ਸਮਾਰਟ ਫੋਨ ਉੱਤੇ ਗੇਮ ਖੇਡਣ ਦੀ ਆਦਤ ਨਾਲ ਇਕ ਅੱਖ ਦੀ ਰੋਸ਼ਨੀ ਜਾਂਦੀ ਰਹੀ

smartphone game
ਬੀਜਿੰਗ, 11 ਅਕਤੂਬਰ (ਪੋਸਟ ਬਿਊਰੋ)- ਸਮਾਰਟ ਫੋਨ ਉੱਤੇ ਘੰਟਿਆਂ ਬੱਧੀ ਗੇਮ ਖੇਡਣ ਵਾਲੇ ਲੋਕ ਗੰਭੀਰ ਖਤਰੇ ਵਿੱਚ ਹੋ ਸਕਦੇ ਹਨ। ਇਹ ਆਦਤ ਅੱਖਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸੇ ਕਾਰਨ ਚੀਨ ਦੀ 21 ਸਾਲਾ ਕੁੜੀ ਨੇ ਆਪਣੀ ਸੱਜੀ ਅੱਖ ਦੀ ਰੋਸ਼ਨੀ ਗਵਾ ਲਈ ਹੈ। ਇਕ ਦਿਨ ਉਹ ਲਗਾਤਾਰ 24 ਘੰਟੇ ਆਪਣੇ ਮੋਬਾਈਲ ਫੋਨ ‘ਤੇ ਗੇਮ ਖੇਡਦੀ ਰਹੀ ਤੇ ਅਚਾਨਕ ਉਸ ਦੀ ਸੱਜੀ ਅੱਖ ਸਾਹਮਣੇ ਹਨੇਰਾ ਛਾ ਗਿਆ।
ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਮੁਤਾਬਕ ਇਹ ਮੁਟਿਆਰ ਚੀਨ ਦੇ ਪੱਛਮੀ ਉਤਰ ਸੂਬੇ ਸ਼ਾਂਕਸੀ ਦੀ ਰਹਿਣ ਵਾਲੀ ਹੈ। ਉਸ ਦਾ ਨਾਂ ਜਾਹਰ ਨਹੀਂ ਕੀਤਾ ਗਿਆ। ਉਹ ਜਦੋਂ ਆਨਲਾਈਨ ਗੇਮ ‘ਆਨਰ ਆਫ ਕਿੰਗਸ’ ਖੇਡ ਰਹੀ ਸੀ ਤਾਂ ਸੱਜੀ ਅੱਖ ਤੋਂ ਨਜ਼ਰ ਆਉਣਾ ਬੰਦ ਹੋ ਗਿਆ। ਉਸ ਦੇ ਮਾਤਾ ਪਿਤਾ ਉਸ ਨੂੰ ਕਈ ਹਸਪਤਾਲਾਂ ਵਿੱਚ ਲੈ ਕੇ ਗਏ, ਪਰ ਕੋਈ ਵੀ ਅੱਖ ਦੀ ਰੋਸ਼ਨੀ ਜਾਣ ਦੀ ਵਜ੍ਹਾ ਨਹੀਂ ਦੱਸ ਸਕਿਆ। ਇਸ ਤੋਂ ਬਾਅਦ ਉਸ ਨੂੰ ਨੈਨਚਾਂਗ ਜ਼ਿਲੇ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿਥੇ ਪਤਾ ਲੱਗਾ ਕਿ ਉਸ ਦੀ ਅੱਖ ‘ਚ ਰੈਟੀਨਲ ਆਰਟਰੀ ਓਕਲੂਸ਼ਨ (ਆਰ ਏ ਓ) ਹੋ ਗਿਆ ਹੈ। ਇਸ ‘ਚ ਖੂਨ ਦਾ ਦੌਰਾ ਬੰਦ ਹੋ ਜਾਂਦਾ ਹੈ। ਕੁੜੀ ਇਕ ਕੰਪਨੀ ‘ਚ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਹ ਗੇਮ ਖੇਡਣ ਦਾ ਅਜਿਹਾ ਜਨੂੰਨ ਸੀ ਕਿ ਹਫਤੇ ਦੇ ਅਖੀਰ ‘ਚ ਪੂਰਾ ਦਿਨ ਗੇਮ ਖੇਡਦੀ ਸੀ। ਜਿਸ ਦਿਨ ਛੁੱਟੀ ਹੁੰਦੀ, ਉਹ ਸਵੇਰੇ ਛੇ ਵਜੇ ਉਠ ਜਾਂਦੀ ਤੇ ਨਾਸ਼ਤਾ ਕਰਨ ਪਿੱਛੋਂ ਸ਼ਾਮ ਚਾਰ ਵਜੇ ਤੱਕ ਗੇਮ ਖੇਡਦੀ ਰਹਿੰਦੀ ਸੀ।