ਸਵਾਈਨ ਫਲੂ ਵਾਇਰਸ ਮਜ਼ਬੂਤ, ਗਰਮੀ ਵਿੱਚ ਵੀ ਜਿੰਦਾ, 100 ਤੋਂ ਵੱਧ ਮੌਤਾਂ

swine flu
ਰਾਏਪੁਰ, 29 ਸਤੰਬਰ (ਪੋਸਟ ਬਿਊਰੋ)- ਛੱਤੀਸਗੜ੍ਹ ਵਿੱਚ ਪਹਿਲੀ ਵਾਰ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 400 ਤੋਂ ਟੱਪ ਗਈ ਹੈ। ਜਨਵਰੀ ਤੋਂ ਹੁਣ ਤੱਕ ਇਸ ਬਿਮਾਰੀ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਸ ਦੀ ਵਜ੍ਹਾ ਲੱਭ ਰਹੇ ਸੂਬੇ ਦੇ ਮਾਹਰ ਡਾਕਟਰ ਪੁਣੇ ਦੀ ਵਾਇਰੋਲਾਜੀ ਲੈਬ ਤੋਂ ਇਸ ਖੁਲਾਸੇ ਨਾਲ ਹੈਰਾਨ ਰਹਿ ਗਏ ਹਨ ਕਿ ਇਥੇ ਸਵਾਈਨ ਫਲੂ ਦੇ ਵਾਇਰਸ ਐੱਚ1 ਐੱਨ1 ਵਿੱਚ ਮਿਊਟੇਸ਼ਨ ਨਜ਼ਰ ਆਉਣ ਲੱਗਾ ਹੈ।
ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਵਿੱਚ ਇਸ ਵਾਇਰਸ ਨੇ ਤਾਕਤ ਇੰਨੀ ਵਧਾ ਲਈ ਹੈ ਕਿ 30 ਡਿਗਰੀ ਤਾਪਮਾਨ ਵਿੱਚ ਮਰਨ ਵਾਲਾ ਐੱਚ1 ਐੱਨ1 ਹੁਣ 42 ਡਿਗਰੀ ਤਾਪਮਾਨ ਵਿੱਚ ਵੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਦਿਖਾਈ ਦੇ ਰਿਹਾ ਹੈ। ਮਾਹਰ ਇਸ ਦਾ ਤੋੜ ਲੱਭ ਰਹੇ ਹਨ, ਪਰ ਉਹ ਇਸ ਲਈ ਚਿੰਤਤ ਹਨ ਕਿ ਅਗਲੇ ਚਾਰ-ਪੰਜ ਮਹੀਨਿਆਂ ਤੱਕ ਇਸ ਰਾਜ ਵਿੱਚ ਤਾਪਮਾਨ ਘੱਟ ਰਹੇਗਾ। ਅਜਿਹੇ ਵਿੱਚ ਸਵਾਈਨ ਫਲੂ ਦਾ ਹਮਲਾ ਹੋਰ ਤੇਜ਼ ਹੋ ਸਕਦਾ ਹੈ। ਸਭ ਤੋਂ ਵੱਧ ਮੌਤਾਂ ਰਾਏਪੁਰ ਅਤੇ ਦੁਰਗ ਜ਼ਿਲ੍ਹੇ ਵਿੱਚ 12-12 ਲੋਕਾਂ ਦੀਆਂ ਹੋਈਆਂ। ਬਾਲੋਦ ਵਿੱਚ ਪੰਜ, ਬਿਲਾਸਪੁਰ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 900 ਤੋਂ ਵੱਧ ਸੈਂਪਲ ਭੇਜੇ ਗਏ ਹਨ। ਇਨ੍ਹਾਂ ਵਿੱਚ 400 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ।