ਸਰਕਾਰ ਤੇ ਵਿਰੋਧੀ ਧਿਰ ਦੀ ਪਰਖ ਦਾ ਮੁੱਦਾ ਬਣੇਗੀ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ


-ਜਤਿੰਦਰ ਪਨੂੰ
ਪੰਜਾਬ ਦੀ ਸਾਢੇ ਤੇਰਾਂ ਮਹੀਨੇ ਪੁਰਾਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇੱਕ ਹੋਰ ਪਰਖ ਦਾ ਸਾਹਮਣਾ ਕਰਨ ਵਾਲੀ ਹੈ। ਉਸ ਦੇ ਅੱਜ ਤੱਕ ਦੇ ਕੀਤੇ-ਕੱਤਰੇ ਦੀ ਅਸਲੀ ਪਰਖ ਹੀ ਏਥੇ ਹੋਣੀ ਹੈ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਹਲਕੇ ਤੋਂ ਪੰਜ ਵਾਰ ਦੇ ਅਕਾਲੀ ਵਿਧਾਇਕ ਤੇ ਤਿੰਨ ਵਾਰੀ ਪੰਜਾਬ ਦਾ ਮੰਤਰੀ ਰਹਿ ਚੁੱਕੇ ਅਜੀਤ ਸਿੰਘ ਕੋਹਾੜ ਦੀ ਮੌਤ ਨਾਲ ਖਾਲੀ ਹੋਈ ਇਸ ਸੀਟ ਦੀ ਉੱਪ ਚੋਣ ਵਾਸਤੇ ਤਰੀਕ ਦਾ ਐਲਾਨ ਹੋ ਚੁੱਕਾ ਹੈ। ਅਕਾਲੀ ਦਲ ਨੇ ਮਰਹੂਮ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਨੂੰ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਇਸ ਵੇਲੇ ਜੱਕੋ-ਤੱਕੇ ਦੇ ਚੱਕਰ ਵਿੱਚ ਹੈ। ਪਿਛਲੇ ਸਾਲ ਆਮ ਚੋਣਾਂ ਮੌਕੇ ਉਸ ਦੇ ਜਿਸ ਉਮੀਦਵਾਰ ਨੇ ਜ਼ੋਰਦਾਰ ਲੜਾਈ ਦਿੱਤੀ ਸੀ, ਉਹ ਪਿਛਲੇ ਮਹੀਨੇ ਦਲ-ਬਦਲੀ ਕਰ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕਾ ਹੈ। ਕਾਂਗਰਸ ਪਾਰਟੀ ਨੇ ਹਾਲੇ ਤੱਕ ਆਪਣੇ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਤੇ ਲੱਗਦਾ ਹੈ ਕਿ ਇਸ ਕੰਮ ਵਿੱਚ ਅਜੇ ਕੁਝ ਦਿਨ ਲੱਗ ਸਕਦੇ ਹਨ, ਕਿਉਂਕਿ ਓਥੇ ਖਿੱਚੋਤਾਣ ਕਾਫੀ ਹੈ।
ਪਿਛਲੇ ਹਫਤੇ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿੱਚ ਕੁਝ ਮੰਤਰੀ ਹੋਰ ਲਏ ਸਨ ਅਤੇ ਦੋ ਬੀਬੀਆਂ ਦੇ ਦਰਜੇ ਵਧਾ ਕੇ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾ ਦਿੱਤਾ ਹੈ। ਇਹ ਕੰਮ ਕੁਵੇਲੇ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਇਹੋ ਕੰਮ ਕਰਨਾ ਹੁੰਦਾ ਤਾਂ ਸ਼ਾਹਕੋਟ ਦੀ ਚੋਣ ਤੱਕ ਰੋਕ ਲੈਣਾ ਸੀ ਤੇ ਸਾਰੇ ਖਾਹਿਸ਼ਮੰਦਾਂ ਦੇ ਕੰਨ ਵਿੱਚ ਫੂਕ ਮਾਰ ਦੇਣੀ ਸੀ ਕਿ ਚੋਣ ਲੰਘ ਲੈਣ ਦੇਹ, ਤੇਰੇ ਲਈ ਮੰਤਰੀ ਦੀ ਕੁਰਸੀ ਪੱਕੀ ਰੱਖੀ ਹੈ। ਲੋੜਵੰਦਾਂ ਨੇ ਇਸ ਝਾਕ ਵਿੱਚ ਸਾਰਾ ਤਾਣ ਲਾਈ ਜਾਣਾ ਸੀ। ਕਾਂਗਰਸ ਵਿੱਚ ਕੰਮ ਉਲਟਾ ਹੋ ਗਿਆ ਹੈ। ਜਿਨ੍ਹਾਂ ਨੂੰ ਕੁਰਸੀ ਤੋਂ ਨਾਂਹ ਕਰ ਦਿੱਤੀ ਗਈ, ਉਨ੍ਹਾਂ ਦੇ ਮੂੰਹ ਵਿੰਗੇ ਹੋ ਗਏ ਹਨ ਤੇ ਜਿਹੜੇ ਮੰਤਰੀ ਬਣਾ ਦਿੱਤੇ ਗਏ ਹਨ, ਉਨ੍ਹਾਂ ਨੂੰ ਪਤਾ ਹੈ ਕਿ ਜੋ ਮਿਲਣਾ ਸੀ, ਮਿਲ ਗਿਆ, ਅੱਗੋਂ ਹੋਰ ਕੋਈ ਝਾਕ ਨਾ ਹੋਣ ਕਾਰਨ ਉਨ੍ਹਾਂ ਨੇ ਖਾਸ ਚਿੰਤਾ ਨਹੀਂ ਕਰਨੀ। ਇਹੋ ਕੰਮ ਮਹੀਨਾ ਕੁ ਲੇਟ ਕਰ ਲਿਆ ਹੁੰਦਾ ਤਾਂ ਕਾਂਗਰਸ ਲਈ ਲਾਹੇਵੰਦ ਰਹਿਣਾ ਸੀ, ਪਰ ਇਸ ਵੇਲੇ ਕਿਉਂ ਕੀਤਾ ਗਿਆ, ਇਹ ਸਿਰਫ ਮੁੱਖ ਮੰਤਰੀ ਨੂੰ ਪਤਾ ਹੋਵੇਗਾ।
ਅਕਾਲੀ ਆਗੂ ਇਸ ਗੱਲ ਬਾਰੇ ਭਰੋਸੇ ਵਿੱਚ ਹਨ ਕਿ ਉਨ੍ਹਾਂ ਦਾ ਇਸ ਹਲਕੇ ਵਿਚਲਾ ਆਧਾਰ ਖੁਰਿਆ ਨਹੀਂ, ਸਗੋਂ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਨ੍ਹਾਂ ਵੱਲ ਆ ਜਾਣ ਨਾਲ ਵਧ ਗਿਆ ਹੈ। ਵਹਿਮ ਦਾ ਇਲਾਜ ਨਹੀਂ ਹੁੰਦਾ। ਉਹ ਇਹ ਵੀ ਗਿਣਤੀਆਂ ਗਿਣਦੇ ਹਨ ਕਿ ਅਜੀਤ ਸਿੰਘ ਕੁਹਾੜ ਦੀਆਂ ਸੰਤਾਲੀ ਹਜ਼ਾਰ ਵੋਟਾਂ ਸਨ ਤੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵਾਲੀਆਂ ਬਤਾਲੀ ਹਜ਼ਾਰ ਤੋਂ ਮਸਾਂ ਇੱਕ ਹਜ਼ਾਰ ਘੱਟ ਇਕਤਾਲੀ ਹਜ਼ਾਰ ਵੋਟਾਂ ਲੈ ਚੁੱਕਾ ਅਮਰਜੀਤ ਸਿੰਘ ਸਾਡੇ ਨਾਲ ਰਲ ਚੁੱਕਾ ਹੈ। ਅਮਰਜੀਤ ਸਿੰਘ ਓਦੋਂ ਵਾਲੀਆਂ ਇਕਤਾਲੀ ਹਜ਼ਾਰ ਵੋਟਾਂ ਵਿੱਚੋਂ ਇਕਤਾਲੀ ਸੌ ਵੋਟਾਂ ਵੀ ਓਧਰ ਲੈ ਜਾਵੇ ਤਾਂ ਉਸ ਹਲਕੇ ਦੇ ਲੋਕ ਹੈਰਾਨ ਹੋਣਗੇ। ਗੁਰਦਾਸਪੁਰ ਦੀ ਪਿਛਲੇ ਸਾਲ ਹੋਈ ਲੋਕ ਸਭਾ ਉੱਪ ਚੋਣ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਚੋਣ ਲੜ ਚੁੱਕੇ ਨੌਂ ਉਮੀਦਵਾਰਾਂ ਵਿੱਚੋਂ ਪੰਜ ਅਕਾਲੀ ਦਲ ਨਾਲ ਆ ਜੁੜੇ ਸਨ ਤੇ ਉਨ੍ਹਾਂ ਦੀਆਂ ਕੁੱਲ ਮਿਲਾ ਕੇ ਸੱਠ ਹਜ਼ਾਰ ਤੋਂ ਵੱਧ ਵੋਟਾਂ ਬਣਦੀਆਂ ਸਨ। ਨਤੀਜੇ ਵਿੱਚ ਵਿਨੋਦ ਖੰਨੇ ਵਾਲੀਆਂ ਚਾਰ ਲੱਖ ਬਿਆਸੀ ਹਜ਼ਾਰ ਤੋਂ ਕੁੱਲ ਵੋਟਾਂ ਵਧਣ ਦੀ ਥਾਂ ਮਸਾਂ ਤਿੰਨ ਲੱਖ ਰਹਿ ਗਈਆਂ ਸਨ। ਸ਼ਾਹਕੋਟ ਉੱਪ ਚੋਣ ਦੌਰਾਨ ਵੀ ਇਹੋ ਜਿਹੀਆਂ ਗਿਣਤੀਆਂ ਬਦਲੇ ਹੋਏ ਹਾਲਾਤ ਵਿੱਚ ਅਕਾਲੀ ਦਲ ਦਾ ਫਾਇਦਾ ਨਹੀਂ ਕਰਨ ਲੱਗੀਆਂ।
ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਆਗੂ ਇਸ ਵਹਿਮ ਦਾ ਸ਼ਿਕਾਰ ਹਨ ਕਿ ਰਾਜ ਕਰਦੀ ਪਾਰਟੀ ਦਾ ਹੱਥ ਸਦਾ ਹੀ ਉੱਤੇ ਹੁੰਦਾ ਹੈ। ਉਨ੍ਹਾਂ ਨੂੰ ਭੁੱਲ ਗਿਆ ਕਿ ਆਦਮਪੁਰੋਂ ਅਕਾਲੀ ਦਲ ਦੇ ਮੰਤਰੀ ਸਰੂਪ ਸਿੰਘ ਦੀ ਮੌਤ ਪਿੱਛੋਂ ਹੋਈ ਉੱਪ ਚੋਣ ਵਿੱਚ ਬਾਦਲ ਸਰਕਾਰ ਦੇ ਹੁੰਦਿਆਂ ਕਾਂਗਰਸ ਪਾਰਟੀ ਦਾ ਕੰਵਲਜੀਤ ਸਿੰਘ ਲਾਲੀ ਛੇ ਵੋਟਾਂ ਨਾਲ ਜਿੱਤ ਗਿਆ ਸੀ। ਇਸ ਦੇ ਨਾਲ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਕਾਲੀ ਦਲ ਵਿੱਚੋਂ ਕਾਂਗਰਸ ਵਿੱਚ ਨਵੇਂ ਆਏ ਅਤੇ ਪੰਜਾਬ ਦਾ ਪ੍ਰਧਾਨ ਬਣਾਏ ਗਏ ਕੈਪਟਨ ਅਮਰਿੰਦਰ ਸਿੰਘ ਦਾ ਅੰਦਰੋਂ ਕਈ ਕਾਂਗਰਸੀ ਲੀਡਰਾਂ ਨੇ ਵਿਰੋਧ ਵੀ ਚੋਖਾ ਕੀਤਾ ਸੀ, ਅਕਾਲੀ ਉਮੀਦਵਾਰ ਫਿਰ ਵੀ ਹਾਰ ਗਿਆ ਤੇ ਕਾਂਗਰਸ ਜਿੱਤ ਗਈ ਸੀ। ਉਸ ਤੋਂ ਪਹਿਲਾਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਅਜਨਾਲਾ ਉੱਪ ਚੋਣ ਵਿੱਚ ਓਥੋਂ ਅਕਾਲੀ ਦਲ ਦਾ ਰਤਨ ਸਿੰਘ ਅਜਨਾਲਾ ਜਿੱਤ ਗਿਆ ਸੀ ਤੇ ਗਿੱਦੜਬਾਹੇ ਦੀ ਉੱਪ ਚੋਣ ਵਿੱਚ ਉਹ ਸੀਟ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਲਈ ਸੀ।
ਸਾਡੇ ਸਾਹਮਣੇ ਕੁਝ ਹੋਰਨਾਂ ਰਾਜਾਂ ਦਾ ਤਜਰਬਾ ਵੀ ਹੈ। ਪਾਰਲੀਮੈਂਟ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਅੱਸੀ ਵਿੱਚੋਂ ਬਹੱਤਰ ਸੀਟਾਂ ਜਿੱਤ ਕੇ ਨੱਬੇ ਫੀਸਦੀ ਸਫਲ ਰਹੀ ਤੇ ਵਿਧਾਨ ਸਭਾ ਚੋਣਾਂ ਮੌਕੇ ਚਾਰ ਸੌ ਤਿੰਨ ਸੀਟਾਂ ਵਿੱਚੋਂ ਤਿੰਨ ਸੌ ਬਾਰਾਂ ਸੀਟਾਂ ਨਾਲ ਅੱਸੀ ਫੀਸਦੀ ਦੇ ਕਰੀਬ ਕਾਮਯਾਬ ਰਹੀ ਸੀ। ਸਿਰਫ ਛੇ ਮਹੀਨੇ ਬਾਅਦ ਜਦੋਂ ਦੋ ਪਾਰਲੀਮੈਂਟ ਸੀਟਾਂ ਦੀ ਉੱਪ ਚੋਣ ਕਰਵਾਈ ਸੀ ਤਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਾਲੀ ਸੀਟ ਵੀ ਭਾਜਪਾ ਕੋਲੋਂ ਖੁੱਸ ਗਈ ਅਤੇ ਉੁੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਵਾਲੀ ਸੀਟ ਵੀ ਬਚੀ ਨਹੀਂ ਸੀ। ਰਾਜ ਕਰਦੀ ਪਾਰਟੀ ਲਈ ਉੱਪ ਚੋਣ ਜਿੱਤ ਸਕਣਾ ਏਡਾ ਸੌਖਾ ਕੰਮ ਹੁੰਦਾ ਤਾਂ ਰਾਜਸਥਾਨ ਵਿਚਲੀਆਂ ਦੋਵੇਂ ਪਾਰਲੀਮੈਂਟ ਸੀਟਾਂ ਅਤੇ ਇੱਕੋ ਇੱਕ ਵਿਧਾਨ ਸਭਾ ਸੀਟ ਭਾਜਪਾ ਸਰਕਾਰ ਦੇ ਹੁੰਦਿਆਂ ਪਿਛਲੇ ਸਾਲ ਇਹ ਪਾਰਟੀ ਹਾਰ ਨਹੀਂ ਸੀ ਸਕਦੀ। ਲਾਲੂ ਪ੍ਰਸਾਦ ਯਾਦਵ ਜੇਲ੍ਹ ਵਿੱਚ ਹੈ। ਓਥੇ ਇੱਕ ਲੋਕ ਸਭਾ ਸੀਟ ਅਤੇ ਦੋ ਵਿਧਾਨ ਸਭਾ ਸੀਟਾਂ ਦੀ ਉੱਪ ਚੋਣ ਕੀਤੀ ਗਈ ਤਾਂ ਭਾਜਪਾ ਅਤੇ ਨਿਤੀਸ਼ ਕੁਮਾਰ ਦੇ ਗੱਠਜੋੜ ਦੇ ਬਾਵਜੂਦ ਲਾਲੂ ਪ੍ਰਸਾਦ ਦੇ ਮੁੰਡੇ ਦੀ ਅਗਵਾਈ ਹੇਠ ਉਸ ਦੀ ਪਾਰਟੀ ਨੇ ਲੋਕ ਸਭਾ ਵਾਲੀ ਸੀਟ ਵੀ ਤੇ ਇੱਕ ਵਿਧਾਨ ਸਭਾ ਸੀਟ ਵੀ ਰਾਜ ਕਰਦੇ ਗੱਠਜੋੜ ਨੂੰ ਹਰਾ ਕੇ ਜਿੱਤ ਲਈਆਂ ਸਨ। ਅਸੀਂ ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਗਿਣਾ ਸਕਦੇ ਹਾਂ।
ਇਹ ਸਾਰੀ ਕਹਾਣੀ ਪਾਉਣ ਦਾ ਸਾਡਾ ਭਾਵ ਇਹ ਨਹੀਂ ਕਿ ਅਸੀਂ ਕਿਸੇ ਇੱਕ ਧਿਰ ਦੀ ਜਿੱਤ ਜਾਂ ਕਿਸੇ ਹੋਰ ਧਿਰ ਲਈ ਹਾਰ ਦਾ ਮਾਹੌਲ ਬਣਿਆ ਸਮਝਦੇ ਹਾਂ, ਸਗੋਂ ਇਹ ਹੈ ਕਿ ਇਹ ਚੋਣ ਪੰਜਾਬ ਵਿੱਚ ਇਹੋ ਜਿਹਾ ਘੋਲ ਹੈ, ਜਿਸ ਵਿੱਚ ਦੋਵੇਂ ਮੁੱਖ ਧਿਰਾਂ ਬੜੇ ਵਹਿਮ ਵਿੱਚ ਹਨ। ਅਕਾਲੀ ਹਾਰ ਗਏ ਤਾਂ ਗੜ੍ਹ ਟੁੱਟਣ ਵਾਲੀ ਗੱਲ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਨਮੋਸ਼ੀ ਝੱਲਣੀ ਪੈ ਜਾਣੀ ਹੈ ਤੇ ਜੇ ਕਾਂਗਰਸ ਹਾਰ ਗਈ ਤਾਂ ਅਕਾਲੀ ਗੜ੍ਹ ਕਾਇਮ ਰਹਿਣ ਨਾਲੋਂ ਵੱਧ ਇਹ ਗੱਲ ਚਰਚਾ ਦਾ ਵਿਸ਼ਾ ਬਣੇਗੀ ਕਿ ਅਮਰਿੰਦਰ ਸਿੰਘ ਦੀ ਸਰਕਾਰ ਇਸ ਰਾਜ ਦੇ ਲੋਕਾਂ ਦੇ ਦਿਲ ਨਹੀਂ ਜਿੱਤ ਸਕੀ। ਇਸ ਲਈ ਦੋਵਾਂ ਧਿਰਾਂ ਨੂੰ ਆਪੋ ਆਪਣੀ ਥਾਂ ਜ਼ੋਰ ਪੂਰਾ ਲਾਉਣਾ ਪੈਣਾ ਹੈ ਤੇ ਜਿਹੜਾ ਖਰਗੋਸ਼ ਵਾਂਗ ਇਹ ਸਮਝ ਕੇ ਆਰਾਮ ਕਰਨ ਲੱਗ ਪਿਆ ਕਿ ਦੌੜ ਅਸੀਂ ਜਿੱਤੀ ਪਈ ਹੈ, ਉਹ ਕੱਛੂਕੁੰਮੇ ਤੋਂ ਖਰਗੋਸ਼ ਦੀ ਹਾਰ ਦੇ ਸਬਕ ਭੁਲਾ ਕੇ ਬਾਅਦ ਵਿੱਚ ਇਹ ਪਛਤਾਵਾ ਕਰਦਾ ਫਿਰੇਗਾ ਕਿ ਜਿਹੜੀ ਕਹਾਣੀ ਬੱਚਿਆਂ ਨੇ ਵੀ ਪੜ੍ਹੀ ਹੁੰਦੀ ਹੈ, ਉਹ ਸਾਨੂੰ ਚੇਤੇ ਕਿਉਂ ਨਹੀਂ ਸੀ ਰਹੀ!