ਸਮ੍ਰਿਤੀ ਇਰਾਨੀ ਨੂੰ ਝਟਕਾ: ਸੂਚਨਾ ਮੰਤਰਾਲਾ ਖੁੱਸ ਕੇ ਸਿਰਫ ਕੱਪੜਾ ਮੰਤਰੀ ਰਹਿ ਗਈ

ਨਵੀਂ ਦਿੱਲੀ, 14 ਮਈ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮ੍ਰਿਤੀ ਇਰਾਨੀ ਤੋਂ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਵਾਪਸ ਲੈ ਕੇ ਇਹ ਵਿਭਾਗ ਰਾਜਵਰਧਨ ਸਿੰਘ ਰਾਠੌਰ ਨੂੰ ਦੇ ਦਿੱਤਾ ਹੈ। ਕੈਬਨਿਟ ਵਿੱਚ ਕੀਤੇ ਫੇਰਦਬਲ ਹੇਠ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਸ੍ਰੀਮਤੀ ਇਰਾਨੀ ਦਾ ਸੂਚਨਾ ਤੇ ਪ੍ਰਸਾਰਨ ਮੰਤਰੀ ਵਜੋਂ ਪਿਛਲਾ ਲਗਪਗ ਸਾਲ ਕੁ ਦਾ ਸਮਾਂ ਵਿਵਾਦਾਂ ਵਿੱਚ ਰਿਹਾ ਹੈ। ਉਨ੍ਹਾਂ ਦੇ ਸਹਾਇਕ ਰਹੇ ਰਾਜਵਰਧਨ ਸਿੰਘ ਰਾਠੌਰ, ਜਿਨ੍ਹਾਂ ਨੂੰ ਰਾਜ ਮੰਤਰੀ ਵਜੋਂ ਚਾਰਜ ਦਿੱਤਾ ਗਿਆ ਸੀ, ਭਾਰਤ ਦੇ ਨਵੇਂ ਸੂਚਨਾ ਤੇ ਪ੍ਰਸਾਰਨ ਮੰਤਰੀ ਬਣਾਏ ਗਏ ਹਨ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਪੱਤਰ ਵਿੱਚ ਇਹ ਜਾਣਕਾਰੀ ਦੇਣ ਦੇ ਨਾਲ ਦੱਸਿਆ ਗਿਆ ਹੈ ਕਿ ਐਸ ਐਸ ਆਹਲੂਵਾਲੀਆ ਤੋਂ ਪੀਣ ਯੋਗ ਪਾਣੀ ਤੇ ਸੈਨੀਟੇਸ਼ਨ ਦੇ ਰਾਜ ਮੰਤਰੀ ਦਾ ਚਾਰਜ ਵਾਪਸ ਲੈ ਕੇ ਇਲੈਕਟ੍ਰਾਨਿਕਸ ਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਗਾ ਦਿੱਤਾ ਗਿਆ ਹੈ। ਦੂਸਰੇ ਪਾਸੇ ਐਲਫੌਂਸ ਕਨਾਂਤਨਮ ਤੋਂ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਲੈ ਲਿਆ ਅਤੇ ਉਹ ਸਿਰਫ ਟੂਰਿਜ਼ਮ ਮਹਿਕਮੇ ਦੇ ਰਾਜ ਮੰਤਰੀ ਬਣੇ ਰਹਿ ਗਏ ਹਨ। ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਇਲਾਜ ਦੇ ਦੌਰਾਨ ਉਨ੍ਹਾ ਦੇ ਮੰਤਰਾਲੇ ਦਾ ਵਾਧੂ ਚਾਰਜ ਪਿਯੂਸ਼ ਗੋਇਲ ਨੂੰ ਸੌਂਪ ਦਿੱਤਾ ਗਿਆ ਹੈ।
ਇਸ ਦੌਰਾਨ ਕੇਂਦਰੀ ਅੱਜ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਖਜ਼ਾਨਾ ਮੰਤਰੀ ਅਰੁਣ ਜੇਤਲੀ (65) ਦਾ ਕਿਡਨੀ ਟਰਾਂਸਪਲਾਂਟ ਸਫ਼ਲਤਾ ਨਾਲ ਕੀਤਾ ਗਿਆ। ਏਮਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁਰਦਾ ਦਾਨ ਕਰਨ ਵਾਲੇ ਅਤੇ ਅਰੁਣ ਜੇਤਲੀ ਦੋਵਾਂ ਦੀ ਸਿਹਤ ਠੀਕ ਹੈ ਅਤੇ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਜੇਤਲੀ ਨੂੰ ਸ਼ਨਿੱਚਰਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਅੱਜ ਸਵੇਰੇ ਅਪਰੇਸ਼ਨ ਥਿਏਟਰ ਵਿੱਚ ਗਏ ਸਨ। ਉਹ ਪਿਛਲੇ ਇਕ ਮਹੀਨੇ ਤੋਂ ਡਾਇਲੇਸਿਸ ਕਰਵਾ ਰਹੇ ਸਨ। ਜੇਤਲੀ ਦਾ ਕਈ ਸਾਲ ਪਹਿਲਾਂ ਦਿਲ ਦਾ ਅਪਰੇਸ਼ਨ ਵੀ ਹੋ ਚੁੱਕਾ ਹੈ।