ਸਰਬਜੀਤ ਕਤਲ ਕੇਸ ਵਿੱਚ ਲਾਹੌਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਦਾ ਗ੍ਰਿਫਤਾਰੀ ਵਾਰੰਟ

lahore jail
ਲਾਹੌਰ, 16 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਇੱਕ ਅਦਾਲਤ ਨੇ 2013 ਦੇ ਸਰਬਜੀਤ ਸਿੰਘ ਕਤਲ ਕੇਸ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਜੱਜ ਨੇ ਸਰਬਜੀਤ ਸਿੰਘ ਦੀ ਹੱਤਿਆ ਨਾਲ ਸਬੰਧਤ ਕੇਸ ਦੀ ਕਾਰਵਾਈ ਵਿੱਚ ਹਿੱਸਾ ਨਾ ਲੈਣ ਉੱਤੇ ਇਹ ਵਾਰੰਟ ਜਾਰੀ ਕੀਤੇ। ਇਸ ਤੋਂ ਪਹਿਲਾਂ ਵੀ ਡਿਪਟੀ ਸੁਪਰਡੈਂਟ ਵਿਰੁੱਧ ਅਦਾਲਤ ਵੱਲੋਂ ਸੰਮਨ ਜਾਰੀ ਕੀਤਾ ਗਿਆ ਸੀ। ਲਾਹੌਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਲਾਹੌਰ ਪੁਲਸ ਮੁਖੀ ਨੂੰ ਹੁਕਮ ਦਿੱਤਾ ਹੈ ਕਿ ਉਹ ਕੋਟ ਲਖਪਤ ਜੇਲ੍ਹ ਦੇ ਸੁਪਰਡੈਂਟ ਦੀ 17 ਫਰਵਰੀ ਨੇ ਅਦਾਲਤ ਵਿੱਚ ਪੇਸ਼ੀ ਯਕੀਨੀ ਬਣਾਈ ਜਾਵੇ।
ਵਰਨਣ ਯੋਗ ਹੈ ਕਿ ਸਰਬਜੀਤ ਨੂੰ 1990 ਵਿੱਚ ਪਾਕਿਸਤਾਨ ਵਿੱਚ ਬੰਬ ਧਮਾਕਾ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ। ਲਾਹੌਰ ਵਿੱਚ ਕੋਟ ਲਖਪਤ ਕੇਂਦਰੀ ਜੇਲ੍ਹ ਵਿੱਚ ਤਕਰੀਬਨ ਚਾਰ ਸਾਲ ਪਹਿਲਾਂ ਸਰਬਜੀਤ ਦੀ ਹੱਤਿਆ ਕਰ ਦਿੱਤੀ ਗਈ ਸੀ। ਜੇਲ੍ਹ ਵਿੱਚ ਮੌਤ ਦੀ ਸਜ਼ਾ ਕੱਟ ਰਹੇ ਦੋ ਕੈਦੀ ਆਮਿਰ ਤਾਂਬਾ ਅਤੇ ਮੁਦੱਸਰ ਨੇ ਮਈ 2013 ਵਿੱਚ ਸਰਬਜੀਤ Ḕਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਲਾਹੌਰ ਹਾਈ ਕੋਰਟ ਦੇ ਇੱਕ ਮੈਂਬਰੀ ਜੁਡੀਸ਼ਲ ਕਮਿਸ਼ਨ ਦੇ ਜੱਜ ਮਜ਼ਹਰ ਅਲੀ ਅਕਬਰ ਨਕਵੀ ਨੇ ਸੈਸ਼ਨ ਕੋਰਟ ਵਿੱਚ ਮਾਮਲਾ ਸ਼ੁਰੂ ਹੋਣ ਤੋਂ ਪਹਿਲਾਂ ਸਰਬਜੀਤ ਕੇਸ ਦੀ ਜਾਂਚ ਕੀਤੀ ਸੀ। ਨਕਵੀ ਨੇ ਇਸ ਬਾਰੇ 40 ਗਵਾਹਾਂ ਦੇ ਬਿਆਨ ਦਰਜ ਕੀਤੇ ਅਤੇ ਇਸ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ। ਇਸ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ।
ਜੁਡੀਸ਼ਲ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਦੇ ਰਾਹੀਂ ਸਰਬਜੀਤ ਦੇ ਰਿਸ਼ਤੇਦਾਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਸਕਣ ਤੇ ਜੇ ਉਨ੍ਹਾਂ ਕੋਲ ਹੱਤਿਆ ਨਾਲ ਸੰਬੰਧਤ ਕੋਈ ਸਬੂਤ ਹੈ ਤਾਂ ਉਨ੍ਹਾਂ ਨੂੰ ਪੇਸ਼ ਕੀਤਾ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਸਰਬਜੀਤ ਦੇ ਪਰਵਾਰ ਨੇ ਬਿਆਨ ਦਰਜ ਨਹੀਂ ਕਰਾਏ। ਕਮਿਸ਼ਨ ਨੂੰ ਦਿੱਤੇ ਬਿਆਨ ਵਿੱਚ ਆਮਿਰ ਤੇ ਮੁਦੱਸਰ ਨੇ ਆਪਣਾ ਜੁਰਮ ਮੰਨਦੇ ਹੋਏ ਕਿਹਾ ਸੀ ਕਿ ਉਹ ਸਰਬਜੀਤ ਦੀ ਹੱਤਿਆ ਕਰ ਕੇ ਲਾਹੌਰ ਅਤੇ ਫੈਸਲਾਬਾਦ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦਾ ਬਦਲਾ ਲੈਣਾ ਚਾਹੁੰਦੇ ਸਨ।