ਸਰਕਾਰ ਨੇ 80 ਹਜ਼ਾਰ ‘ਅਣਦਿੱਸਦੇ’ ਪ੍ਰੋਫੈਸਰ ਫੜੇ


ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਇਕ ਪਾਸੇ ਲੋਕ ਇਕ ਨੌਕਰੀ ਪਾਉਣ ਲਈ ਪਰੇਸ਼ਾਨ ਹਨ ਤਾਂ ਦੂਸਰੇ ਪਾਸੇ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਕਰੀਬ 80 ਹਜ਼ਾਰ ਅਜਿਹੇ ਪ੍ਰੋਫੈਸਰ ਨੌਕਰੀ ਕਰਦੇ ਨਿਕਲੇ ਹਨ, ਜਿਹੜੇ ਇਕ ਜਾਂ ਦੋ ਜਗ੍ਹਾ ਨਹੀਂ, ਚਾਰ-ਚਾਰ ਜਗ੍ਹਾ ਨੌਕਰੀਆਂ ਕਰਦੇ ਮਿਲੇ ਹਨ। ਇਹ ਪ੍ਰੋਫੈਸਰ ਸਾਰੀਆਂ ਜਗ੍ਹਾ ਤੋਂ ਤਨਖਾਹ ਲੈ ਰਹੇ ਹਨ। ਇਹ ਹੈਰਾਨ ਕਰਨ ਵਾਲਾ ਖੁਲਾਸਾ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਾ ਰਹੇ ਟੀਚਰਾਂ ਦੇ ਵੈਰੀਫਿਕੇਸ਼ਨ ਅਤੇ ਆਧਾਰ ਕਾਰਡ ਨਾਲ ਲਿੰਕ ਕਰਨ ਤੋਂ ਹੋਇਆ ਹੈ। ਮਨੁੱਖੀ ਸਾਧਨ ਵਿਕਾਸ ਮੰਤਰਾਲੇ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅਜਿਹੇ ਟੀਚਰਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਜਲਦ ਹੀ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਮਨੁੱਖੀ ਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੱਲ੍ਹ ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ (ਏ ਆਈ ਐਸ ਐਚ ਈ) ਦੀ ਸਾਲ 2016-17 ਦੀ ਰਿਪੋਰਟ ਜਾਰੀ ਕਰਨ ਮੌਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਕਰੀਬ 15 ਲੱਖ ਟੀਚਰ ਕੰਮ ਕਰਦੇ ਹਨ। ਇਨ੍ਹਾਂ ਵਿੱਚ ਕਰੀਬ 12.50 ਲੱਖ ਟੀਚਰ ਹੁਣ ਤੱਕ ਆਧਾਰ ਨਾਲ ਜੁੜ ਚੁੱਕੇ ਹਨ। ਕਰੀਬ 85 ਫੀਸਦੀ ਅਧਿਆਪਕਾਂ ਦਾ ਵੈਰੀਫਿਕੇਸ਼ਨ ਹੋ ਚੁੱਕਿਆ ਹੈ। ਬਾਕੀ ਟੀਚਰਾਂ ਨੂੰ ਵੀ ਜਲਦ ਤੋਂ ਜਲਦ ਆਧਾਰ ਨਾਲ ਲਿੰਕ ਕਰਨ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਨੇ ਇਸ ਦੌਰਾਨ ਹੈਰਾਨੀ ਵਾਲਾ ਖੁਲਾਸਾ ਕੀਤਾ ਕਿ ਕਰੀਬ 80 ਹਜ਼ਾਰ ਅਜਿਹੇ ਪ੍ਰੋਫੈਸਰ ਮਿਲੇ ਹਨ, ਜੋ ਇਕੋਂ ਸਮੇਂ ਕਈ ਜਗ੍ਹਾ ਪੜ੍ਹਾਉਂਦੇ ਹਨ। ਇਹ ਸਾਰੇ ਇਨ੍ਹਾਂ ਜਗ੍ਹਾਂ ਤੋਂ ਤਨਖਾਹ ਵੀ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਨਤਾ ਦਾ ਪੈਸਾ ਹੈ, ਇਸ ਨੂੰ ਇਸ ਤਰ੍ਹਾਂ ਲੁੱਟਣ ਨਹੀਂ ਦਿੱਤਾ ਜਾਵੇਗਾ।