ਸਰਬੱਤ ਖਾਲਸਾ ਵਾਲੇ ਜਥੇਦਾਰਾਂ ਨੇ ਸੱਚਾ ਸੌਦਾ ਡੇਰੇ ਤੋਂ ਵੋਟਾਂ ਮੰਗਣ ਵਾਲੇ ਸਿਆਸੀ ਆਗੂ ਤਲਬ ਕੀਤੇ

sarbatਅੰਮ੍ਰਿਤਸਰ, 15 ਮਾਰਚ, (ਪੋਸਟ ਬਿਊਰੋ)- ਸਰਬੱਤ ਖਾਲਸਾ ਵਿੱਚ ਨਿਯੁਕਤ ਕੀਤੇ ਜਥੇਦਾਰਾਂ ਨੇ ਡੇਰਾ ਸਿਰਸਾ ਤੋਂ ਚੋਣਾਂ ਲਈ ਸਮਰਥਨ ਮੰਗਣ ਵਾਲੇ ਸਿੱਖ ਸਿਆਸੀ ਆਗੂਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦੇ ਹੋਏ ਲਗਪਗ 40 ਆਗੂਆਂ ਨੂੰ 30 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰ ਲਿਆ ਹੈ। ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਜਾਂਚ ਰਿਪੋਰਟ ਵੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਚੁੱਕੀ ਹੈ ਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਬਾਰੇ ਇੱਕ-ਦੋ ਦਿਨਾਂ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਅਗਲੀ ਕਾਰਵਾਈ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਚੱਬਾ ਵਿੱਚ ਹੋਏ ਸਰਬੱਤ ਖਾਲਸਾ ਵਿੱਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਵਿੱਚ ਸ਼ਾਮਲ ਭਾਈ ਧਿਆਨ ਸਿੰਘ ਮੰਡ, ਸੰਤ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਨੇ ਅੱਜ ਏਥੇ ਅਕਾਲ ਤਖ਼ਤ ਵਿਖੇ ਮੱਥਾ ਟੇਕਣ ਪਿੱਛੋਂ ਮੀਡੀਆ ਨਾਲ ਗੱਲਬਾਤ ਵਿੱਚ ਖ਼ੁਲਾਸਾ ਕੀਤਾ ਕਿ ਇਸ ਕੇਸ ਦੀ ਜਾਂਚ ਲਈ ਉਨ੍ਹਾਂ ਵੱਲੋਂ ਬਣਾਈ ਤਿੰਨ ਮੈਂਬਰੀ ਜਾਂਚ ਟੀਮ ਨੇ ਆਪਣੀ ਜਿਹੜੀ ਰਿਪੋਰਟ ਸੌਂਪੀ ਹੈ, ਉਸਸ ਵਿੱਚ ਕਰੀਬ 40 ਸਿੱਖ ਉਮੀਦਵਾਰਾਂ ਦੇ ਨਾਂ ਹਨ, ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਸਿਰਸਾ ਜਾ ਕੇ ਵੋਟਾਂ ਲਈ ਸਮਰਥਨ ਮੰਗਿਆ। ਇਨ੍ਹਾਂ ਵਿੱਚ ਦੋ ਦਰਜਨ ਤੋਂ ਵੱਧ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਅਤੇ ਬਾਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਉਨ੍ਹਾਂ ਆਖਿਆ ਕਿ ਜੇ ਇਹ ਆਗੂ 30 ਮਾਰਚ ਨੂੰ ਸਪੱਸ਼ਟੀਕਰਨ ਦੇਣ ਲਈ ਹਾਜ਼ਰ ਨਾ ਹੋਏ ਤਾਂ ਸਿਧਾਂਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਰਬੱਤ ਖਾਲਸਾ ਦੇ ਜਥੇਦਾਰਾਂ ਵੱਲੋਂ ਤਲਬ ਕੀਤੇ ਮੁੱਖ ਸਿਆਸੀ ਪਾਰਟੀਆਂ ਦੇ ਸਿੱਖ ਆਗੂਆਂ ਵਿੱਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਜਨਮੇਜਾ ਸਿੰਘ ਸੇਖੋਂ, ਜੀਤ ਮਹਿੰਦਰ ਸਿੰਘ ਸਿੱਧੂ, ਦਿਲਰਾਜ ਸਿੰਘ ਭੂੰਦੜ, ਪ੍ਰਕਾਸ਼ ਸਿੰਘ ਭੱਟੀ, ਵਨਿੰਦਰ ਕੌਰ, ਗੁਲਜਾਰ ਸਿੰਘ, ਗੁਰਪ੍ਰੀਤ ਸਿੰਘ ਰਾਜੂ ਖੇੜਾ, ਹਰਦੀਪ ਸਿੰਘ ਢਿੱਲੋਂ, ਦੀਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਹਰਪ੍ਰੀਤ ਸਿੰਘ ਕੋਟ ਭਾਈ, ਰਣਜੀਤ ਸਿੰਘ ਤਲਵੰਡੀ, ਇੰਦਰ ਇਕਬਾਲ ਸਿੰਘ ਅਟਵਾਲ, ਸ਼ਰਨਜੀਤ ਸਿੰਘ ਢਿੱਲੋਂ, ਈਸ਼ਰ ਸਿੰਘ, ਜਗਦੀਪ ਸਿੰਘ, ਮਨਪ੍ਰੀਤ ਸਿੰਘ ਅਯਾਲੀ ਤੇ ਕਾਂਗਰਸ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਦਰਸ਼ਨ ਸਿੰਘ ਬਰਾੜ ਤੇ ਦਮਨ ਥਿੰਦ ਬਾਜਵਾ ਦੇ ਨਾਂ ਸ਼ਾਮਲ ਹਨ। ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਂ ਇਸ ਸੂਚੀ ਵਿੱਚ ਸ਼ਾਮਲ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਪਹਿਲਾਂ ਹੀ ਅਰਦਾਸ ਦੀ ਸਾਂਗ ਦੇ ਕੇਸ ਵਿੱਚ ਪੰਥ ਵਿੱਚੋਂ ਛੇਕਿਆ ਜਾ ਚੁੱਕਾ ਹੈ।