ਸਰਬੱਤ ਖਾਲਸਾ ਵਾਲੇ ਜਥੇਦਾਰਾਂ ਨੇ ਛੋਟਾ ਘੱਲੂਘਾਰਾ ਟਰਸੱਟ ਦਾ ਮੁਖੀ ਅਹੁਦੇ ਤੋਂ ਹਟਾ ਕੇ ਤਨਖਾਹ ਲਾਈ

ਜਗੀਰ ਕੌਰ

ਜਗੀਰ ਕੌਰ

* ਜਗੀਰ ਕੌਰ ਨੂੰ ਧੀ ਦੀ ਮੌਤ ਦੇ ਕੇਸ ਵਿੱਚ ਤਲਬ ਕਰ ਲਿਆ
ਅੰਮ੍ਰਿਤਸਰ, 12 ਅਕਤੂਬਰ, (ਪੋਸਟ ਬਿਊਰੋ)- ਸਰਬੱਤ ਖਾਲਸਾ ਦੇ ਜਥੇਦਾਰਾਂ ਨੇ ਵਿਵਾਦਾਂ ਵਿੱਚ ਫਸੇ ਹੋਏ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਕੇਸ ਵਿੱਚ ਅੱਜ ਓਥੋਂ ਦੀ ਪ੍ਰਬੰਧਕੀ ਕਮੇਟੀ ਦੇ ਆਗੂ ਮਾਸਟਰ ਜੌਹਰ ਸਿੰਘ ਨੂੰ ਦੋਸ਼ੀ ਮੰਨ ਕੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਇਸ ਦੇ ਨਾਲ ਹੀ ਤਨਖਾਹ ਵੀ ਲਾਈ ਹੈ।
ਭਾਈ ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਸੂਬਾ ਸਿੰਘ ਅਤੇ ਮੇਜਰ ਸਿੰਘ ਨੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿੱਚ ਮਰਿਆਦਾ ਦੇ ਉਲਟ ਵਾਪਰੀ ਘਟਨਾ ਲਈ ਅੱਜ ਮਾਸਟਰ ਜੌਹਰ ਸਿੰਘ ਨੂੰ ਜ਼ਿੰਮੇਵਾਰ ਮੰਨਿਆ ਹੈ। ਇਨ੍ਹਾਂ ਜਥੇਦਾਰਾਂ ਨੇ ਜੌਹਰ ਸਿੰਘ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਟਰਸੱਟ ਦੀ ਪ੍ਰਧਾਨਗੀ ਤੋਂ ਸੇਵਾ ਮੁਕਤ ਕਰਨ ਦਾ ਆਦੇਸ਼ ਦੇਣ ਦੇ ਨਾਲ ਉਸ ਨੂੰ ਸੱਤ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਇੱਕ ਘੰਟਾ ਕੀਰਤਨ ਸੁਣਨ, ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਅਤੇ ਇੱਕ ਘੰਟਾ ਲੰਗਰ ਵਿੱਚ ਭਾਂਡੇ ਮਾਂਜਣ ਦੀ ਸੇਵਾ ਲਾਈ ਹੈ। ਸੱਤ ਦਿਨ ਦੀ ਸੇਵਾ ਪਿੱਛੋਂ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਅਖੰਡ ਪਾਠ ਕਰਾਉਣ ਤੇ 5100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦੇ ਆਦੇਸ਼ ਵੀ ਦਿੱਤੇ ਹਨ। ਮਾਸਟਰ ਜੌਹਰ ਸਿੰਘ ਨੇ ਜਥੇਦਾਰਾਂ ਵੱਲੋਂ ਲਾਈ ਗਈ ਤਨਖਾਹ ਨੂੰ ਕਬੂਲ ਕਰਦੇ ਹੋਏ ਕਿਹਾ ਕਿ ਉਹ ਭਲਕੇ ਤੋਂ ਹੀ ਇਹ ਸੇਵਾ ਸ਼ੁਰੂ ਕਰ ਦੇਵੇਗਾ।
ਇਸ ਦੌਰਾਨ ਸਰਬੱਤ ਖਾਲਸਾ ਜਥੇਦਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਜਗੀਰ ਕੌਰ ਨੂੰ ਸੱਤ ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਤਲਬ ਕਰ ਲਿਆ ਹੈ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਜਗੀਰ ਕੌਰ ਦੇ ਉੱਪਰ ਆਪਣੀ ਧੀ ਅਤੇ ਉਸ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਮਾਰਨ ਦਾ ਦੋਸ਼ ਹੈ। ਇਸ ਕੇਸ ਵਿੱਚ ਜਗੀਰ ਕੌਰ ਨੂੰ ਅਦਾਲਤ ਨੇ ਸਜ਼ਾ ਵੀ ਸੁਣਾਈ ਹੋਈ ਹੈ, ਇਸ ਦੇ ਬਾਵਜੂਦ ਉਹ ਧਾਰਮਿਕ ਅਹੁਦਿਆਂ ਉੱਤੇ ਬਣੀ ਹੋਈ ਹੈ, ਜਿਸ ਕਾਰਨ ਸੰਗਤਾਂ ਵਿੱਚ ਰੋਸ ਹੈ। ਇਸ ਸੰਬੰਧ ਵਿੱਚ ਸੰਗਤ ਵੱਲੋਂ ਸ਼ਿਕਾਇਤਾਂ ਵੀ ਆਈਆਂ ਹਨ। ਇਸ ਲਈ ਬੀਬੀ ਜਗੀਰ ਕੌਰ ਨੂੰ ਸੱਤ ਨਵੰਬਰ ਨੂੰ ਇਸੇ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਤਲਬ ਕੀਤਾ ਗਿਆ ਹੈ।
ਪੱਤਰਕਾਰਾਂ ਵੱਲੋਂ ਸੰਪਰਕ ਕੀਤੇ ਜਾਣ ਉੱਤੇ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹ ਸਰਬੱਤ ਖਾਲਸਾ ਦੇ ਇਨ੍ਹਾਂ ਜਥੇਦਾਰਾਂ ਨੂੰ ਜਥੇਦਾਰ ਹੀ ਨਹੀਂ ਮੰਨਦੀ, ਇਸ ਲਈ ਇਹ ਹਦਾਇਤ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 9 ਨਵੰਬਰ ਨੂੰ, ਨਤੀਜਾ 18 ਦਸੰਬਰ ਨੂੰ
ਨਵੀਂ ਦਿੱਲੀ, 12 ਅਕਤੂਬਰ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ 9 ਨਵੰਬਰ ਨੂੰ ਕਰਵਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਅੱਜ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਏ ਕੇ ਜੋਤੀ ਨੇ ਅੱਜ ਇਹ ਚੋਣ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਰਾਜ ਦੀਆਂ 68 ਵਿਧਾਨ ਸਭਾ ਸੀਟਾਂ ਲਈ ਇੱਕੋ ਗੇੜ ਵਿੱਚ 9 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਜਰਾਤ ਵਿੱਚ ਵੀ ਚੋਣਾਂ 18 ਦਸੰਬਰ ਤੋਂ ਪਹਿਲਾਂ ਕਰਵਾ ਲਈਆਂ ਜਾਣਗੀਆਂ, ਪਰ ਉਨ੍ਹਾਂ ਦੇ ਲਈ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਸਕੱਤਰ ਨੇ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਸ ਰਾਜ ਵਿੱਚ ਇਸ ਸਾਲ ਜੁਲਾਈ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਰਾਹਤ ਮੁਹਿੰਮ ਅਜੇ ਪੂਰੀ ਨਹੀਂ ਹੋਈ, ਇਸ ਲਈ ਹੜ੍ਹ ਰਾਹਤ ਮੁਹਿੰਮ ਅਤੇ ਹੋਰ ਕਾਰਨਾਂ ਕਰ ਕੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਬਾਅਦ ਵਿੱਚ ਐਲਾਨਿਆ ਜਾਵੇਗਾ।
ਹਿਮਾਚਲ ਪ੍ਰਦੇਸਲ ਬਾਰੇ ਜੋਤੀ ਨੇ ਦਸਿਆ ਕਿ ਚੋਣ ਪ੍ਰਕਿਰਿਆ 16 ਅਕਤੂਬਰ ਨੂੰ ਨੋਟੀਫ਼ੀਕੇਸ਼ਨ ਜਾਰੀ ਹੋਣ ਨਾਲ ਸ਼ੁਰੂ ਹੋਵੇਗੀ ਤੇ ਇਸੇ ਦਿਨ ਤੋਂ ਉਮੀਦਵਾਰ ਨਾਮਜ਼ਦਗੀ ਕਰ ਸਕਣਗੇ। ਹਿਮਾਚਲ ਪ੍ਰਦੇਸ਼ ਦੀ ਮੌਜੂਦਾ ਵਿਧਾਨ ਸਭਾ ਲਈ ਸਾਲ 2012 ਵਿੱਚ 20 ਦਸੰਬਰ ਨੂੰ ਚੋਣਾਂ ਮੁਕੰਮਲ ਹੋਈਆਂ ਸਨ। ਇਸ ਦੀ ਮਿਆਦ ਅਗਲੇ ਸਾਲ 7 ਜਨਵਰੀ ਤੱਕ ਹੈ।