ਸਰਾਪੀਆਂ ਜੂਹਾਂ

-ਸੁਖਦੇਵ ਸਿੰਘ ਮਾਨ
ਹਵਾ ਰੁਮਕ ਪਈ ਹੈ, ਪਰ ਛੱਤ ਉੱਤੇ ਪਿਆਂ ਵੀ ਨੀਂਦ ਨਹੀਂ ਆ ਰਹੀ। ਧੌਣ ਭੁਆ ਕੇ ਘਰ ਦੇ ਪਾਸੇ ਉਸਰੇ ਢਾਰਿਆਂ ਵੱਲ ਦੇਖਦਾ ਹਾਂ। ਮੇਰੇ ਘਰ ਦੀ ਛੱਤ ਢਾਰਿਆਂ ਨਾਲੋਂ ਥੋੜ੍ਹੀ ਉਚੀ ਹੈ। ਪਾਸੇ ਛੱਜਾ ਬੰਨ੍ਹਿਆ ਹੈ। ਸੁੱਤ ਅਨੀਦੇਂ ਬੰਦਾ ਉਠ ਵੀ ਪਵੇ, ਡਿੱਗਣ ਦਾ ਡਰ ਨਹੀਂ। ਅੱਜ ਮੈਂ ਰੰਮ ਵੀ ਨਹੀਂ ਲਾਈ, ਰੰਮ ਪੀਤਿਆਂ ਵੀ ਜ਼ਿਹਨ ਦੀ ਫਿਰਕੀ ਤੇਜ਼ ਘੁੰਮਣ ਲੱਗ ਪੈਂਦੀ ਹੈ। ਗੰਡਾਸੀ ਜ਼ਰੂਰ ਪਾਵੇ ਨਾਲ ਟਿਕਾਅ ਰੱਖੀ ਹੈ। ਤਾਰਿਆਂ ਨਾਲ ਭਰੀ ਰਾਤ ਨੂੰ ਟਿਕਟਿਕੀ ਲਾਈ ਦੇਖਦਾ ਹਾਂ। ਮਨ ਅੰਦਰ ਉਬਲਦਾ ਭਓਜਲ ਪੂਰੇ ਵੇਗ ‘ਤੇ ਹੈ। ਇਸ ਤਣਾਓ ਵਿੱਚ ਨੀਂਦ ਆਉਂਦੀ ਨਹੀਂ।
ਜਦੋਂ ਦਾ ਫੌਜ ਤੋਂ ਸੂਬੇਦਾਰੀ ਪੈਨਸ਼ਨ ਲੈ ਕੇ ਆਇਆ ਹਾਂ, ਉਸ ਤੋਂ ਮਗਰੋਂ ਜਾਪਦਾ ਹੈ, ਜਿਵੇਂ ਸਾਰੇ ਸਮਾਜ ਨਾਲ ਟਕਰਾ ਕੇ ਮੈਂ ਚੀਣਾ-ਚੀਣਾ ਹੋ ਜਾਵਾਂਗਾ। ਸਾਡੇ ਵਿਹੜੇ ਦਾ ਬਿੱਲੂ ਪੰਚ ਕਈ ਵਾਰ ਮੈਨੂੰ ਸਲਾਹ ਦਿੰਦਾ, ‘ਬਖਤੌਰ ਸਿਆਂ, ਤੂੰ ਪੜ੍ਹਿਆ ਲਿਖਿਆ ਬੰਦਾ ਏਂ। ਛੱਡ ਪਰਾਂਹ ਇਨ੍ਹਾਂ ਮੂਰਖਾਂ ਨੂੰ। ਸ਼ਹਿਰ ਵਿੱਚ ਕੋਠੀ ਲੈ ਲਾ। ਏਥੇ ਕੋਈ ਸੁਧਾਰ ਨ੍ਹੀਂ ਹੋਣਾ। ਕਿੰਨਿਆਂ ਨਾਲ ਆਪਾਂ ਲੜਦੇ ਫਿਰਾਂਗੇ। ਕੀਹਦੇ-ਕੀਹਦੇ ਨਾਲ ਸਿਰ ਦੀਆਂ ਠੀਕਰੀਆਂ ਕਰਾਂਗੇ। ਇਹ ਤਾਂ ਥਿੰਦੇ ਘੜੇ ਨੇ। ਬੂੰਦ ਪਈ ਤੇ ਤਿਲਕੀ।’
ਬਿੱਲੂ ਆਖਣ ਨੂੰ ਆਖ ਜਾਂਦਾ। ਫੇਰ ਉਸ ਅੰਦਰਲਾ ਮਨੁੱਖ ਮਾੜੀਆਂ ਸੋਚਾਂ ਨੂੰ ਢੁੱਢ ਮਾਰ ਖੋਰ ਕੇ ਸੁੱਟ ਦਿੰਦਾ। ਉਹ ਆਪਣਾ ਮਨ ਬਦਲ ਲੈਂਦਾ, ‘‘ਬਖਤੌਰਿਆ, ਊਂ ਯਾਰ ਕਿਹੜਾ ਵਾਰ ਵਾਰ ਜੰਮਣੈ। ਆਪਾਂ ਯਾਰ ਏਸ ਧਰਤੀ ਦੇ ਅਸਲ ਬਾਸ਼ਿੰਦੇ ਆਂ। ਦਰਾਵੜ ਆਂ ਆਪਾਂ ਯਾਰ। ਜੇ ਆਪਾਂ ਹਨੇਰੇ ਨੂੰ ਦੇਖ ਕੇ ਨੀਮੀਆਂ ਪਾ ਗਏ, ਫੇਰ ਸ਼ਮਾਦਾਨ ਕੀ ਕਹਿਣਗੇ?”
ਬਿੱਲੂ ਸੁਰਜੀਤ ਪਾਤਰ ਦੀਆਂ ਸਤਰਾਂ ਗਾਉਣ ਲੱਗ ਪੈਂਦਾ। ਬਿੱਲੂ ਨੇ ਮੈਨੂੰ ਇੱਕ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਪੜ੍ਹਨ ਨੂੰ ਦਿੱਤਾ ਸੀ। ਉਂਝ ਪੜ੍ਹਦਾ ਮੈਂ ਵੀ ਬਹੁਤ ਸੀ, ਪਰ ਬਿੱਲੂ ਨੇ ਮੈਨੂੰ ਨਾਵਲ ਦਾ ਉਹ ਪੈਰ੍ਹਾ ਪੜ੍ਹ ਕੇ ਸੁਣਾਇਆ ਸੀ, ਜਿਸ ਵਿੱਚ ਭਿਖਾਰੀ ਬਣ ਕੇ ਜਿਮੀਂਦਾਰਾਂ ਦੇ ਘਰਾਂ ਵਿੱਚੋਂ ਦਾਨ ਮੰਗਣ ਜਾਂਦੇ ਵਿਹੜੇ ਦੇ ਬਾਸ਼ਿੰਦੇ ਨੂੰ ਪੰਚ ਡਾਂਗ ਨਾਲ ਮੋੜਦਾ ਹੈ। ਬਿੱਲੂ ਹੀ ਮੈਨੂੰ ਬੰਤ ਝੱਬਰ ਦੀਆਂ ਲੱਤਾਂ-ਬਾਹਾਂ ਕੱਟਣ ਵਾਲੇ ਦਬੰਗਾਂ ਦੇ ਖਿਲਾਫ ਹੋਈ ਰੋਸ ਰੈਲੀ ਵਿੱਚ ਲੈ ਕੇ ਗਿਆ ਸੀ। ਬੁਰੀ ਤਰ੍ਹਾਂ ਅਪਾਹਜ ਕੀਤਾ ਬੰਤ ਇਨਕਲਾਬ ਦੇ ਗੀਤ ਗਾ ਰਿਹਾ ਸੀ। ਬੰਤ ਨੂੰ ਦੇਖ ਕੇ ਮੇਰੇ ਅੰਦਰਲਾ ਫੌਜੀ ਜਾਗ ਪਿਆ। ਮੈਂ ਵਿਹੜੇ ਵਾਲਿਆਂ ਨੂੰ ਉਨ੍ਹਾਂ ਦੇ ਦੁੱਖਾਂ ਦੇ ਕਾਰਨ ਦੱਸਣ ਲੱਗ ਪੈਂਦਾ।
ਕਈਆਂ ਨੂੰ ਮੈਂ ਸੀਰੀ ਪ੍ਰਥਾ ਦਾ ਫਸਤਾ ਵੱਢਣ ਲਈ ਵੀ ਮਨਾ ਲਿਆ। ਕਈ ਮੇਰੇ ਕਹੇ ਗੁਲਾਮੀ ਕਰਨ ਦੀ ਥਾਂ ਆਜ਼ਾਦ ਮਜ਼ਦੂਰੀ ਕਰਨ ਕਾਰਖਾਨਿਆਂ ਵਿੱਚ ਜਾਣ ਲੱਗ ਪਏ। ਵਿਹੜੇ ਦੀਆਂ ਔਰਤਾਂ ਜਿਮੀਂਦਾਰਾਂ ਦੇ ਘਰ ਗੋਹਾ ਕੂੜਾ ਕਰਨ ਦੀ ਥਾਂ ਹੋਰ ਧੰਦੇ ਕਰਨ ਲੱਗ ਪਈਆਂ।
ਪਿੰਡ ਦੇ ਆਗੂ ਬਣੇ ਬੰਦਿਆਂ ਦੀਆਂ ਅੱਖਾਂ ਵਿੱਚ ਮੈਂ ਰੜਕਣ ਲੱਗ ਪਿਆ। ਉਨ੍ਹਾਂ ਮੈਨੂੰ ਕਈ ਵਾਰ ਜਰਕਾਉਣ ਬਾਰੇ ਸੋਚਿਆ। ਬੰਤ ਝੱਬਰ ਨਾਲ ਹੋਈ ਬੀਤੀ ਦੱਸਣ ਦੀ ਕੋਸ਼ਿਸ਼ ਕੀਤੀ। ਉਹ ਗੱਲੀਂ-ਗੱਲੀਂ ਆਖ ਵੀ ਸਭ ਕੁਝ ਜਾਂਦੇ, ਪਰ ਝਿਜਕ ਵੀ ਮੰਨਦੇ। ਮੇਰਾ ਵੱਡਾ ਮੁੰਡਾ ਸਰਦੂਲ ਕੋਟੇ ‘ਚ ਭਰਤੀ ਹੋ ਕੇ ਪੁਲਸ ਇੰਸਪੈਕਟਰ ਬਣ ਗਿਆ ਸੀ। ਛੋਟਾ ਮਾਣਾ ਸਿਪਾਹੀ ਭਰਤੀ ਹੋ ਗਿਆ ਸੀ। ਮੁੰਡੇ ਮੇਰੇ ਖਰੇ ਸੁਭਾਅ ਨੂੰ ਜਾਣਦੇ ਸੀ। ਉਨ੍ਹਾਂ ਨਾਲ ਮੇਰਾ ਜਜ਼ਬਾਤੀ ਸੰਬੰਧ ਸੀ। ਜਦੋਂ ਮੈਥੋਂ ਪਿੰਡ ਵਿੱਚ ਕੋਈ ਸੱਚੀ ਗੱਲ ਕਹੀ ਜਾਂਦੀ ਤਾਂ ਆਗੂ ਬੰਦਿਆਂ ਦੇ ਫੋਨ ਮੁੰਡਿਆਂ ਕੋਲ ਜਾਣ ਲੱਗ ਪੈਂਦੇ। ਉਹ ਅਸਲੀਅਤ ਦਾ ਪਤਾ ਕਰਨ ਪਿੰਡ ਆ ਜਾਂਦੇ। ਮੈਂ ਬਿੱਲੂ ਪੰਚ ਨੂੰ ਸੱਦ ਕੇ ਸਾਰੀ ਗੱਲ ਦੱਸਦਾ, ‘‘ਕਾਕਾ, ਮੇਰੀ ਗੱਲ ਸੁਣ ਲਓ। ਤੁਸੀਂ ਵੀ ਇਨ੍ਹਾਂ ਮੁਸ਼ਕ ਮਾਰਦੀਆਂ ਬੀਹੀਆਂ ਵਿੱਚ ਰੁੜ੍ਹਦੇ ਐਸ ਪਦਵੀ ਨੂੰ ਪੁੱਜੇ ਹੋ। ਤੁਸੀਂ ਇਨ੍ਹਾਂ ਢਾਰਿਆਂ ਦਾ ਰਿਣ ਨਹੀਂ ਉਤਾਰਦੇ। ਮੈਨੂੰ ਤਾਂ ਭਗੌੜਾ ਨਾ ਬਣਾਓ। ਮੈਂ ਫੌਜੀ ਹਾਂ। ਕਾਨੂੰਨ ਤੋਂ ਬਾਹਰੀ ਕੋਈ ਗੱਲ ਨਹੀਂ ਕਰਦਾ, ਪਰ ਮੈਂ ਸਫੈਦਪੋਸ਼ਾਂ ਨੂੰ ਇਹ ਤਾਂ ਜ਼ਰੂਰ ਦੱਸੂੰ ਬਈ ਅਸੀਂ ਵੀ ਉਸੇ ਰੱਬ ਦੇ ਬਣਾਏ ਆਂ, ਜਿਸ ਨੇ ਥੋਨੂੰ ਬਣਾ ਕੇ ਘੱਲਿਆ।”
ਮੁੰਡੇ ਮੇਰੀ ਗੱਲ ਧਿਆਨ ਨਾਲ ਸੁਣਦੇ। ਉਨ੍ਹਾਂ ਪਿੰਡ ਦੇ ਚਲਾਕ ਬੰਦਿਆਂ ਦੇ ਫੋਨ ਸੁਣਨੇ ਬੰਦ ਕਰ ਦਿੱਤੇ। ਉਨ੍ਹਾਂ ਮੇਰਾ ਹੌਸਲਾ ਵੀ ਵਧਾਇਆ। ਵਿਹੜੇ ਦੇ ਵੀ ਕਈ ਬੰਦੇ ਮੇਰੀ ਸਾਫਗੋਈ ਨਾਲ ਹਮਦਰਦੀ ਕਰਨ ਲੱਗ ਪਏ। ਲੋਕ ਸਭਾ ਚੋਣਾਂ ਦਾ ਨੇੜ ਆ ਗਿਆ। ਮੈਂ ਵਿਹੜੇ ਵਾਲਿਆਂ ਨੂੰ ਕਿਸੇ ਪਾਰਟੀ ਤੋਂ ਸ਼ਰਾਬ, ਭੁੱਕੀ ਜਾਂ ਪੈਸਾ ਨਾ ਲੈਣ ਲਈ ਪ੍ਰੇਰਦਾ। ਮੇਰੇ ਮਗਰ ਬਿੱਲੂ ਪੰਚ ਵੀ ਆਖ ਦਿੰਦਾ।
‘‘ਭਾਈਚਾਰਿਆ, ਸਿਰਫ ਵੀਹ ਪੈਸੇ ਰੋਜ਼ ਦੇ ਬਣਦੇ ਐ। ਜਿਹੜਿਆਂ ਪਿੱਛੇ ਆਪਾਂ ਪੰਜ ਸਾਲ ਲਈ ਵਿਕ ਜਾਨੇ ਆਂ। ਵੋਟ ਪਾਓ ਜੀਹਨੂੰ ਮਰਜ਼ੀ, ਪਰ ਐਤਕੀਂ ਆਪਾਂ ਕਿਸੇ ਖੜਪੰਚ ਨੂੰ ਵਿਹੜੇ ਅੰਦਰ ਬੋਤਲਾਂ ਤੇ ਪੈਸੇ ਨ੍ਹੀਂ ਵੰਡਣ ਦੇਣੇ। ਆਪਣੀ ਯਾਰ ਕਿੰਨੀ ਕੁ ਗਰੀਬੀ ਚੁੱਕੀ ਜਾਊ ਹਜ਼ਾਰ ਨਾਲ? ਬਹੁਤ ਲਾਹਨਤ ਆਲੀ ਗੱਲ ਐ ਇਹ ਤਾਂ।”
ਕੁਝ ਦਿਨਾਂ ਤੱਕ ਸਾਡਾ ਭਾਈਚਾਰਾ ਦੁਬਿਧਾ ਵਿੱਚ ਰਿਹਾ। ਫੇਰ ਉਨ੍ਹਾਂ ਮੇਰੇ ਤੇ ਬਿੱਲੂ ਮੂਹਰੇ ਇੱਕ ਸ਼ਰਤ ਰੱਖ ਦਿੱਤੀ। ਵਿਹੜੇ ਦੀ ਧਰਮਸ਼ਾਲਾ ਦਾ ਇੱਕ ਕਮਰਾ ਢਾਹ ਕੇ ਇੱਕ ਦਬੰਗ ਨੇ ਰੂੜੀ ਲਾ ਰੱਖੀ ਸੀ। ਧਰਮਸ਼ਾਲਾ ਲਈ ਆਈ ਗਰਾਂਟ ਉਹ ਲੜਾਕੂ ਬੰਦਾ ਲੱਗਣ ਨਹੀਂ ਦਿੰਦਾ ਸੀ। ਉਸ ਦਾ ਕਹਿਣਾ ਸੀ ਕਿ ਕਿਸੇ ਜ਼ਮਾਨੇ ਵਿੱਚ ਮੇਰੇ ਵੱਡ-ਵਡੇਰਿਆਂ ਨੇ ਵਿਹੜੇ ਵਾਲਿਆਂ ਨੂੰ ਸੱਤ ਮਰਲੇ ਥਾਂ ਪੁੰਨ ਨਮਿਤ ਦਿੱਤੀ ਸੀ। ਇਸ ਕਰ ਕੇ ਥਾਂ ਉਹ ਵਾਅਦਾ ਸਮਝਦਾ ਸੀ। ਮੈਂ ਵੱਡੇ ਮੁੰਡੇ ਨੂੰ ਫੋਨ ਕਰ ਕੇ ਵਿਹੜੇ ਦੇ ਮੁੰਡੇ ਲਾ ਉਸ ਦੀ ਰੂੜੀ ਪਰ੍ਹੇ ਸੁਟਵਾ ਦਿੱਤੀ। ਬੰਦਾ ਥਾਣੇ ਵੱਲ ਭੱਜਿਆ। ਮੂਹਰੇ ਮੇਰਾ ਮੁੰਡਾ ਸਰਦੂਲ ਮੁੱਛਾਂ ਨੂੰ ਤਾਅ ਦੇਈ ਬੈਠਾ ਸੀ। ਪੁੱਠਾ ਮੁੜ ਆਇਆ। ਮੈਂ ਓਨਾ ਚਿਰ ਗੰਡਾਸੀ ਲਈ ਬੇਠਾ ਰਿਹਾ, ਜਿੰਨਾ ਚਿਰ ਧਰਮਸ਼ਾਲਾ ਦੇ ਕਮਰੇ ਦੀ ਛੱਤ ਨਾ ਪੈ ਗਈ। ਸਾਡੀ ਕਰੜਾਈ ਦੇਖ ਵਿਹੜੇ ਵਾਲਿਆਂ ਅੰਦਰੋਂ ਵੀ ਡਰ ਹੋਰ ਘਟ ਗਿਆ।
ਅਖੀਰ ਚੋਣਾਂ ਤੋਂ ਪਹਿਲਾਂ ਮੈਨੂੰ ਆਪਣੇ ਨਾਲ ਰਲਾਉਣ ਲਈ ਇੱਕ ਦਾਅ ਹੋਰ ਖੇਡਿਆ। ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਰਖਵਾ ਲਿਆ। ਯੂਥ ਕਲੱਬ ਦੇ ਮੁੰਡਿਆਂ ਨੇ ਟੂਰਨਾਮੈਂਟ ਦਾ ਜਿਹੜਾ ਇਸ਼ਤਿਹਾਰ ਛਪਵਾਇਆ, ਉਸ ਉਤੇ ਮੇਰੀ ਅਤੇ ਬਿੱਲੂ ਪੰਚ ਦੀ ਫੋਟੋ ਲਗਵਾ ਦਿੱਤੀ। ਨਾਲ ਸਾਡੇ ਗੁਰਦੁਆਰੇ ਦੇ ਮਹੰਤ ਦੀ ਫੋਟੋ ਛਾਪ ਦਿੱਤੀ। ਇਹ ਸਤਰਾਂ ਵੀ ਇਸ਼ਤਿਹਾਰ ਵਿੱਚ ਪਾ ਦਿੱਤੀਆਂ ਕਿ ਅਸੀਂ ਤਿੰਨੋਂ ਕਬੱਡੀ ਵਿੱਚ ਪਹਿਲੇ ਤੇ ਦੂਜੇ ਨੰਬਰ ‘ਤੇ ਆਈਆਂ ਟੀਮਾਂ ਨੂੰ ਇਨਾਮ ਵੰਡਾਂਗੇ। ਸਫੈਦਪੋਸ਼ਾਂ ਨੇ ਮੁੰਡਿਆਂ ਨੂੰ ਮੇਰੇ ਕੋਲ ਭੇਜ ਦਿੱਤਾ। ਮੈਂ ਮੁੰਡਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਸਾਡੇ ਸਮਾਜ ਨੂੰ ਗੇਰਨ ਵਾਲੇ ਕੰਮ ਇਹੀ ਮੁੰਡੇ ਕਰਦੇ ਸੀ। ਮੈਂ ਟੂਰਨਾਮੈਂਟ ਲਈ ਸੱਦਾ ਦੇਣ ਆਏ ਮੁੰਡਿਆਂ ਨੂੰ ਪੁੱਛਿਆ, ‘‘ਪਿਛਲੀਆਂ ਵੋਟਾਂ ਵੇਲੇ ਵਿਹੜੇ ‘ਚ ਸ਼ਰਾਬ ਤੇ ਪੈਸਾ ਥੋਡੇ ‘ਚੋਂ ਕਿਹੜੇ ਵੰਡਦੇ ਸੀ?”
ਮੇਰੀ ਗੱਲ ਸੁਣ ਉਨ੍ਹਾਂ ਦੇ ਮੂੰਹ ਉਡ ਗਏ। ਸਾਰੇ ਇੱਕ ਦੂਜੇ ਦੇ ਮਗਰ ਲੁਕਣ ਲੱਗ ਪਏ। ਹੋਰ ਕਿਸੇ ਗਰੀਬ ਨੇ ਇਹੀ ਗੱਲ ਕਹੀ ਹੁੰਦੀ ਤਾਂ ਉਹ ਮੁੰਡਿਆਂ ਨੇ ਗਲ ਪੈਣ ਲੱਗਿਆਂ ਮਿੰਟ ਲਾਉਣਾ ਸੀ, ਪਰ ਉਹ ਸਭ ਜਾਣਦੇ ਸੀ ਛੇ-ਛੇ ਫੁੱਟ ਦੇ ਦੋ ਕੁੰਢੀਆਂ ਮੁੱਛਾਂ ਵਾਲੇ ਮੇਰੇ ਪੁੱਤ ਥਾਣੇ ਵਿੱਚ ਸਰਕਾਰੀ ਵਰਦੀ ਵਿੱਚ ਸਨ।
‘ਕਾਕਾ, ਅਸੀਂ ਹੁਣ ਜਾਗ ਪਏ ਹਾਂ। ਸਾਨੂੰ ਬੰਦੇ ਸਮਝੋ। ਭੇਡਾਂ, ਬੱਕਰੀਆਂ, ਵਾਂਗ ਸਾਡਾ ਮੁੱਲ ਨਾ ਲਾਓ। ਵੋਟਾਂ ਲਓ, ਬੜੀ ਖੁਸ਼ੀ ਨਾਲ ਪਰ ਇਹ ਖਰੀਦੋ ਫਰੋਖਤ ਕਰਨ ਐਤਕੀਂ ਨਾ ਆਇਓ। ਉਂਝ ਵੀ ਇਹ ਗੈਰ ਕਾਨੂੰਨੀ ਕੰਮ ਐ। ਜਿਹੜਾ ਅਸੀਂ ਫੜ ਲਿਆ, ਪੁਲਸ ਦੇ ਹਵਾਲੇ ਕਰਾਂਗੇ।’ ਮੁੰਡੇ ਪੁੱਠੇ ਮੁੜ ਗਏ। ਮੈਂ ਟੂਰਨਾਮੈਂਟ ‘ਤੇ ਵੀ ਨਾ ਗਿਆ। ਖੇਡਾਂ ਵੀ ਹੁਣ ਸਿਆਸੀ ਲੋਕਾਂ ਦੀ ਢਾਲ ਦਾ ਸ਼ਿਕਾਰ ਹੋ ਚੁੱਕੀਆਂ ਨੇ।
ਚੋਣਾਂ ਤੋਂ ਪਹਿਲਾਂ ਦੀਆਂ ਦੋ ਰਾਤਾਂ ਅਸੀਂ ਵਿਹੜੇ ਦੀਆਂ ਬੀਹੀਆਂ ‘ਤੇ ਪਹਿਰਾ ਬਹਾ ਦਿੱਤਾ। ਪਹਿਰੇ ਵਾਲਿਆਂ ਦੀ ਚਾਹ ਲੈ ਕੇ ਆਇਆ ਬਿੱਲੂ ਪੰਚ ਹੱਸਣ ਲੱਗਾ, ‘‘ਦੇਖ ਲਓ ਬਖਤੌਰ ਸਿਆਂ। ਊਂ ਤਾਂ ਪਿੰਡ ਆਲੇ ਸਾਡੇ ਵਿਹੜੇ ਨੂੰ ਕੁੰਭੀ ਨਰਕ ਆਖਦੇ ਐ। ਆਹ ਵੋਟਾਂ ਆਲੀ ਰਾਤ ਵੱਡੇ ਚੌਧਰੀ ਗੰਧ ‘ਚ ਡਿੱਗਦੇ ਸਾਨੂੰ ਹਜ਼ਾਰ ਰੁਪਿਆ ਦੇ ਕੇ ਸਰਕਾਰ ਬਣਾਉਂਦੇ ਐ। ਉਸ ਰਾਤ ਕੁੰਭੀ ਨਰਕ ‘ਚ ਡਿੱਗਦਿਆਂ ਇਨ੍ਹਾਂ ਨੂੰ ਮੁਸ਼ਕ ਨ੍ਹੀਂ ਆਉਂਦਾ?”
ਇੱਕ ਰਾਤ ਸੌਖੀ ਲੰਘ ਗਈ। ਪੈਸੇ ਵੰਡਣ ਦੀ ਝਾਕ ਵਿੱਚ ਫਿਰਦੇ ਬੰਦੇ ਸਾਡੀ ਸੋਟੀ ਖੜਕਾਉਣ ‘ਤੇ ਪਰਤ ਜਾਂਦੇ। ਅਗਲੀ ਰਾਤ ਪੈਸੇ ਵੰਡਣ ਵਾਲਿਆਂ ਦਾ ਸਬਰ ਜਵਾਬ ਦੇਣ ਲੱਗ ਪਿਆ। ਲੜਾਈ ਝਗੜਾ ਹੋਣ ਦੀ ਨੌਬਤ ਆ ਸਕਦੀ ਸੀ। ਮੈਂ ਚੋਣ ਕਮਿਸ਼ਨ ਵੱਲੋਂ ਦਿੱਤੇ ਨੰਬਰ ‘ਤੇ ਗੱਲ ਕੀਤੀ। ਪੈਸੇ ਵੰਡਣ ਵਾਲਿਆਂ ਨੂੰ ਫੜਨ ਵਾਲਾ ਫਲਾਇੰਗ ਸਕੁਐਡ ਆ ਗਿਆ। ਮੈਂ ਦਬੰਗ ਬੰਦਿਆਂ ਦੀ ਮਨਸ਼ਾ ਬਾਰੇ ਦੱਸਿਆ ਤਾਂ ਸਾਡੇ ਭਾਈਚਾਰੇ ਵਿੱਚੋਂ ਭਰਤੀ ਹੋਏ ਇੱਕ ਪੁਲਸੀਏ ਨੇ ਮੇਰੀ ਬਾਂਹ ਫੜ ਪਾਸੇ ਕਰ ਲਿਆ, ‘‘ਸੂਬੇਦਾਰਾ, ਪੈਸੇ ਹੋਰ ਵਿਹੜਿਆਂ ਵਿੱਚ ਵੰਡੀ ਜਾਂਦੇ ਐ।”
ਮੈਂ ਵਿਰੋਧ ਕੀਤਾ, ‘‘ਗਲਤ ਗੱਲ ਐ। ਤੁਸੀਂ ਰੋਕਦੇ ਕਿਉਂ ਨਹੀਂ?”
ਉਸ ਨੇ ਦੁੱਖ ਨਾਲ ਕਿਹਾ, ‘‘ਸਾਡੇ ਉਤਲੇ ਅਫਸਰ ਆਖਰੀ ਰਾਤ ਵਿਕ ਗਏ। ਸਾਡਾ ਅਪਮਾਨ ਹੋ ਰਿਹਾ ਹੈ।”
ਉਹ ਖਾਮੋਸ਼ ਹੋ ਗਿਆ। ਮੈਂ ਉਸ ਦੀਆਂ ਅੱਖਾਂ ‘ਚ ਝਾਕਣ ਲੱਗਾ, ‘‘ਸੂਬੇਦਾਰਾ, ਐਥੇ ਈ ਡਟਿਆ ਰਹਿ। ਮੈਂ ਸੁਣਿਆ, ਹਰੇਕ ਹਨੇਰੀ ਰਾਤ ਮਗਰੋਂ ਸਵੇਰਾ ਜ਼ਰੂਰ ਹੁੰਦੈ। ਜਿਹੜੀਆਂ ਸਰਾਪੀਆਂ ਜੂਹਾਂ ‘ਚ ਇਨਸਾਨਾਂ ਦੀ ਕੀਮਤ ਲਾਉਂਦੇ ਫਿਰਦੇ ਐ, ਉਥੇ ਵੀ ਇੱਕ ਦਿਨ ਤੇਰੇ ਵਰਗੇ ਬੰਦੇ ਪੈਦਾ ਹੋਣਗੇ।”
ਉਹ ਮੇਰੇ ਮੋਢੇ ਨੂੰ ਥਾਪੜਾ ਦੇ ਜਿਪਸੀ ਵੱਲ ਤੁਰ ਪਿਆ। ਉਸ ਦੇ ਮੋਢਿਆਂ ‘ਤੇ ਲੱਗੇ ਸਟਾਰ ਟਿਊਬ ਦੇ ਚਾਨਣ ਵਿੱਚ ਲਿਸ਼ਕਾਂ ਮਾਰ ਰਹੇ ਸਨ।