ਸਭ ਤੋਂ ਵੱਡੀ ਉਮਰ ਦੀ ਪੁਲਾੜ ਯਾਤਰੀ ਤਿੰਨ ਮਹੀਨੇ ਹੋਰ ਪੁਲਾੜ ਵਿੱਚ ਰਹੇਗੀ

peggy witson
ਕੇਪ ਕੇਨਵੇਰਲ, 7 ਅਪ੍ਰੈਲ (ਪੋਸਟ ਬਿਊਰੋ)- ਦੁਨੀਆ ਦੀ ਸਭ ਤੋਂ ਉਮਰ ਦੀ ਅਤੇ ਸਭ ਤੋਂ ਵੱਧ ਤਜਰਬੇ ਵਾਲੀ ਮਹਿਲਾ ਪੁਲਾੜ ਯਾਤਰੀ ਪੇਗੀ ਵ੍ਹਿਟਸਨ ਦੀ ਪੁਲਾੜ ਮੁਹਿੰਮ ਹੋਰ ਵਧਾ ਦਿੱਤੀ ਗਈ ਹੈ ਤੇ ਹੁਣ ਉਸ ਨੂੰ ਤਿੰਨ ਮਹੀਨੇ ਹੋਰ ਪੁਲਾੜ ਵਿੱਚ ਰਹਿਣ ਦਾ ਮੌਕਾ ਮਿਲੇਗਾ।
ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਇਹ ਸੂਚਨਾ ਜਾਰੀ ਕੀਤੀ ਹੈ। ਵ੍ਹਿਟਸਨ ਨੇ ਹੁਣੇ ਜਿਹੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦਾ ਸਭ ਤੋਂ ਵੱਧ ਵਾਰ ਸਪੇਸ ਵਾਕ ਕਰਨ ਵਾਲਾ ਰਿਕਾਰਡ ਤੋੜਿਆ ਸੀ। ਨਾਸਾ ਨੇ ਦੱਸਿਆ ਕਿ ਵ੍ਹਿਟਸਨ ਸਤੰਬਰ ਤਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ ਐੱਸ ਐੱਸ) ਉੱਤੇ ਰਹੇਗੀ।
57 ਸਾਲਾ ਵ੍ਹਿਟਸਨ ਪਿਛਲੇ ਸਾਲ ਨਵੰਬਰ ਵਿੱਚ ਪੁਲਾੜ ਵਿੱਚ ਪੁੱਜੀ ਸੀ। ਪਹਿਲਾਂ ਤੋਂ ਮਿਥੀ ਯੋਜਨਾ ਮੁਤਾਬਕ ਉਨ੍ਹਾਂ ਨੇ ਜੂਨ ਵਿੱਚ ਧਰਤੀ ਉੱਤੇ ਮੁੜਨਾ ਸੀ। ਨਾਸਾ ਤੇ ਰੂਸੀ ਪੁਲਾੜ ਏਜੰਸੀ ਵਿਚਾਲੇ ਹੋਏ ਸਮਝੌਤੇ ਤਹਿਤ ਉਨ੍ਹਾਂ ਨੂੰ ਉਥੇ ਤਿੰਨ ਮਹੀਨੇ ਹੋਰ ਰਹਿਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦਾ ਇਹ ਤੀਜਾ ਮਿਸ਼ਨ ਹੁਣ ਲਗਪਗ 10 ਮਹੀਨੇ ਦਾ ਹੋਵੇਗਾ। ਲੰਬੇ ਸਮੇਂ ਤਕ ਪੁਲਾੜ ਵਿੱਚ ਰਹਿਣ ਨਾਲ ਉਨ੍ਹਾਂ ਵਿੱਚ ਹੋਣ ਵਾਲੇ ਤਬਦੀਲੀਆਂ ਦਾ ਅਧਿਐਨ ਵਿਗਿਆਨੀ ਕਰਨਗੇ। ਇਸ ਤੋਂ ਪਹਿਲਾਂ ਪੁਲਾੜ ਵਿੱਚ ਇਕ ਸਾਲ ਗੁਜ਼ਾਰਨ ਵਾਲੇ ਪੁਲਾੜ ਯਾਤਰੀ ਸਕਾਟ ਕੇਲੀ ਉੱਤੇ ਇਸ ਸਬੰਧ ਵਿੱਚ ਵਿਸ਼ੇਸ਼ ਅਧਿਐਨ ਕੀਤਾ ਜਾ ਚੁੱਕਾ ਹੈ।