ਸਲਮਾਨ ਦਾ ਰਿਕਾਰਡ ਤੋੜਨਾ ਮੁਸ਼ਕਲ

slama khan
ਸਲਮਾਨ ਖਾਨ ਨੇ ਬਹੁਤ ਸਾਰੀਆਂ ਮਸਾਲਾ ਫਿਲਮਾਂ ਕਰਦੇ ਹੋਏ ਕਮਾਈ ਦੇ ਕਈ ਰਿਕਾਰਡ ਬਣਾਏ ਹਨ, ਪਰ ਫਿਲਮ ਆਲੋਚਕਾਂ ਨੇ ਰੀਵਿਊ ਕਰਨ ਦੇ ਦੌਰਾਨ ਕਦੇ ਉਨ੍ਹਾਂ ਦੀ ਪ੍ਰਸੰਸਾ ਨਹੀਂ ਕੀਤੀ। ਹੁਣੇ ਜਿਹੇ ਸਲਮਾਨ ਦੀ ‘ਟਿਊਬਲਾਈਟ’ ਨੂੰ ਆਲੋਚਕਾਂ ਦੇ ਨਾਲ ਦਰਸ਼ਕਾਂ ਨੇ ਵੀ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ। ਸਲਮਾਨ ਨੇ ਨਿਊ ਯਾਰਕ ਦੇ ਟਾਈਮਸ ਸਕਵੇਅਰ ਉੱਤੇ ‘ਟਿਊਬਲਾਈਟ’ ਦੇ ਵੱਡੇ ਵੱਡੇ ਬਿਲਬੋਰਡ ਲਾਏ, ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਇਸ ਨੂੰ 200 ਸਕਰੀਨਾਂ ‘ਤੇ ਰਿਲੀਜ਼ ਕੀਤਾ ਗਿਆ, ਫਿਰ ਵੀ ਉਸ ਨੇ ਵਿਦੇਸ਼ ਵਿੱਚ ਸਿਰਫ 22 ਕਰੋੜ ਰੁਪਏ ਦੀ ਕਮਾਈ ਕੀਤੀ। ਭਾਰਤ ਵਿੱਚ 4400 ਸਕਰੀਨਾਂ ‘ਤੇ ਰਿਲੀਜ਼ ਹੋ ਕੇ ਵੀ ਇਹ ਫਿਲਮ ਅਸਫਲ ਰਹੀ।
‘ਸੁਲਤਾਨ’ ਵਰਗੀ ਹਿੱਟ ਫਿਲਮ ਨਾਲ ਮਸ਼ਹੂਰ ਹੋ ਚੁੱਕੇ ਅਲੀ ਅੱਬਾਸ ਜਫਰ ‘ਟਾਈਗਰ ਜਿੰਦਾ ਹੈ’ ਵਿੱਚ ਪਹਿਲੀ ਵਾਰ ਕੌਮਾਂਤਰੀ ਪੱਧਰ ਦਾ ਐਕਸ਼ਨ ਫਿਲਮਾ ਰਹੇ ਹਨ। ਇਸ ਵਿੱਚ ਸਲਮਾਨ ਇੱਕ ਵਾਰ ਫਿਰ ਵੱਖਰੀ ਤਰ੍ਹਾਂ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਜਫਰ ਸਲਮਾਨ ਲਈ ਇੱਕ ਹੋਰ ਫਿਲਮ ‘ਭਾਰਤ’ ਦਾ ਨਿਰਦੇਸ਼ਨ ਵੀ ਕਰਨਗੇ। 2014 ਵਿੱਚ ਆਈ ‘ਕਿੱਕ’ ਦੇ ਸੀਕਵਲ ਵਿੱਚ ਸਲਮਾਨ ਦਾ ਡਬਲ ਰੋਲ ਹੋਵੇਗਾ। ਇਸ ਵਾਰ ਉਹ ਹੀਰੋ ਤੇ ਵਿਲੇਨ ਦੋਵੇਂ ਖੁਦ ਹੀ ਹੋਣਗੇ। ਸ਼ਾਹਰੁਖ ਨੇ ਸਲਮਾਨ ਦੀ ਫਿਲਮ ‘ਟਿਊਬਲਾਈਟ’ ਵਿੱਚ ਕੈਮੀਓ ਕੀਤਾ। ਇਹ ਪਹਿਲਾ ਮੌਕਾ ਸੀ, ਜਦੋਂ 10 ਸਾਲ ਬਾਅਦ ਸ਼ਾਹਰੁਖ ਅਤੇ ਸਲਮਾਨ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਏ। 10 ਸਾਲ ਪਹਿਲਾਂ ਸ਼ਾਹਰੁਖ ਦੇ ਹੋਮ ਪ੍ਰੋਡਕਸ਼ਨ ਦੀ ‘ਓਮ ਸ਼ਾਂਤੀ ਓਮ’ ਵਿੱਚ ਸਲਮਾਨ ਸ਼ਾਹਰੁਖ ਨਾਲ ਇੱਕ ਗੀਤ ਵਿੱਚ ਵੀ ਨਜ਼ਰ ਆਏ ਸਨ। ਹੁਣ ਸਲਮਾਨ ਹਿਸਾਬ ਚੁਕਾਉਣ ਦੇ ਇਰਾਦੇ ਨਾਲ ਆਨੰਦ ਐੱਲ ਰਾਏ ਨਿਰਦੇਸ਼ਿਤ ਸ਼ਾਹਰੁਖ ਦੀ ਫਿਲਮ ਵਿੱਚ ਕੈਮੀਓ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਸ਼ਾਹਰੁਖ ਪਹਿਲੀ ਵਾਰ ਬੌਣੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ। ਖਬਰ ਹੈ ਕਿ ਸਲਮਾਨ ਅਤੇ ਸ਼ਾਹਰੁਖ ਵਿਚਕਾਰ ਦੋਸਤੀ ਭਾਵੇਂ ਦੁਬਾਰਾ ਨਾ ਹੋ ਸਕੇ, ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਵਿਚਕਾਰ ਕੜਵਾਹਟ ਵਿੱਚ ਕਾਫੀ ਕਮੀ ਆਈ ਹੈ। ਅੱਜਕੱਲ੍ਹ ਦੋਵੇਂ ਇੱਕ ਦੂਜੇ ਦੀਆਂ ਫਿਲਮਾਂ ਦੀ ਪ੍ਰਮੋਸ਼ਨ ਵਿੱਚ ਲੱਗੇ ਹਨ। ਸਲਮਾਨ 100 ਕਰੋੜ ਕਲੱਬ ਵਾਲੀਆਂ ਲਗਾਤਾਰ 10 ਫਿਲਮਾਂ ਦੇਣ ਵਾਲੇ ਪਹਿਲੇ ਅਭਿਨੇਤਾ ਹਨ। ਫਿਲਹਾਲ ਉਸ ਦਾ ਇਹ ਰਿਕਾਰਡ ਤੋੜ ਸਕਣਾ ਨਾਮੁਕਿਨ ਜਿਹਾ ਨਜ਼ਰ ਆ ਰਿਹਾ ਹੈ।