ਸਲਾਹੁਦੀਨ ਨੇ ਟੀ ਵੀ ਇੰਟਰਵਿਊ ਵਿੱਚ ਭਾਰਤ ਉੱਤੇ ਹਮਲਿਆਂ ਦੀ ਗੱਲ ਕਬੂਲੀ

hizbul_647_071216102555* ਭਾਰਤ ਵਿੱਚ ਕਦੇ ਵੀ ਕਿਸੇ ਥਾਂ ਹਮਲੇ ਕਰ ਸਕਦੇ ਹਾਂ: ਸਲਾਹੁਦੀਨ
ਇਸਲਾਮਾਬਾਦ, 3 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਵੱਲੋਂ ਕੁਝ ਦਿਨ ਪਹਿਲਾਂ ਅੰਤਰਰਾਸ਼ਟਰੀ ਦਹਿਸ਼ਤਗਰਦ ਕਰਾਰ ਦਿੱਤੇ ਗਏ ਸਈਅਦ ਸਲਾਹੁਦੀਨ ਨੇ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਵਿੱਚ ਕਬੂਲ ਕੀਤਾ ਹੈ ਕਿ ਉਸ ਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਭਾਰਤ ਵਿੱਚ ਕਈ ਦਹਿਸ਼ਤਗਰਦ ਹਮਲੇ ਕੀਤੇ ਹਨ।
ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚੋਂ ਸਰਗਰਮੀਆਂ ਚਲਾਉਂਦੇ ਸਲਾਹੁਦੀਨ ਨੇ ਇੱਕ ਪਾਕਿਸਤਾਨੀ ਟੀ ਵੀ ਚੈਨਲ ‘ਜੀਓ ਟੀ ਵੀ’ ਨਾਲ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਉਹ ‘ਭਾਰਤ ਵਿੱਚ ਕਿਸੇ ਵੀ ਸਮੇਂ, ਕਿਸੇ ਵੀ ਥਾਂ ਉੱਤੇ ਹਮਲੇ’ ਕਰ ਸਕਦਾ ਹੈ। ਚੈਨਲ ਨਾਲ ਇਸ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਦਹਿਸ਼ਤਗਰਦ ਹਮਲਿਆਂ ਦੇ ਲਈ ਹਥਿਆਰ ਉਸ ਨੂੰ ਪਾਕਿਸਤਾਨ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ।
ਵਰਨਣ ਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਅਮਰੀਕਾ ਦੀ ਸਰਕਾਰ ਨੇ 71 ਸਾਲਾ ਦਹਿਸ਼ਤਗਰਦ ਸਲਾਹੁਦੀਨ ਨੂੰ ਅੰਤਰਰਾਸ਼ਟਰੀ ਦਹਿਸ਼ਤਗਰਦ ਕਰਾਰ ਦੇਣ ਦੇ ਲਈ ਐਲਾਨ ਕੀਤਾ ਸੀ। ਪਾਕਿਸਤਾਨ ਨੇ ਸਲਾਹੁਦੀਨ ਦਾ ਪੱਖ ਪੂਰਦਿਆਂ ਕਿਹਾ ਸੀ ਕਿ ਅਮਰੀਕਾ ਦਾ ਕਦਮ ਬੇਇਨਸਾਫ਼ੀ ਵਾਲਾ ਹੈ, ਕਿਉਂਕਿ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੈ ਦੇ ਹੱਕਾਂ ਦੀ ਹਮਾਇਤ ਕਰਨ ਵਾਲੇ ਨੂੰ ਦਹਿਸ਼ਤਗਰਦ ਆਖਣਾ ਸਹੀ ਨਹੀਂ। ਸਲਾਹੁਦੀਨ ਦਾ ਨਾਮ ਲਏ ਬਿਨਾਂ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਉਹ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨੂੰ ਸਿਆਸੀ, ਕੂਟਨੀਤਕ ਅਤੇ ਨੈਤਿਕ ਹਮਾਇਤ ਜਾਰੀ ਰੱਖੇਗੀ। ਸਲਾਹੁਦੀਨ ਨੇ ਵੀ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਉਹ ਦਹਿਸ਼ਤਗਰਦ ਨਹੀਂ, ਆਜ਼ਾਦੀ ਘੁਲਾਟੀਆ ਹੈ।
ਸਲਾਹੁਦੀਨ ਦੀ ਇਸ ਟੀ ਵੀ ਇੰਟਰਵਿਊ ਦੇ ਬਾਅਦ ਭਾਰਤੀ ਗ੍ਰਹਿ ਮੰਤਰਾਲੇ ਨੇ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਜੋ ਦੁਨੀਆ ਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਨੂੰ ਸਲਾਹੁਦੀਨ ਨੇ ਆਪ ਮੰਨ ਲਿਆ ਹੈ। ਗ੍ਰਹਿ ਮੰਤਾਲੇ ਦੇ ਬੁਲਾਰੇ ਅਸ਼ੋਕ ਪ੍ਰਸ਼ਾਦ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਭਾਰਤ ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਸਲਾਹੁਦੀਨ ਦੇ ਸ਼ਾਮਲ ਹੋਣ ਦੀ ਗੱਲ ਕਹਿ ਰਹੇ ਸੀ। ਸਲਾਹੁਦੀਨ ਦੇ ਇਸ ਇੰਟਰਵਿਊ ਤੋਂ ਸਾਫ ਹੈ ਕਿ ਪਾਕਿਸਤਾਨ ਜਿੰਨੀ ਮਰਜ਼ੀ ਸਫਾਈ ਦੇਵੇ ਕਿ ਉਹ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਚਲਾ ਰਿਹਾ ਹੈ, ਸਲਾਹੁਦੀਨ ਵੱਲੋਂ ਦੋਸ਼ ਕਬੂਲ ਕਰਨ ਨੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਹੈ।