ਸਰਜੀਕਲ ਸਟਰਾਈਕ ਅਤੇ ਕਾਲਾ ਧਨ : ਕੀ ਬਦਲਿਆ, ਕੀ ਮਿਲਿਆ


-ਪੂਨਮ ਆਈ ਕੌਸ਼ਿਸ਼
ਰੁੱਖੇ ਜਿਹੇ ਸਿਆਸੀ ਮੌਸਮ ਨੂੰ ਦੋ ਖਬਰਾਂ ਨੇ ਗਰਮਾ ਦਿੱਤਾ। ਇਨ੍ਹਾਂ ‘ਚੋਂ ਇੱਕ ਕਾਲੇ ਧਨ ਬਾਰੇ ਹੈ ਕਿ 2017 ਵਿੱਚ ਸਵਿੱਟਜ਼ਰਲੈਂਡ ਵਿੱਚ ਜਮ੍ਹਾਂ ਭਾਰਤ ਦੇ ਕਾਲੇ ਧਨ ਜਮ੍ਹਾਂ ਵਿੱਚ 50 ਫੀਸਦੀ ਵਾਧਾ ਹੋਇਆ ਹੈ ਅਤੇ ਇਹ 1.01 ਬਿਲੀਅਨ ਫਰੈਂਕ, ਭਾਵ 7000 ਕਰੋੜ ਰੁਪਏ ਤੱਕ ਪਹੁੰਚ ਗਿਆ, ਜਦ ਕਿ ਇਸ ਤੋਂ ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਵੱਲੋਂ ਕਾਲੇ ਧਨ ਵਿਰੁੱਧ ਕੀਤੀ ਕਾਰਵਾਈ ਕਾਰਨ ਸਵਿਸ ਬੈਂਕਾਂ ਵਿੱਚ ਜਮ੍ਹਾਂ ਰਕਮ ਵਿੱਚ ਕਮੀ ਆਈ ਤੇ ਮੋਦੀ ਨੇ ਐਲਾਨ ਕੀਤਾ ਸੀ ਕਿ ਸਵਿਸ ਬੈਂਕਾਂ ਵਿੱਚ ਜਮ੍ਹਾਂ ਭਾਰਤੀਆਂ ਦੇ ਸਾਰੇ ਕਾਲੇ ਧਨ ਨੂੰ ਉਹ ਵਾਪਸ ਲਿਆਉਣਗੇ ਅਤੇ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣਗੇ। ਨਰਿੰਦਰ ਮੋਦੀ ਦਾ ‘ਮੈਂ ਨਾ ਖਾਂਦਾ ਹਾਂ, ਨਾ ਖਾਣ ਦਿਆਂਗਾ’ ਵਾਲਾ ਵਾਕ ਅੱਜ ਇੱਕ ਟੋਟਕਾ ਜਿਹਾ ਬਣ ਕੇ ਰਹਿ ਗਿਆ ਹੈ।
ਦੂਸਰੀ ਖਬਰ 28-29 ਸਤੰਬਰ 2016 ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕੀਤੇ ਗਏ ਸਰਜੀਕਲ ਸਟਰਾਈਕ ਦੀ ਵੀਡੀਓ ਕਲਿੱਪ ਬਾਰੇ ਹੈ। ਇਹ ਸਰਜੀਕਲ ਸਟਰਾਈਕ ਉੜੀ ਸੈਕਟਰ ਵਿੱਚ ਉਸ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ, ਜਿਸ ਵਿੱਚ 19 ਭਾਰਤੀ ਜਵਾਨ ਮਾਰੇ ਗਏ ਸਨ। ਭਾਰਤ ਵੱਲੋਂ ਕੀਤੇ ਇਸ ਸਰਜੀਕਲ ਸਟਰਾਈਕ ਨਾਲ ਅੱਤਵਾਦੀਆਂ ਦੇ ਨੌਂ ਅੱਡੇ ਤੇ ਬੰਕਰ ਤਬਾਹ ਹੋਏ ਸਨ ਕਈ ਅੱਤਵਾਦੀ ਮਾਰੇ ਗਏ ਸਨ। ਇਹ ਭਾਰਤ ਦੀ ਨੀਤੀ ਵਿੱਚ ਇੱਕ ਰਣਨੀਤਕ ਤਬਦੀਲੀ ਦਾ ਸੰਕੇਤ ਵੀ ਸੀ ਕਿ ਅੱਖ ਬਦਲੇ ਅੱਖ ਕੱਢੀ ਜਾਵੇਗੀ। ਪਾਕਿਸਤਾਨ ਇਸ ਕਾਰਵਾਈ ਦੇ ਨਾਲ ਹੱਕਾ-ਬੱਕਾ ਰਹਿ ਗਿਆ ਸੀ।
ਇਹ ਦੋਵੇਂ ਖਬਰਾਂ ਪੁਰਾਣੀਆਂ ਹਨ, ਪਰ ਸਾਡੇ ਨੇਤਾ ਇਨ੍ਹਾਂ ਉਤੇ ਰੌਲਾ ਪਾਉਣ ਤੋਂ ਬਾਜ਼ ਨਹੀਂ ਆ ਰਹੇ। ਏਥੋਂ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਸਿਆਸੀ ਮੱਤਭੇਦ ਕਿੰਨੇ ਡੂੰਘੇ ਹੋ ਗਏ ਹਨ। ਸਰਜੀਕਲ ਸਟਰਾਈਕ ਤੋਂ ਕੁਝ ਹਫਤਿਆਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਨ੍ਹਾਂ ਬਾਰੇ ਸ਼ੱਕ ਪ੍ਰਗਟਾਇਆ ਸੀ ਤੇ ਰਾਹੁਲ ਗਾਂਧੀ ਨੇ ਮੋਦੀ ਉੱਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਸਰਜੀਕਲ ਸਟਰਾਈਕ ਦਾ ਸਿਆਸੀਕਰਨ ਕੀਤਾ ਹੈ ਤੇ ਉਹ ਫੌਜ ਦੇ ਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਅੱਜ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਭਾਜਪਾ ਉਤੇ ਜਵਾਨਾਂ ਦੀ ਕੁਰਬਾਨੀ ਦਾ ਲਾਹਾ ਲੈਣ ਦੇ ਦੋਸ਼ ਲਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਵਾਲੇ ਅਗਲੇ ਸਾਲ ਤੋਂ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਸ ਦੀ ਵਰਤੋਂ ਵੋਟਾਂ ਹਾਸਲ ਕਰਨ ਲਈ ਕਰ ਰਹੇ ਹਨ ਤੇ ਨਾਲ ਆਪਣੀ ਸਰਕਾਰ ਦੀਆਂ ਨਾਕਾਮੀਆਂ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਬਿਨਾਂ ਸ਼ੱਕ ਸਰਜੀਕਲ ਸਟਰਾਈਕ ਦੇ ਵੀਡੀਓ ਕਲਿੱਪ ਜਾਰੀ ਕਰਨ ਦਾ ਸਮਾਂ ਕੁਝ ਸ਼ੱਕ ਪੈਦਾ ਕਰਦਾ ਹੈ ਕਿ ਭਾਜਪਾ ਆਪਣੇ ਰਾਸ਼ਟਰਵਾਦੀ ਅਕਸ ਦਾ ਲਾਭ ਉਠਾਉਣਾ ਚਾਹੁੰਦੀ ਹੈ ਤੇ ਵਿਰੋਧੀ ਧਿਰ ਨੂੰ ਭਾਰਤੀ ਫੌਜ ਦੀ ਸਮਰੱਥਾ ‘ਤੇ ਸ਼ੱਕ ਪ੍ਰਗਟਾਉਣ ਵਾਲਿਆਂ ਵਜੋਂ ਪੇਸ਼ ਕਰਨਾ ਚਾਹੰੁਦੀ ਹੈ। ਡਿਪਲੋਮੈਟਿਕ ਪੱਖ ਤੋਂ ਸਰਜੀਕਲ ਸਟਰਾਈਕ ਦਾ ਨਾ ਸਿਰਫ ਭੌਤਿਕ ਅਤੇ ਮਨੋਵਿਗਿਆਨਕ ਅਸਰ ਪਿਆ ਹੈ, ਸਗੋਂ ਉਨ੍ਹਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਭਾਰਤ ਦੀ ਪਾਕਿ ਨੀਤੀ ਵਿੱਚ ਤਬਦੀਲੀ ਆਈ ਅਤੇ ਭਾਰਤ ਬੀਤੇ ਸਮੇਂ ਵਾਂਗ ਪਾਕਿਸਤਾਨ ਅਤੇ ਉਸ ਦੀ ਅੱਤਵਾਦੀ ਫੌਜ ਨਾਲ ਨਜਿੱਠਣ ਲਈ ਪੁਰਾਣੇ ਤੌਰ ਤਰੀਕੇ ਨਹੀਂ ਅਪਣਾਏਗਾ। ਫਿਰ ਵੀ ਪਾਕਿਸਤਾਨ ਨੇ ਅੱਤਵਾਦੀਆਂ ਦੀ ਹਮਾਇਤ ਕਰਨੀ ਬੰਦ ਨਹੀਂ ਕੀਤੀ।
ਸਵਾਲ ਉਠਦਾ ਹੈ ਕਿ ਕੀ ਸਰਜੀਕਲ ਸਟਰਾਈਕ ਨਾਲ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਨੂੰ ਖਤਮ ਕਰਨ ਦਾ ਉਦੇਸ਼ ਪੂਰਾ ਹੋਇਆ ਹੈ? ਕੀ ਇਸ ਨਾਲ ਜ਼ਮੀਨੀ ਪੱਧਰ ‘ਤੇ ਕੋਈ ਤਬਦੀਲੀ ਆਈ? ਜੇ ਆਈ ਹੈ ਤਾਂ ਕਿਹੜੀ? ਕੀ ਇਸ ਨਾਲ ਕਸ਼ਮੀਰ ਵਿੱਚ ਅੱਤਵਾਦੀ ਹਿੰਸਾ ਵਿੱਚ ਕੋਈ ਕਮੀ ਆਈ? ਕੀ ਇਸ ਨਾਲ ਘੁਸਪੈਠ ਅਤੇ ਪੱਥਰਬਾਜ਼ੀ ਵਿੱਚ ਕਮੀ ਆਈ? ਬਿਲਕੁਲ ਨਹੀਂ। ਇਸ ਦੀ ਥਾਂ ਕਸ਼ਮੀਰੀ ਨੌਜਵਾਨ ਅਜੇ ਵੀ ਅੱਤਵਾਦੀ ਗਰੁੱਪਾਂ ਵਿੱਚ ਸ਼ਾਮਲ ਹੋ ਰਹੇ ਹਨ।
ਭਾਰਤ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਮਾਮਲਿਆਂ ਵਿੱਚ ਦਖਲ ਨਾ ਦਿਓ। ਇਸ ਨਾਲ ਮੋਦੀ ਦੀ ਭਰੋਸੇਯੋਗਤਾ ਵਧੀ ਸੀ ਕਿ ਉਹ ਕੌਮੀ ਸੁਰੱਖਿਆ ਦੇ ਮੋਰਚੇ ਉਤੇ ਅਗਾਂਹਵਧੂ ਨੀਤੀ ਅਪਣਾ ਰਹੇ ਹਨ। ਇਸ ਦੇ ਨਾਲ ਭਾਰਤ ਸਰਕਾਰ ਨੇ ਅੱਤਵਾਦੀਆਂ ਵਿਰੁੱਧ ਨੀਤੀ ਮਾਮਲੇ ਵਿੱਚ ਕੋਈ ਸਮਝੌਤਾ ਨਾ ਕਰਨ ਤੇ ਬਲੋਚਿਸਤਾਨ ਵਿੱਚ ਬਾਗੀਆਂ ਨੂੰ ਜਨਤਕ ਤੌਰ ‘ਤੇ ਸਮਰਥਨ ਦੇਣ ਦਾ ਐਲਾਨ ਕਰ ਕੇ ਸੰਕੇਤ ਦਿੱਤਾ ਸੀ ਕਿ ਭਾਰਤ ‘ਯੂਨਾਈਟਿਡ ਪਾਕਿਸਤਾਨ’ ਦੇ ਲਈ ਬਦਲ ਲੱਭ ਰਿਹਾ ਹੈ ਤੇ ਇਸ ਦੀ ਵੰਡ ਕਰਨ ਵਿੱਚ ਸਹਾਇਤਾ ਕਰਨ ਨੂੰ ਤਿਆਰ ਹੈ।
ਸਰਜੀਕਲ ਸਟਰਾਈਕ ਕੰਟਰੋਲ ਲਾਈਨ ਦੇ ਪਾਰ ਪਹਿਲੀ ਅਜਿਹੀ ਫੌਜੀ ਕਾਰਵਾਈ ਸੀ, ਜਿਸ ਨੂੰ ਭਾਰਤ ਦੇਸ਼ ਦੇ ਸਿਆਸੀ ਆਗੂਆਂ ਨੇ ਸਵੀਕਾਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਅਜਿਹੇ ਸਰਜੀਕਲ ਸਟਰਾਈਕ ਹੋਏ, ਪਰ ਨਾ ਉਨ੍ਹਾਂ ਦਾ ਜਨਤਕ ਐਲਾਨ ਹੋਇਆ ਅਤੇ ਨਾ ਫੌਜੀ ਤੌਰ ਉਤੇ ਉਨ੍ਹਾਂ ਨੂੰ ਸਵੀਕਾਰ ਕੀਤਾ ਗਿਆ, ਸਗੋਂ ਗੁਪਤ ਰੱਖਿਆ ਸੀ। ਇਸ ਦੀ ਵਜ੍ਹਾ ਇਨ੍ਹਾਂ ਦਾ ਸੀਮਤ ਉਦੇਸ਼ ਤੇ ਦੋਵਾਂ ਧਿਰਾਂ ਨੂੰ ਕੂਟਨੀਤਕ ਰਾਹ ਖੁੱਲ੍ਹਾ ਰੱਖਣ ਦਾ ਮੌਕਾ ਦੇਣਾ ਸੀ ਤਾਂ ਕਿ ਭਵਿੱਖ ਵਿੱਚ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਕਾਇਮ ਹੋ ਸਕੇ, ਪਰ ਸਤੰਬਰ 2016 ਵਿੱਚ ਉਦੋਂ ਸਭ ਕੁਝ ਬਦਲ ਗਿਆ, ਜਦੋਂ ਸਰਜੀਕਲ ਸਟਰਾਈਕ ਨੂੰ ਸਿਆਸੀ ਪੱਖੋਂ ਮੰਨ ਕੇ ਉਸ ਦਾ ਜਨਤਕ ਐਲਾਨ ਕੀਤਾ ਗਿਆ। ਇਸ ਨਾਲ ਸਿਰਫ ਨਵਾਂ ਰਾਹ ਖੁੱਲ੍ਹਿਆ, ਪਾਕਿਸਤਾਨ ‘ਤੇ ਦਬਾਅ ਵਧਿਆ ਕਿ ਉਹ ਕੰਟਰੋਲ ਲਾਈਨ ਦੀ ਮੈਨੇਜਮੈਂਟ ਲਈ ਉਪਾਅ ਕਰੇ।
ਇਹ ਸੱਚ ਹੈ ਕਿ ਕਸ਼ਮੀਰ ਵਾਦੀ ਵਿੱਚ ਹਿੰਸਾ ਵਧੀ ਹੈ, ਪਰ ਜਿਸ ਤਰ੍ਹਾਂ ਪਾਕਿਸਤਾਨੀ ਅੱਤਵਾਦੀ ਫੌਜ ਦੇ ਕੈਂਪਾਂ, ਫੌਜੀ ਅਦਾਰਿਆਂ ਆਦਿ ਉਤੇ ਹਮਲੇ ਕਰਦੇ ਸਨ, ਉਨ੍ਹਾਂ ਵਿੱਚ ਕਮੀ ਆਈ ਅਤੇ ਇੱਕ ਲੁਕਵੀਂ ਲਛਮਣ ਰੇਖਾ ਖਿੱਚੀ ਗਈ ਹੈ। ਕੌਮਾਂਤਰੀ ਨਜ਼ਰੀਏ ਤੋਂ ਇਸ ਸਰਜੀਕਲ ਸਟਰਾਈਕ ਲਈ ਭਾਰਤ ਨੂੰ ਅਮਰੀਕਾ ਦੀ ਹਮਾਇਤ ਮਿਲੀ ਅਤੇ ਉਸ ਨੇ ਭਾਰਤ ਦੀ ਆਲੋਚਨਾ ਨਹੀਂ ਕੀਤੀ। ਹੋਰ ਤਾਂ ਹੋਰ, ਦੁਨੀਆ ਦੇ ਬਾਕੀ ਦੇਸ਼ ਵੀ ਚੁੱਪ ਰਹੇ।
ਪਾਕਿਸਤਾਨ ਦੇ ਮਿੱਤਰ ਚੀਨ ਨੇ ਇਸ ਦਾ ਸਮਰਥਨ ਨਹੀਂ ਕੀਤਾ। ਅਸਲ ਵਿੱਚ ਜਦੋਂ ਭਾਰਤ ਨੇ ਯੂ ਐਨ ਜਨਰਲ ਅਸੈਂਬਲੀ ਵਿੱਚ ਅੱਤਵਾਦ ਬਾਰੇ ਪਾਕਿਸਤਾਨ ਦਾ ਦੋਗਲਾਪਣ ਜ਼ਾਹਿਰ ਕੀਤਾ ਤਾਂ ਚੀਨ ਭਾਰਤ ਨਾਲ ਨਾਰਾਜ਼ ਹੋਇਆ, ਪਰ ਉਸ ਨੇ ਇਹ ਗੱਲ ਜ਼ਰੂਰ ਮੰਨੀ ਕਿ ਪਾਕਿਸਤਾਨ ਅੱਤਵਾਦ ਨੂੰ ਸ਼ਹਿ ਦੇਂਦਾ ਹੈ। ਇਸ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਕੂਟਨੀਤੀ ਦੇ ਪੈਟਰਨ ਵਿੱਚ ਵੀ ਤਬਦੀਲੀ ਆਈ।
ਇਸ ਤੋਂ ਪਹਿਲਾਂ ਹਰ ਅੱਤਵਾਦੀ ਹਮਲੇ ਪਿੱਛੋਂ ਭਾਰਤ ਵਿੱਚ ਗੁੱਸਾ ਹੁੰਦਾ ਸੀ ਅਤੇ ਭਾਰਤ ਪਾਕਿਸਤਾਨ ਪ੍ਰਸ਼ਾਸਨ, ਆਈ ਐਸ ਆਈ ਅਤੇ ਅੱਤਵਾਦੀ ਧੜਿਆਂ ਨੂੰ ਹਮਲੇ ਲਈ ਜ਼ਿੰਮੇਵਾਰ ਠਹਿਰਾਉਂਦਾ ਸੀ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧ ਖਰਾਬ ਹੁੰਦੇ ਸਨ। ਵਿਰੋਧ ਪ੍ਰਗਟਾਉਣ ਲਈ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸੱਦਿਆ ਜਾਂਦਾ ਸੀ, ਸੰਪਰਕ ਅਤੇ ਗੱਲਬਾਤ ਦਾ ਸਿਲਸਿਲਾ ਬੰਦ ਹੋ ਜਾਂਦਾ ਸੀ ਤੇ ਇਹ ਮੁੱਦਾ ਕੌਮਾਂਤਰੀ ਮੰਚਾਂ ‘ਤੇ ਉਠਾਇਆ ਜਾਂਦਾ ਸੀ। ਉਸ ਤੋਂ ਕੁਝ ਸਮੇਂ ਬਾਅਦ ਮੁੜ ਗੱਲਬਾਤ ਸ਼ੁਰੂ ਹੋ ਜਾਂਦੀ ਸੀ।
ਯਕੀਨੀ ਤੌਰ ‘ਤੇ ਅਸੀਂ ਕਸ਼ਮੀਰ ਵਾਦੀ ਵਿੱਚ ਅੱਤਵਾਦੀ ਘਟਨਾਵਾਂ ‘ਤੇ ਰੋਕ ਨਹੀਂ ਲਾ ਸਕੇ ਅਤੇ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਸਥਿਤੀ ‘ਤੇ ਮੁੜ ਵਿਚਾਰ ਕੀਤੇ ਜਾਣ ਦੀ ਲੋੜ ਹੈ। ਕਸ਼ਮੀਰ ਵਾਦੀ ਵਿੱਚ ਸਥਿਤੀ ਆਮ ਵਰਗੀ ਬਣਾਉਣ ਲਈ ਸਾਰੇ ਸੰਭਵ ਕਦਮ ਚੁੱਕਣੇੇ ਚਾਹੀਦੇ ਹਨ, ਲੋਕਾਂ ਦਾ ਭਰੋਸਾ ਜਿੱਤਿਆ ਜਾਣਾ ਚਾਹੀਦਾ ਹੈ ਤੇ ਸੂਬੇ ਵਿੱਚ ਸਾਫ-ਸੁਥਰਾ ਸ਼ਾਸਨ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਕਸ਼ਮੀਰੀ ਲੋਕਾਂ ਵਿੱਚ ਵੱਖਵਾਦੀ ਭਾਵਨਾ ਵਧ ਰਹੀ ਹੈ। ਭਾਰਤ ਨੂੰ ਜੰਮੂ-ਕਸ਼ਮੀਰ ਵਿੱਚ ਸਿਆਸੀ ਤੇ ਭਾਵਨਾਤਮਕ ਕਦਮ ਚੁੱਕਣੇ ਪੈਣਗੇ ਅਤੇ ਅੱਤਵਾਦ ਦੇ ਖਾਤਮੇ ਲਈ ਪਾਕਿਸਤਾਨ ਨਾਲ ਗੱਲਬਾਤ ਕਰਨੀ ਪਵੇਗੀ। ਸਰਜੀਕਲ ਸਟਰਾਈਕ ਦੀ ਸਮਰੱਥਾ ਵੀ ਵਧਾਉਣੀ ਪਵੇਗੀ ਤਾਂ ਕਿ ਪਾਕਿਸਤਾਨ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇ। ਕਸ਼ਮੀਰ ਤੇ ਪਾਕਿਸਤਾਨ ਦੇ ਮਾਮਲੇ ਵਿੱਚ ਸਾਨੂੰ ਠੋਸ ਕੂਟਨੀਤਕ ਕਦਮ ਚੁੱਕਣੇ ਪੈਣਗੇ।
ਭਾਰਤੀ ਫੌਜ ਦੇ ਸਰਜੀਕਲ ਸਟਰਾਈਕ ਦੇ ਵੀਡੀਓ ਕਲਿੱਪ ਕੁਝ ਸਮੇਂ ਬਾਅਦ ਮੀਡੀਆ ਨੂੰ ਜਾਰੀ ਕਰਨਾ ਸਮਝ ਦੀ ਗੱਲ ਨਹੀਂ ਹੋਵੇਗੀ। ਇਹ ਕੂਟਨੀਤਕ ਪੱਖ ਤੋਂ ਵੀ ਠੀਕ ਨਹੀਂ। ਇਹ ਵੀਡੀਓ ਜਨਤਕ ਕਰਨ ਨਾਲ ਪਾਕਿਸਤਾਨ ਵਿੱਚ ਵੀ ਅਨਿਸ਼ਚਿਤਤਾ ਹੋਵੇਗੀ, ਕਿਉਂਕਿ ਉਹ ਭਾਰਤ ਵੱਲੋਂ ਅਣਕਿਆਸੇ ਹਮਲੇ ਬਾਰੇ ਹਮੇਸ਼ਾ ਖਦਸ਼ੇ ਵਿੱਚ ਰਹੇਗਾ। ਭਾਰਤ ਨੂੰ ਚੌਕੰਨਾ ਰਹਿਣਾ ਪਵੇਗਾ ਕਿਉਂਕਿ ਜ਼ਖਮੀ ਪਾਕਿਸਤਾਨ ਹੋਰ ਵੱਡੇ ਹਮਲੇ ਕਰ ਸਕਦਾ ਹੈ। ਜਦੋਂ ਤੱਕ ਕਸ਼ਮੀਰ ਦੇ ਮੂਲ ਮੁੱਦੇ ਨੂੰ ਹੱਲ ਨਹੀਂ ਕੀਤਾ ਜਾਂਦਾ, ਇਹ ਸਿਲਸਿਲਾ ਜਾਰੀ ਰਹੇਗਾ। ਸਾਡੇ ਨੇਤਾਵਾਂ ਨੂੰ ਅਸਲੀ ਖਤਰਾ ਪਛਾਣਨਾ ਅਤੇ ਸਥਿਤੀ ਮੁਤਾਬਕ ਰਣਨੀਤੀ ਅਪਣਾਉਣੀ ਪਵੇਗੀ। ਫੌਜ, ਵਿਦੇਸ਼ ਨੀਤੀ ਅਤੇ ਰਣਨੀਤਕ ਯੋਜਨਾਵਾਂ ਰਾਤੋ-ਰਾਤ ਨਹੀਂ ਬਣਦੀਆਂ, ਸਗੋਂ ਇਸ ਦੇ ਲਈ ਚਿਰਸਥਾਈ ਯੋਜਨਾ, ਕੂਟਨੀਤੀ ਅਤੇ ਸੰਗਠਿਤ ਫੋਰਸਾਂ ਦੀ ਲੋੜ ਹੁੰਦੀ ਹੈ। ਜਦੋਂ ਤੱਕ ਅੱਤਵਾਦੀਆਂ ਦਾ ਮੁਕੰਮਲ ਸਫਾਇਆ ਨਹੀਂ ਹੋ ਜਾਂਦਾ, ਉਦੋਂ ਤੱਕ ਫੌਜੀ ਟਕਰਾਅ ਦੀਆਂ ਸੰਭਾਵਨਾਵਾਂ ਖਤਮ ਨਹੀਂ ਹੋਣਗੀਆਂ ਤੇ ਉਦੋਂ ਤੱਕ ਨਰਿੰਦਰ ਮੋਦੀ ਉਸ ਬਦਲ ਨੂੰ ਛੱਡ ਨਹੀਂ ਸਕਦੇ। ਉਹ ਜਾਣਦੇ ਹਨ ਕਿ ਇਸ ਖੇਡ ਵਿੱਚ ਅੱਗੇ ਰਹਿਣਾ ਹੀ ਪਵੇਗਾ।
ਇਸ ਦੇ ਲਈ ਉਨ੍ਹਾਂ ਨੂੰ ਇਹ ਗੱਲ ਮੰਨਣੀ ਪਵੇਗੀ ਕਿ ਭਾਰਤ ਸਹੀ ਰਾਹ ‘ਤੇ ਅੱਗੇ ਵਧ ਰਿਹਾ ਹੈ ਤੇ ਕਸ਼ਮੀਰ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਕਿਸੇ ਦੇਸ਼ ਦੀ ਹੋਂਦ ਇਸ ਗੱਲ ‘ਤੇ ਨਿਰਭਰ ਨਹੀਂ ਕਰਦੀ ਕਿ ਉਹ ਕਿੰਨੀ ਛੇਤੀ ਕਦਮ ਚੁੱਕਦਾ ਹੈ, ਸਗੋਂ ਇਸ ਗੱਲ ‘ਤੇ ਕਰਦੀ ਹੈ ਕਿ ਖਤਰਾ ਪਛਾਣਨ ਅਤੇ ਸਹੀ ਸਮੇਂ ਖਤਰੇ ਵਿਰੁੱਧ ਕਦਮ ਚੁੱਕੇ। ਮੋਦੀ ਨੇ ਸਾਫ ਕਰ ਦਿੱਤਾ ਹੈ ਕਿ ਕੋਈ ਵੀ ਭਾਰਤ ‘ਤੇ ਹਮਲਾ ਨਹੀਂ ਕਰ ਸਕਦਾ।