ਸਰਬੱਤ ਖਾਲਸਾ ਦੀ ਦਿੱਤੀ ‘ਜਥੇਦਾਰ’ ਦੀ ਜਿ਼ਮੇਵਾਰੀ ਭਾਈ ਅਜਨਾਲਾ ਨੇ ਛੱਡੀ


ਅਜਨਾਲਾ, 13 ਨਵੰਬਰ, (ਪੋਸਟ ਬਿਊਰੋ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਕਰੀਬ ਦੋ ਸਾਲ ਪਹਿਲਾਂ ਕੀਤੇ ਗਏ ਸਰਬੱਤ ਖਾਲਸਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਸੰਗਤ ਵੱਲੋਂ ਮਿਲੀ ਹੋਈ ਉਹ ਜ਼ਿੰਮੇਵਾਰੀ ਛੱਡਣ ਦਾ ਐਲਾਨ ਕੀਤਾ ਹੈ।
ਅੱਜ ਏਥੇ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ, ਜਿਹੜਾ ਭਾਈ ਅਮਰੀਕ ਸਿੰਘ ਦੀ ਸਰਪ੍ਰਸਤੀ ਵਿੱਚ ਚੱਲਦਾ ਹੈ, ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਵਿੱਚ ਭਾਈ ਅਜਨਾਲਾ ਨੇ ਕਿਹਾ ਕਿ ਜਿਹੜੀ ਆਸ ਦੇ ਨਾਲ ਸਰਬੱਤ ਖਾਲਸਾ ਨੇ ਉਨ੍ਹਾਂ ਨੂੰ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪੀ ਸੀ, ਉਸ ਨੂੰ ਸੰਗਤ ਦੀ ਆਸ ਅਨੁਸਾਰ ਨਿਭਾਉਣ ਤੋਂ ਉਹ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ‘ਮੈਂ ਆਪਣੀਆਂ ਊਣਤਾਈਆਂ, ਅਣਗਹਿਲੀਆਂ ਤੇ ਆਪਣੀ ਯੋਗਤਾ ਨੂੰ ਸਮਝਦਿਆਂ ਸੰਗਤ ਵੱਲੋਂ ਦਿੱਤੀ ਜ਼ਿੰਮੇਵਾਰੀ ਛੱਡ ਰਿਹਾ ਹਾਂ ਤੇ ਸੰਗਤ ਆਪਣੀ ਮਰਜ਼ੀ ਨਾਲ ਮੇਰੀ ਜਗ੍ਹਾ ਨਵਾਂ ਜਥੇਦਾਰ ਨਿਯੁਕਤ ਕਰ ਸਕਦੀ ਹੈ, ਕਿਉਂਕਿ ਇਹ ਹੱਕ ਸਰਬੱਤ ਖਾਲਸਾ ਅਤੇ ਸਮੁੱਚੇ ਪੰਥ ਦਾ ਹੈ।’ ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਸਮੇਂ ਵਿੱਚ ਜੇ ਬਾਕੀ ਜਥੇਦਾਰਾਂ ਨੇ ਕੋਈ ਮੀਟਿੰਗ ਕੀਤੀ ਤਾਂ ਉਹ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।
ਵਰਨਣ ਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਸਿੱਖ ਰਾਜਨੀਤੀ ਦਾ ਸਰਗਰਮ ਕੇਂਦਰ ਬਣਿਆ ਪਿਆ ਸੀ। ਭਾਈ ਅਜਨਾਲਾ ਨੂੰ ਮਨਾਉਣ ਲਈ ਏਥੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾਂ, ਪਰਮਜੀਤ ਸਿੰਘ ਤੇ ਵੱਸਣ ਸਿੰਘ ਜ਼ੱਫਰਵਾਲ ਸਮੇਤ ਕਈ ਸਿੱਖ ਆਗੂ ਆਏ ਸਨ, ਜਿਨ੍ਹਾਂ ਨਾਲ ਭਾਈ ਅਮਰੀਕ ਸਿੰਘ ਨਾਲ ਗੁਪਤ ਮੀਟਿੰਗਾਂ ਵੀ ਹੋਈਆਂ ਸਨ। ਭਾਈ ਅਜਨਾਲਾ ਪਹਿਲਾਂ ਕਈ ਵਾਰ ਕਹਿ ਚੁੱਕੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਚੱਬੇ ਦੀ ਧਰਤੀ ਉੱਤੇ ਲੱਖਾਂ ਦੀ ਗਿਣਤੀ ਵਿੱਚ ਜੁੜੀ ਸੰਗਤ ਨੂੰ ਉਸ ਵੇਲੇ ਥਾਪੇ ਗਏ ਜਥੇਦਾਰਾਂ ਤੋਂ ਕਈ ਆਸਾਂ ਸਨ, ਪਰ ਦੋ ਸਾਲ ਲੰਘਣ ਪਿੱਛੋਂ ਵੀ ਪੂਰੀਆਂ ਨਹੀਂ ਹੋ ਸਕੀਆਂ। ਅਜਨਾਲਾ ਨੇ ਸਾਫ ਕਿਹਾ ਕਿ ਸਰਬੱਤ ਖਾਲਸਾ ਦੇ ਜਥੇਦਾਰ ਕੌਮ ਨੂੰ ਨਵੀਂ ਸੇਧ ਨਹੀਂ ਦੇ ਸਕੇ।