ਸਰਵੇਖਣ ਮੁਤਾਬਕ ਪਾਕਿ ਵਿੱਚ ਲਟਕਵੀਂ ਪਾਰਲੀਮੈਂਟ ਦੇ ਆਸਾਰ


ਇਸਲਾਮਾਬਾਦ, 12 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਬਾਰੇ ਤਾਜ਼ਾ ਸਰਵੇਖਣ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਅਤੇ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਦਾ ਫਸਵਾਂ ਮੁਕਾਬਲਾ ਹੈ, ਜਿਸ ਕਰ ਕੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਨਹੀਂ ਹਨ ਤੇ ਉਥੇ ਲਟਕਵੀਂ ਪਾਰਲੀਮੈਂਟ ਸਾਹਮਣੇ ਆ ਸਕਦੀ ਹੈ। ਦੇਸ਼ ਦੇ ਜ਼ਿਆਦਾਤਰ ਲੋਕਾਂ ਦਾ ਵਿਚਾਰ ਹੈ ਕਿ ਇਹ ਚੋਣਾਂ ਗ਼ਲਤ ਦਿਸ਼ਾ ਵੱਲ ਜਾ ਰਹੀਆਂ ਹਨ। ਦੂਸਰੇ ਪਾਸੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਸ ਵਾਰ ਵੋਟ ਫ਼ੀਸਦੀ 2013 ਦੇ 76 ਫ਼ੀਸਦੀ ਤੋਂ ਵੱਧ ਕੇ 82 ਫ਼ੀਸਦੀ ਤਕ ਪੁੱਜ ਸਕਦਾ ਹੈ।
ਇਸ ਸੰਬੰਧ ਵਿੱਚ ਸਾਰੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰਵਾਏ ਸਰਵੇਖਣ ਅਨੁਸਾਰ 32 ਫ਼ੀਸਦੀ ਲੋਕਾਂ ਨੇ ਪੀ ਐੱਮ ਐੱਲ-ਐੱਨ ਦੇ ਪੱਖ ਵਿੱਚ, 29 ਫ਼ੀਸਦੀ ਲੋਕਾਂ ਨੇ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਤੇ 13 ਫ਼ੀਸਦੀ ਨੇ ਪੀ ਪੀ ਪੀ ਦੇ ਹੱਕ ਵਿੱਚ ਵੋਟ ਦੇਣ ਬਾਰੇ ਕਿਹਾ ਹੈ। ਇਹ ਸਾਰਾ ਸਰਵੇਖਣ ਇੰਸਟੀਚਿਊਟ ਆਫ ਪਬਲਿਕ ਓਪੀਨੀਅਨ ਰਿਸਰਚ ਅਤੇ ਅਮਰੀਕੀ ਫਰਮ ਗਲੋਬਲ ਸਟਰੈਟਜਿਕ ਪਾਰਟਨਰਸ ਨੇ ਮਿਲ ਕੇ 13 ਜੂਨ ਤੋਂ ਚਾਰ ਜੁਲਾਈ ਦੌਰਾਨ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ 35 ਫ਼ੀਸਦੀ ਵੋਟ ਲੈਣ ਵਾਲੀ ਪਾਰਟੀ ਦੇਸ਼ ਵਿੱਚ ਸਰਕਾਰ ਬਣਾ ਸਕਦੀ ਹੈ, ਜਦਕਿ ਦੇਸ਼ ਦੀ ਕੋਈ ਵੀ ਪਾਰਟੀ ਇਸ ਅੰਕੜੇ ਨੂੰ ਛੂਹ ਨਹੀਂ ਸਕੀ। ਚੋਟੀ ਦੇ ਛੇ ਲੀਡਰਾਂ ਵਿਚੋਂ ਸ਼ਾਹਬਾਜ਼ ਸ਼ਰੀਫ਼ ਸਭ ਤੋਂ ਜ਼ਿਆਦਾ ਮਕਬੂਲ ਸਿਆਸਤਦਾਨ ਹਨ। ਬਾਕੀ ਪੰਜਾਂ ਵਿਚ ਇਮਰਾਨ ਖ਼ਾਨ, ਨਵਾਜ਼ ਸ਼ਰੀਫ਼, ਸ਼ਾਹਿਦ ਖਾਕਾਨ ਅੱਬਾਸੀ, ਮਰੀਅਮ ਨਵਾਜ਼ ਤੇ ਬਿਲਾਵਲ ਭੁੱਟੋ ਸ਼ਾਮਿਲ ਹਨ। ਸਰਵੇਖਣ ਦੌਰਾਨ ਤਿੰਨ ਮੁੱਖ ਮੁੱਦੇ ਚਰਚਾ ਵਿੱਚ ਰਹੇ, ਜਿਨ੍ਹਾਂ ਵਿੱਚ ਪੀ ਐੱਮ ਐੱਲ-ਐੱਨ ਨੂੰ ਪਨਾਮਾ ਪੇਪਰਜ਼ ਦੇ ਭ੍ਰਿਸ਼ਟਾਚਾਰ ਕੇਸ ਕਾਰਨ ਭ੍ਰਿਸ਼ਟ ਪਾਰਟੀ ਮੰਨਿਆ ਗਿਆ। ਤਹਿਰੀਕ-ਏ-ਇਨਸਾਫ਼ ਨੂੰ ਭ੍ਰਿਸ਼ਟਾਚਾਰ ਨਾਲ ਲੜਨ ਵਾਲੀ ਪਾਰਟੀ ਦੱਸਿਆ ਗਿਆ ਅਤੇ ਇਮਰਾਨ ਖ਼ਾਨ ਦਾ ਬੁਸ਼ਰਾ ਨਾਲ ਨਿਕਾਹ ਤੇ ਰੇਹਮ ਖ਼ਾਨ ਦੀ ਪੁਸਤਕ ਵੀ ਚਰਚਾ ਵਿੱਚ ਰਹੀ। ਨਵਾਜ਼ ਸ਼ਰੀਫ਼ ਦੇ ਨਾਅਰੇ ‘ਵੋਟ ਕੋ ਇੱਜ਼ਤ ਦੋ’ ਅਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦੇ ਤੋਂ ਆਪਣੀ ਬਰਖਾਸਤਗੀ ਨੂੰ ‘ਖਲਾਈ ਮਖਲੂਕ’ ਕਾਰਨ ਪਾਰਟੀ ਵੋਟਾਂ ਉੱਤੇ ਅਸਰ ਪੈਣ ਦੇ ਆਸਾਰ ਹਨ।