਾਅ ਨਹੀਂ ਪੈਂਦਾ, ਸਧਾਰਨ ਚੇਨੀਆਂ ਲਾਹੁਣ ਵਾਲਾ ਬੰਦਾ ਵੀ ਫੜੀਏ ਤਾਂ ਥਾਣੇ ਪਹੁੰਚਣ ਤੋਂ ਪਹਿਲਾਂ ਦਸ ਫੋਨ ਹਾਕਮ ਪਾਰਟੀ ਦੇ ਅਤੇ ਪੰਜ ਕੁ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਆ ਜਾਂਦੇ ਹਨ। ਜਿਹੜੇ ਬਦਮਾਸ਼ਾਂ ਨੇ ਪੁਲਸ ਉੱਤੇ ਹਮਲੇ ਕੀਤੇ ਤੇ ਕੁਝ ਥਾਂਈਂ ਪੁਲਸ ਵਾਲਿਆਂ ਦੇ ਕਤਲ ਤੱਕ ਕੀਤੇ ਹੋਏ ਹੁੰਦੇ ਹਨ, ਉਨ੍ਹਾਂ ਨੂੰ ਵੀ ਫੜ ਲਈਏ ਤਾਂ ਸਾਨੂੰ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ ਹੈ। ਬਠਿੰਡੇ ਜ਼ਿਲ੍ਹੇ ਵਿੱਚ ਇੱਕ ਬੰਦਾ ਪੁਲਸ ਵਾਲਿਆਂ ਦੇ ਅੱਖਾਂ ਵਿੱਚ ਮਿਰਚਾਂ ਸੁੱਟ ਕੇ ਉਨ੍ਹਾਂ ਤੋਂ ਆਪਣੇ ਬੰਦੇ ਛੁਡਾ ਕੇ ਅਤੇ ਪੁਲਸ ਦੇ ਆਟੋਮੈਟਿਕ ਹਥਿਆਰ ਵੀ ਖੋਹ ਕੇ ਲੈ ਗਿਆ, ਪੁਲਸ ਉਸ ਨੂੰ ਲੱਭਦੀ ਫਿਰੇ ਤੇ ਉਹ ਇੱਕ ਦਿਨ ਇੱਕ ਸਮਾਗਮ ਵਿੱਚ ਪੁਲਸ ਦੀਆਂ ਅੱਖਾਂ ਮੂਹਰੇ ਪੰਜਾਬ ਸਰਕਾਰ ਦੇ ਇੱਕ ਵੱਡੇ ਮੰਤਰੀ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਅਦਾਲਤ ਵਿੱਚੋਂ ਭਗੌੜਾ ਐਲਾਨੇ ਜਾ ਚੁੱਕੇ ਉਸ ਬੰਦੇ ਲਈ ਸਾਡੇ ਕੋਲ ਗ੍ਰਿਫਤਾਰੀ ਵਾਰੰਟ ਸਨ ਤੇ ਮੰਤਰੀ ਨੇ ਜਦੋਂ ਉਸ ਦੇ ਗਲ਼ ਸਿਰੋਪਾ ਪਾਇਆ, ਮੂਹਰੇ ਬੈਠੀ ਭੀੜ ਓਸੇ ਬੰਦੇ ਲਈ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡੀ ਜਾਂਦੀ ਸੀ। ਸਮੁੰਦਰ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਪਾਉਣਾ ਤੇ ਕਿਸੇ ਰਾਜ ਦੀ ਪੁਲਸ ਵਿੱਚ ਰਹਿੰਦਿਆਂ ਕਿਸੇ ਕੈਬਨਿਟ ਮੰਤਰੀ ਨਾਲ ਵੈਰ ਪਾਉਣ ਦੀ ਭੁੱਲ ਕਰਨਾ ਇੱਕੋ ਜਿਹਾ ਖਤਰਨਾਕ ਸਮਝਿਆ ਜਾਂਦਾ ਹੈ। ਹੁਣ ਅਸੀਂ ਏਸੇ ਕਰ ਕੇ ਤਿੱਖੀ ਚਾਲ ਵਗ ਰਹੇ ਹਾਂ ਕਿ ਗਿਆਰਾਂ ਮਾਰਚ ਨੂੰ ਨਤੀਜੇ ਆਉਣ ਤੋਂ ਪਹਿਲਾਂ ਜਿੰਨਾ ਗੰਦ ਸਮੇਟ ਸਕਦੇ ਹਾਂ, ਸਮੇਟ ਲਈਏ, ਵਰਨਾ ਪੰਜਾਬ ਵਿੱਚ ਜਿਸ ਪਾਰਟੀ ਦੀ ਸਰਕਾਰ ਵੀ ਬਣੀ, ਇਨ੍ਹਾਂ ਬਦਮਾਸ਼ਾਂ ਨੇ ਉਸ ਦੇ ਅੰਦਰ ਆਪਣੇ ਸਰਪ੍ਰਸਤ ਪੈਦਾ ਕਰ ਲੈਣੇ ਹਨ।
ਅਸੀਂ ਜਾਣਦੇ ਹਾਂ ਕਿ ਅਕਾਲੀ ਦਲ ਨੇ ਪਿਛਲੇ ਦਸ ਸਾਲ ਅਕਾਲੀ ਹੋਣ ਦਾ ਸਿਰਫ ਫੱਟਾ ਟੰਗੀ ਰੱਖਿਆ ਸੀ, ਅਕਾਲੀਪੁਣੇ ਦੀਆਂ ਬਾਕੀ ਸਭ ਗੱਲਾਂ ਛੱਡ ਦਿੱਤੀਆਂ ਸਨ। ਕਿਸੇ ਟੁੱਟੇ-ਭੱਜੇ ਯੂਥ ਅਕਾਲੀ ਲੀਡਰ ਦੇ ਰੱਖੇ ਪ੍ਰੋਗਰਾਮ ਵਾਸਤੇ ਵੀ ਗੁਰੂ ਕੀ ਗੋਲਕ ਵਿੱਚੋਂ ਟਰੱਕਾਂ ਵਿੱਚ ਭਰ ਕੇ ਏਦਾਂ ਲੰਗਰ ਭੇਜਿਆ ਜਾਂਦਾ ਸੀ, ਜਿਵੇਂ ਲੰਚ ਸਪਲਾਈ ਦੀ ਬੁਕਿੰਗ ਸਮੇਂ ਸਿਰ ਭੁਗਤਾਉਣ ਦੀ ਮਜਬੂਰੀ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਹਿਸਟਰੀ ਸ਼ੀਟਰ ਬੰਦਿਆਂ ਬਾਰੇ ਪਹਿਲਾਂ ਵੀ ਸੁਣਿਆ ਸੀ, ਫਿਰ ਇਸ ਵਿੱਚ ਵਾਧਾ ਹੋ ਗਿਆ। ਜਿਹੜੇ ਯੂਥ ਆਗੂ ਇਸ ਦੌਰ ਵਿੱਚ ਅੱਗੇ ਆਏ, ਉਨ੍ਹਾਂ ਵਿੱਚੋਂ ਕੁਝ ਨਾਂਅ ਲੋਕਾਂ ਦੀ ਜ਼ਬਾਨ ਉੱਤੇ ਚੜ੍ਹੇ ਹੋਏ ਹਨ। ਫਰੀਦਕੋਟ ਦੇ ਨਿਸ਼ਾਨ ਸਿੰਘ ਦੀ ਕਹਾਣੀ ਚੇਤੇ ਕਰਨ ਦੀ ਕਿਸੇ ਨੂੰ ਲੋੜ ਨਹੀਂ। ਅੰਮ੍ਰਿਤਸਰ ਵਿੱਚ ਥਾਣੇ ਤੋਂ ਮਸਾਂ ਸੌ ਗਜ਼ ਦੂਰ ਪੁਲਸ ਵਾਲਿਆਂ ਦੀਆਂ ਅੱਖਾਂ ਮੂਹਰੇ ਪੁਲਸ ਦੇ ਥਾਣੇਦਾਰ ਨੂੰ ਭਰੇ ਬਾਜ਼ਾਰ ਇੱਕ ਯੂਥ ਆਗੂ ਰਾਣੇ ਵੱਲੋਂ ਗੋਲੀਆਂ ਨਾਲ ਭੁੰਨਣ ਅਤੇ ਗੋਲੀਆਂ ਮੁੱਕਣ ਉੱਤੇ ਘਰੋਂ ਜਾ ਕੇ ਦੂਸਰੀ ਗੰਨ ਲਿਆ ਕੇ ਲਾਸ਼ ਨੂੰ ਗੋਲੀਆਂ ਮਾਰਨ ਪਿੱਛੋਂ ਪੰਜਾਬ ਦੇ ਇੱਕ ਮੰਤਰੀ ਦੇ ਨਾਂਅ ਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਦੀ ਘਟਨਾ ਵੀ ਪੰਜਾਬ ਦੇ ਲੋਕਾਂ ਨੂੰ ਯਾਦ ਹੋਵੇਗੀ। ਲੁਧਿਆਣੇ ਦੇ ਇੱਕ ਪੱਬ ਵਿੱਚ ਇੱਕ ਸੀਨੀਅਰ ਪੁਲਸ ਅਫਸਰ ਨੂੰ ਕੁੱਟਣ ਪਿੱਛੋਂ ਪਹਿਲੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ ਗਿਆ ਤੇ ਹਸਪਤਾਲ ਪਿਆ ਵਿਚਾਰਾ ਪੁਲਸ ਅਫਸਰ ਆਪਣਾ ਦੁੱਖ ਦੱਸਣ ਦੀ ਥਾਂ ਇਹੋ ਕਹੀ ਜਾ ਰਿਹਾ ਸੀ ਕਿ ਮੇਰਾ ਪੈਰ ਤਿਲਕ ਗਿਆ ਸੀ। ਪੱਤਰਕਾਰ ਕਹਿੰਦੇ ਸਨ ਕਿ ਅਸੀਂ ਸੀ ਸੀ ਟੀ ਵੀ ਰਿਕਾਰਡਿੰਗ ਵਿੱਚ ਤੁਹਾਨੂੰ ਸੁੱਟੇ ਜਾਂਦੇ ਵੇਖਿਆ ਹੈ, ਪਰ ਉਹ ਜ਼ੋਰਾਵਰਾਂ ਦੇ ਦਬਕੇ ਹੇਠ ਇਹੋ ਗੱਲ ਕਹੀ ਜਾਂਦਾ ਸੀ ਕਿ ਰਿਕਾਰਡਿੰਗ ਦਾ ਪਤਾ ਨਹੀਂ, ਮੈਂ ਤਾਂ ਆਪ ਹੀ ਡਿੱਗਾ ਸਾਂ।
‘ਪੰਜਾਬ ਵਿੱਚ ਜਿਸ ਪਾਰਟੀ ਦੀ ਸਰਕਾਰ ਵੀ ਬਣੀ’, ਬਦਮਾਸ਼ਾਂ ਜੋਗੇ ਸਰਪ੍ਰਸਤ ਉਸੇ ਵਿੱਚ ਨਿਕਲ ਪੈਣ ਦਾ ਪੁਲਸ ਦੇ ਉਸ ਅਫਸਰ ਦਾ ਤੌਖਲਾ ਸਾਡੇ ਲਈ ਵੀ ਨਵੀਂ ਸੋਚ ਦਾ ਸਿਰ ਦਰਦ ਦੇਣ ਵਾਲਾ ਸੀ। ਪਿਛਲੇ ਦਿਨੀਂ ਚੋਣ ਚੱਲਦੀ ਵਿੱਚ, ਤੇ ਉਸ ਤੋਂ ਪਹਿਲਾਂ ਵੀ, ਪੰਜਾਬ ਵਿੱਚ ਹੁੰਦੇ-ਵਾਪਰਦੇ ਦੀ ਘੋਖ ਰੱਖਣ ਦੀ ਜਿੰਨੀ ਕੁ ਕੋਸ਼ਿਸ਼ ਅਸੀਂ ਕੀਤੀ ਸੀ, ਉਸ ਵਿੱਚੋਂ ਸਾਡਾ ਇਹ ਸਿਰ-ਦਰਦ ਵਧਾਉਣ ਵਾਲੀਆਂ ਕਈ ਮਿਸਾਲਾਂ ਲੱਭ ਜਾਂਦੀਆਂ ਸਨ।
ਸਾਡੇ ਲਈ ਇਹ ਕਥਾ ਹੁਣ ਪੁਰਾਣੀ ਹੋ ਚੁੱਕੀ ਹੈ ਕਿ ਅਬੋਹਰ ਵਿੱਚ ਸ਼ਰਾਬ ਦਾ ਕਾਰੋਬਾਰੀ ਸ਼ਿਵ ਲਾਲ ਡੋਡਾ ਉਸ ਖੇਤਰ ਵਿੱਚ ਅਕਾਲੀ ਦਲ ਦੇ ਲੀਡਰ ਵਜੋਂ ਸਰਕਾਰ ਦੀ ਢੋਅ ਹੋਣ ਕਾਰਨ ਜ਼ੁਲਮਾਂ ਦਾ ਝੱਖੜ ਝੁਲਾਈ ਜਾਂਦਾ ਸੀ ਤੇ ਪੁਲਸ ਦੇ ਅਫਸਰਾਂ ਨੇ ਆਪਣੀਆਂ ਅੱਖਾਂ ਉੱਤੇ ਪੱਟੀ ਬੰਨ੍ਹੀ ਹੋਈ ਸੀ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਰੋਜ਼ ਜੇਲ੍ਹ ਵਿੱਚ ਉਹ ਮੀਟਿੰਗਾਂ ਕਰਦਾ ਰਿਹਾ ਤੇ ਕਿਸੇ ਰੋਕਿਆ ਨਹੀਂ ਸੀ, ਪਰ ਜ਼ਾਬਤਾ ਲੱਗਦੇ ਸਾਰ ਛਾਪਾ ਪੈ ਗਿਆ ਤਾਂ ਉਸ ਦੇ ਜੋੜੀਦਾਰ ਅਕਾਲੀ ਆਗੂ ਵੀ ਫਸੇ ਫਿਰਦੇ ਹਨ। ਨਵੀਂ ਗੱਲ ਇਹ ਜਾਣ ਲੈਣੀ ਚਾਹੀਦੀ ਹੈ ਕਿ ਰਾਜਸਥਾਨ ਵਿੱਚ ਇੱਕ ਚੋਣ ਮੌਕੇ ਸ਼ਿਵ ਲਾਲ ਡੋਡਾ ਦੇ ਦਿੱਤੇ ਪੈਸੇ ਨਾਲ ਜਿਹੜਾ ਬੰਦਾ ਉਮੀਦਵਾਰ ਬਣਿਆ ਤੇ ਹਾਰਨ ਪਿੱਛੋਂ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਿਵ ਲਾਲ ਡੋਡਾ ਦੇ ਕਾਰਿੰਦੇ ਦਾ ਕੰਮ ਕਰਦਾ ਸੀ, ਉਸ ਨੂੰ ਜਨਵਰੀ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਸੀ। ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਕਿ ਓਸੇ ਡੋਡਾ ਜੁੰਡੀ ਵਿੱਚੋਂ ਇੱਕ ਹੋਰ ਪਿਆਦਾ ਉਸ ਹਲਕੇ ਦੇ ਕਾਂਗਰਸੀ ਵਿਧਾਇਕ ਤੋਂ ਕੁਝ ਓਹਲਾ ਰੱਖ ਕੇ ਦਿੱਲੀ ਦੇ ਇੱਕ ਵੱਡੇ ਆਗੂ ਰਾਹੀਂ ਕਾਂਗਰਸ ਦੀ ਹਾਈ ਕਮਾਂਡ ਵਿਚਲੇ ਇੱਕ ‘ਪੌਣਾ ਅਕਾਲੀ’ ਮੰਨੇ ਜਾਂਦੇ ਲੀਡਰ ਤੱਕ ਕੁੰਡੀ ਪਾ ਆਇਆ ਹੈ।
ਪੁਲਸ ਅਸਲ ਵਿੱਚ ਰਾਜਕੀ ਤਾਕਤ ਦਾ ਸਭ ਤੋਂ ਵੱਡਾ ਹਥਿਆਰ ਹੁੰਦੀ ਹੈ। ਇਹ ਤਾਕਤ ਲੋਕਾਂ ਦੇ ਹਿੱਤ ਲਈ ਵਰਤੀ ਜਾਣੀ ਚਾਹੀਦੀ ਹੈ, ਪਰ ਰਾਜ ਜਿਹੜੀ ਵੀ ਪਾਰਟੀ ਦੇ ਹੱਥ ਆ ਜਾਵੇ, ਉਹ ਚਾਰ ਕੰਮ ਖੁਦ ਗਲਤ ਕਰਾਉਂਦੀ ਤੇ ਚੌਦਾਂ ਪੁਲਸ ਵਾਲਿਆਂ ਨੂੰ ਆਪਣੇ ਲਈ ਕਰਦੇ ਰਹਿਣ ਦੇ ਮੌਕੇ ਦੇ ਦੇਂਦੀ ਹੈ। ਹੋਰ ਰਾਜਾਂ ਦੀ ਪੁਲਸ ਵਾਂਗ ਪੰਜਾਬ ਪੁਲਸ ਦਾ ਅਕਸ ਵੀ ਚੰਗਾ ਨਹੀਂ ਹੋ ਸਕਿਆ, ਪਰ ਇਸ ਵਿੱਚ ਕਈ ਅਫਸਰ ਏਦਾਂ ਦੇ ਮੌਜੂਦ ਹਨ, ਜਿਹੜੇ ਝਿਜਕ ਤੋਂ ਬਿਨਾਂ ਆਖਦੇ ਹਨ ਕਿ ਸਾਡੇ ਮੋਢਿਆਂ ਉੱਤੇ ਤਾਰੇ ਹੀ ਚਮਕਦੇ ਹਨ, ਓਦਾਂ ਇਲਾਕੇ ਦੇ ਵਿਧਾਇਕ ਦਾ ਕੋਈ ਚੇਲਾ ਵੀ ਅੱਧੀ ਰਾਤ ਨੂੰ ਦੋ ਪੈੱਗ ਲਾ ਕੇ ਮੰਦਾ-ਚੰਗਾ ਬਕ ਦੇਵੇ ਤਾਂ ਉਸ ਦੀ ਬਕਵਾਸ ਸਹਿਣੀ ਪੈਂਦੀ ਹੈ। ਅਗਲੇ ਦਿਨ ਨੂੰ ਅਸੀਂ ਅਜੇ ਸੋਚਦੇ ਹੁੰਦੇ ਹਾਂ ਕਿ ਇਸ ਦੀ ਸ਼ਿਕਾਇਤ ਕਰੀਏ ਜਾਂ ਨਾ, ਤੇ ਓਨੀ ਦੇਰ ਨੂੰ ਵਿਧਾਇਕ ਜਾਂ ਮੰਤਰੀ ਦਾ ਫੋਨ ਆ ਜਾਂਦਾ ਹੈ ਕਿ ਤੁਸੀਂ ਰਾਤੀਂ ਮੇਰੇ ਬੰਦੇ ਨਾਲ ਬੜੀ ‘ਬਦਤਮੀਜ਼ੀ’ ਕੀਤੀ ਸੀ। ਏਨਾ ਨਿੱਘਰ ਗਿਆ ਹੈ ਪੰਜਾਬ!
ਹੁਣ ਜਦੋਂ ਪੰਜਾਬ ਦੇ ਲੋਕ ਵੋਟਾਂ ਪਾ ਕੇ ਇਨ੍ਹਾਂ ਦੇ ਨਤੀਜੇ ਬਾਰੇ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਹਨ, ਸਾਨੂੰ ਚਿੰਤਾ ਇਸ ਗੱਲ ਦੀ ਹੈ ਕਿ ਅਗਲਾ ਰਾਜ ਕਿੱਦਾਂ ਦਾ ਹੋਵੇਗਾ? ਪਿਛਲੇ ਦਸ ਸਾਲਾਂ ਦੇ ਰਾਜ, ਅਤੇ ਖਾਸ ਕਰ ਕੇ ਪੰਜ ਸਾਲਾਂ ਦੇ ਰਾਜ, ਬਾਰੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਸ ਵਿੱਚ ਉਹ ਕੁਝ ਹੁੰਦਾ ਰਿਹਾ, ਜਿਹੜਾ ਚਗੱਤਿਆਂ ਵੇਲੇ ਵੀ ਨਹੀਂ ਸੀ ਹੁੰਦਾ, ਏਥੇ ਕਿਤੇ ਫਿਰ ਇਹੋ ਕੁਝ ਤਾਂ ਨਹੀਂ ਹੋਣ ਲੱਗੇਗਾ? ਅਸੀਂ ਪੰਜਾਬ ਦੀ ਨਵੀਂ ਸਰਕਾਰ ਨੂੰ ਮਾਨਣ, ਹੰਢਾਉਣ ਜਾਂ ਭੁਗਤਣ ਦੇ ਲਈ ਜਦੋਂ ਆਪਣੇ ਆਪ ਨੂੰ ਮਾਨਸਿਕ ਪੱਖ ਤੋਂ ਤਿਆਰ ਕਰ ਰਹੇ ਹਾਂ, ਹਰ ਤਰ੍ਹਾਂ ਦੇ ਮਾੜੇ ਅਨਸਰ ਅਗਲੀ ਸਰਕਾਰ ਵਿੱਚ ਆਪਣਾ ਸਰਪ੍ਰਸਤ ਲੱਭਣ ਵਾਸਤੇ ਸਰਗਰਮ ਹੋ ਚੁੱਕੇ ਹਨ। ਇਸ ਗੱਲ ਨਾਲ ਹੁਣ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿੱਦਾਂ ਦੀ ਸਰਕਾਰ ਚਾਹੁੰਦੇ ਹਾਂ, ਕਿਉਂਕਿ ਵੋਟਾਂ ਪੈ ਚੁੱਕੀਆਂ ਹਨ, ਪਰ ਇਸ ਗੱਲ ਬਾਰੇ ਚਿੰਤਾ ਜ਼ਰੂਰ ਹੈ ਕਿ ਅਗਲੀ ਸਰਕਾਰ ਕਿੱਦਾਂ ਦੀ ਹੋਵੇਗੀ, ਉਸ ਦਾ ਰਾਜ ਚਗੱਤਿਆਂ ਵਾਲਾ ਹੋਵੇਗਾ ਜਾਂæææ?