ਸਭ ਹੋਵੇਗਾ ਮੇਰੇ ਕੰਟਰੋਲ ਵਿੱਚ : ਸਿਆਨੀ ਗੁਪਤਾ

sayani gupta
ਸਿਆਨੀ ਗੁਪਤਾ ਇੱਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਹੁਣ ਤੱਕ ਚਾਹੇ ਫਿਲਮਾਂ ਵਿੱਚ ਸਹਾਇਕ ਕਿਰਦਾਰ ਹੀ ਨਿਭਾਏ ਹਨ, ਪਰ ਦਰਸ਼ਕਾਂ ‘ਤੇ ਉਸ ਦੀ ਅਭਿਨੈ ਪ੍ਰਤਿਭਾ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਉਹ ‘ਮਾਰਗਰਿਟਾ ਵਿਦ ਏ ਸਟ੍ਰਾਅ’, ‘ਪਾਰਚਡ’, ‘ਫੈਨ’, ‘ਬਾਰ ਬਾਰ ਦੇਖੋ’, ‘ਜੌਲੀ ਐੱਲ ਐੱਲ ਬੀ-2’ ਅਤੇ ‘ਜੱਗਾ ਜਾਸੂਸ’ ਵਿੱਚ ਨਜ਼ਰ ਆ ਚੁੱਕੀ ਹੈ। ਜਲਦੀ ਹੀ ਉਹ ‘ਫੁਕਰੇ ਰਿਟਰਨਸ’ ਵਿੱਚ ਦਿਖਾਈ ਦੇਵੇਗੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਹੁਣ ਤੱਕ ਜ਼ਿਆਦਾਤਰ ਸਹਾਇਕ ਕਿਰਦਾਰ ਨਿਭਾਏ ਹਨ। ਅਜਿਹਾ ਕਿਉਂ?
– ਇਹ ਸਹੀ ਹੈ ਕਿ ਹੁਣ ਤੱਕ ਮੇਰੇ ਵੱਲੋਂ ਨਿਭਾਏ ਗਏ ਜ਼ਿਆਦਾ ਕਿਰਦਾਰ ਸਹਾਇਕ ਹਨ, ਪਰ ਉਨ੍ਹਾਂ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਉਹ ਮੁੱਖ ਕਿਰਦਾਰਾਂ ਜਿੰਨੇ ਹੀ ਮਹੱਤਵ ਪੂਰਨ ਹਨ। ਮੈਂ ਫਿਲਮ ਵਿੱਚ ਆਪਣੇ ਕਿਰਦਾਰ ਦੀ ਲੰਬਾਈ ਨਹੀਂ ਦੇਖਦੀ, ਸਗੋਂ ਇਹ ਦੇਖਦੀ ਹਾਂ ਕਿ ਉਸ ਦਾ ਫਿਲਮ ਵਿੱਚ ਕਿੰਨਾ ਮਹੱਤਵ ਹੈ। ਤੁਸੀਂ ਚਾਹੇ ‘ਮਾਰਗਰਿਟਾ ਵਿਦ ਏ ਸਟ੍ਰਾਅ’ ਦੇਖੋ, ‘ਫੈਨ’ ਜਾਂ ‘ਜੌਲੀ ਐੱਲ ਐੱਲ ਬੀ-2’ ਇਨ੍ਹਾਂ ਸਾਰੀਆਂ ਫਿਲਮਾਂ ‘ਚੋਂ ਜੇ ਮੇਰੇ ਕਿਰਦਾਰ ਕੱਢ ਦਿੱਤੇ ਜਾਣ ਤਾਂ ਕਹਾਣੀ ਤੁਹਾਨੂੰ ਕੁਝ ਕੁਝ ਅਧੂਰੀ ਲੱਗੇਗੀ। ਉਂਝ ਮੇਰੀ ਇੱਛਾ ਹੈ ਕਿ ਮੈਂ ਕਿਸੇ ਫਿਲਮ ਵਿੱਚ ਹੀਰੋਇਨ ਦਾ ਕਿਰਦਾਰ ਨਿਭਾਵਾਂ।
* ਪ੍ਰੋਫੈਸ਼ਨਲ ਆਧਾਰ ‘ਤੇ ਪਿਛਲੇ ਸਮੇਂ ‘ਚ ਤੁਸੀਂ ਕਾਫੀ ਗ੍ਰੋਅ ਕੀਤਾ ਹੈ?
– ਕੀ ਸੱਚਮੁੱਚ ਅਜਿਹਾ ਹੈ। ਮੈਨੂੰ ਇਸ ਗੱਲ ‘ਤੇ ਯਕੀਨ ਨਹੀਂ ਹੈ। ਉਂਝ ਜੇ ਅਜਿਹਾ ਹੈ ਤਾਂ ਇਹ ਇੱਕ ਅਭਿਨੇਤਰੀ ਵਜੋਂ ਖੁਦ ਨੂੰ ਹੋਰ ਸਮਰੱਥ ਬਣਾਉਣ ਦੀਆਂ ਮੇਰੀਆਂ ਕੋਸ਼ਿਸ਼ਾਂ ਹੀ ਹਨ। ਮੇਰਾ ਸੁਫਨਾ ਹੈ ਕਿ ਲੋਕ ਮੈਨੂੰ ਇੱਕ ਹੀਰੋਇਨ ਵਜੋਂ ਨਹੀਂ, ਸਗੋਂ ਇੱਕ ਸ਼ਕਤੀਸ਼ਾਲੀ ਅਭਿਨੇਤਰੀ ਵਜੋਂ ਜਾਨਣ।
* ਤੁਸੀਂ ਕਿਸ ਤਰ੍ਹਾਂ ਦੀਆਂ ਫਿਲਮਾਂ ਦੇਖ ਕੇ ਵੱਡੇ ਹੋਏ ਹੋ?
– ਮੇਰੇ ਅੰਕਲ ਕੋਲ 20 ਹਜ਼ਾਰ ਫਿਲਮਾਂ ਦੀ ਵੀ ਐੱਚ ਐੱਸ ਕੁਲੈਕਸ਼ਨ ਹੈ। ਮੈਂ ਜਯਾਂ ਲੁਕ ਗੋਦਾਰਦ ਦੀ ਫਿਲਮ 10 ਦੀ ਉਮਰ ਵਿੱਚ ਦੇਖੀ ਸੀ। ਮੈਂ ਸੱਤਿਆਜੀਤ ਰੇਅ ਅਤੇ ਰਿਤਿਕ ਘਟਕ ਦੀਆਂ ਫਿਲਮਾਂ ਦੇਖ ਕੇ ਵੱਡੀ ਹੋਈ ਹਾਂ। ਬਾਲੀਵੁੱਡ ਨੂੰ ਸਾਡੇ ਘਰ ਵਿੱਚ ਪੋਰਨ ਫਿਲਮਾਂ ਵਾਂਗ ਮੰਨਿਆ ਜਾਂਦਾ ਸੀ। ਮੈਨੂੰ ਹਿੰਦੀ ਫਿਲਮਾਂ ਦੇਖਣ ਦੀ ਇਜਾਜ਼ਤ ਨਹੀਂ ਸੀ। ਮੈਂ ਹਿੰਦੀ ਫਿਲਮੀ ਗੀਤ ਸਿਰਫ ਚਿੱਤਰਹਾਰ ‘ਤੇ ਹੀ ਸੁਣਿਆ ਕਰਦੀ ਸੀ। ਇੱਕ ਵਾਰ ਮੈਂ ਆਪਣੇ ਇੱਕ ਗੁਆਂਢੀ ਦੇ ਘਰ ‘ਕਹੋ ਨਾ ਪਿਆਰ ਹੈ’ ਦੇਖਣ ਗਈ। ਜਦੋਂ ਮੈਂ ਵਾਪਸਆਈ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਝਿੜਕਿਆ ਸੀ।
* ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਐਕਟਰ ਤੋਂ ਵੱਧ ਤਵੱਜੋਂ ਇਥੇ ਸਟਾਰ ਨੂੰ ਦਿੱਤੀ ਜਾਂਦੀ ਹੈ?
– ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਹੀ ਸਮਝ ਲਿਆ ਸੀ ਕਿ ਜੇ ਤੁਸੀਂ ਇਥੇ ਸਟਾਰ ਨਹੀਂ ਹੋ ਤਾਂ ਤੁਹਾਡੀ ਊਰਜਾ, ਮਿਹਨਤ ਅਤੇ ਪ੍ਰਤਿਭਾ ਨੂੰ ਉਹ ਸਨਮਾਨ ਨਹੀਂ ਮਿਲ ਸਕੇਗਾ, ਜੋ ਉਨ੍ਹਾਂ ਨੂੰ ਮਿਲਦਾ ਹੈ। ਇਹ ਬੁਰੀ ਗੱਲ ਹੈ। ਇਹੋ ਕਾਰਨ ਹੈ ਕਿ ਮੈਂ ਵੀ ਸਟਾਰ ਬਣਨਾ ਚਾਹੁੰਦੀ ਹਾਂ। ਮੈਂ ਖੁਦ ਨੂੰ ਦੇਸ਼ ਦੀ ਸਭ ਤੋਂ ਵੱਡੀ ਸਟਾਰ ਬਣਦੇ ਦੇਖਣਾ ਚਾਹੁੰਦੀ ਹਾਂ ਤਾਂ ਕਿ ਲੋਕ ਮੇਰੀਆਂ ਕੋਸ਼ਿਸ਼ਾਂ ਅਤੇ ਮੇਰੀ ਪ੍ਰਤਿਭਾ ਨੂੰ ਜਾਨਣ।
* ਫਿਲਮ ‘ਜੱਗਾ ਜਾਸੂਸ’ ਵਿੱਚ ਤੁਹਾਡੇ ਕਿਰਦਾਰ ਨੂੰ ਸ਼ੂਟਿੰਗ ਤੋਂ ਬਾਅਦ ਛੋਟਾ ਕਰ ਦਿੱਤਾ ਗਿਆ ਸੀ। ਕੀ ਕਹੋਗੇ ਇਸ ਬਾਰੇ ਵਿੱਚ?
– ਮੇਰੇ ਵਿਚਾਰ ਵਿੱਚ ਜੋ ਕੁਝ ਕੀਤਾ ਜਾਂਦਾ ਹੈ, ਫਿਲਮ ਦੀ ਬਿਹਤਰੀ ਲਈ ਹੀ ਕੀਤਾ ਜਾਂਦਾ ਹੈ। ਮੇਰੇ ਰੋਲ ਦੇ ਨਾਲ ਵੀ ਅਜਿਹਾ ਫਿਲਮ ਦੀ ਬਿਹਤਰੀ ਲਈ ਕੀਤਾ ਗਿਆ ਸੀ, ਹਾਲਾਂਕਿ ਇਹ ਕਾਫੀ ਦਿਲ ਦੁਖਾਉਣ ਵਾਲੀ ਗੱਲ ਹੈ ਕਿ ਪਹਿਲਾਂ ਤੁਹਾਨੂੰ ਜੋ ਦੱਸਿਆ ਗਿਆ ਸੀ, ਬਾਅਦ ਵਿੱਚ ਉਸ ਨੂੰ ਛੋਟਾ ਕਰ ਦਿੱਤਾ ਗਿਆ, ਕਿਉਂਕਿ ਅਜੇ ਮੈਂ ਸਟਾਰ ਨਹੀਂ ਹਾਂ, ਇਸ ਲਈ ਇਸ ਬਾਰੇ ਕੁਝ ਕਹਿ ਨਹੀਂ ਸਕਦੀ। ਇੱਕ ਦਿਨ ਜਦੋਂ ਮੈਂ ਸਟਾਰ ਬਣ ਜਾਵਾਂਗੀ ਤਾਂ ਅਜਿਹੀਆਂ ਗੱਲਾਂ ਮੇਰੇ ਕੰਟਰੋਲ ਵਿੱਚ ਹੋਣਗੀਆਂ।
* ਬਾਲੀਵੁੱਡ ਅਤੇ ਹਾਲੀਵੁੱਡ ਦੋਵਾਂ ਨੂੰ ਤੁਸੀਂ ਕਿੰਝ ਦੇਖਦੇ ਹੋ?
– ਮੈਂ ਹਾਲੀਵੁੱਡ ਫਿਲਮਾਂ ਕਰਨਾ ਚਾਹਾਂਗੀ ਕਿਉਂਕਿ ਉਥੇ ਬਹੁਤ ਸ਼ਾਨਦਾਰ ਢੰਗ ਨਾਲ ਕੰਮ ਕੀਤਾ ਜਾਂਦਾ ਹੈ। ਇਥੇ ਅਸੀਂ ਕੰਮ ਕਰਨ ਦਾ ਉਹੀ ਪੁਰਾਣਾ ਢੰਗ ਅਪਣਾਉਂਦੇ ਹਾਂ, ਜਿਸ ਵਿੱਚ ਕੋਈ ਨਵਾਂਪਣ ਨਹੀਂ ਹੈ, ਜਦ ਕਿ ਹਾਲੀਵੁੱਡ ਵਿੱਚ ਕੰਮ ਵਿੱਚ ਵੰਨ-ਸੁਵੰਨਤਾ ਹੈ। ਉਥੇ ਕਿਰਦਾਰ ਦੀ ਲੰਬਾਈ ਨਹੀਂ, ਸਗੋਂ ਅਹਿਮੀਅਤ ਨੂੰ ਪਹਿਲ ਦਿੱਤੀ ਜਾਂਦੀ ਹੈ।