ਸਭ ਕੁਝ ਦਾਅ ‘ਤੇ ਲਾ ਸਕਦੀ ਹੈ ਫਾਤਿਮਾ


ਫਿਲਮ ‘ਦੰਗਲ’ ਵਿੱਚ ਫਾਤਿਮਾ ਸਨਾ ਸ਼ੇਖ ਨੇ ਆਮਿਰ ਖਾਨ ਦੀ ਬੇਟੀ ਗੀਤਾ ਫੋਗਟ ਦਾ ਕਿਰਦਾਰ ਨਿਭਾਇਆ ਸੀ ਤੇ ਇਸ ਤੋਂ ਬਾਅਦ ਉਸ ਦੀ ਕਿਸਮਤ ਚਮਕ ਉਠੀ ਸੀ। ਇਸ ਵੇਲੇ ਉਹ ਅਮਿਤਾਭ ਤੇ ਆਮਿਰ ਖਾਨ ਸਟਾਰਰ ਯਸ਼ਰਾਜ ਫਿਲਮਜ਼ ਦੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਵਿੱਚ ਆਮਿਰ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾ ਰਹੀ ਹੈ। ਉਹ ਅਜਿਹੀ ਦਲੇਰ ਔਰਤ ਦਾ ਕਿਰਦਾਰ ਨਿਭਾ ਰਹੀ ਹੈ, ਜੋ ਬਹੁਤ ਮਜ਼ਬੂਤ ਹੈ, ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਕਰਦੀ ਹੈ ਅਤੇ ਆਮਿਰ ਨੂੰ ਮਨ ਹੀ ਮਨ ਚਾਹੁੰਦੀ ਹੈ। ਉਸ ਦੀ ਚਾਹਤ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਆਮਿਰ ਬਿਨਾਂ ਉਸ ਲਈ ਇੱਕ ਪਲ ਵੀ ਗੁਜ਼ਾਰਨਾ ਮੁਸ਼ਕਲ ਹੈ। ਫਿਲਮ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਐਕਸ਼ਨ ਹੈ।
ਫਾਤਿਮਾ ਵਰਗੀ ਨਿਊ ਕਮਰ ਲਈ ਆਮਿਰ ਤੇ ਅਮਿਤਾਭ ਵਰਗੇ ਸਿਤਾਰਿਆਂ ਨਾਲ ਕਰੀਅਰ ਦੀ ਸ਼ੁਰੂਆਤ ਵਿੱਚ ਕੰਮ ਕਰ ਲੈਣਾ ਕਿਸੇ ਮਾਣ ਤੋਂ ਘੱਟ ਨਹੀਂ। ਆਮਿਰ ਨਾਲ ਉਸ ਦੀ ਇਹ ਲਗਾਤਾਰ ਦੂਜੀ ਫਿਲਮ ਹੈ। ਅਮਿਤਾਭ ਬੱਚਨ ਦੇ ਆਪੋਜ਼ਿਟ ਫਾਤਿਮਾ ਨੇ ਇੱਕ ਹੋਰ ਫਿਲਮ ‘ਜ਼ਮਾਨਤ-ਜਸਟਿਸ ਫਾਰ ਆਲ’ ਸਾਈਨ ਕੀਤੀ ਹੈ। ਇਹ ਅਜਿਹੀ ਮਹਿਲਾ ਵਕੀਲ ਦੀ ਰੋਮਾਂਟਿਕ ਕਹਾਣੀ ਹੈ, ਜੋ ਇੱਕ ਹਾਦਸੇ ਵਿੱਚ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਦਿੰਦੀ ਹੈ। ‘ਠੱਗਸ ਆਫ ਹਿੰਦੋਸਤਾਨ’ ਨਵੰਬਰ ਵਿੱਚ ਰਿਲੀਜ਼ ਹੋਵੇਗੀ। ਇਸ ਦੇ ਲਈ ਫਾਤਿਮਾ ਨੇ ਕਈ ਰਾਊਂਡ ਆਡੀਸ਼ਨ ਦਿੱਤੇ ਸਨ। ਇਹ ਇਸ ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ ‘ਚੋਂ ਇੱਕ ਹੈ। ਅਮਿਤਾਭ ਤੇ ਆਮਿਰ ਦੀ ਲੁਕ ਪ੍ਰਤੀ ਲੋਕਾਂ ‘ਚ ਭਾਰੀ ਉਤਸੁਕਤਾ ਹੈ। ਇਸ ਵਿੱਚ ਫਾਤਿਮਾ ਨੇ ਜਿਸ ਤਰ੍ਹਾਂ ਪੂਰੇ ਸਮਰਪਣ ਨਾਲ ਕੰਮ ਕੀਤਾ ਹੈ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਆਮਿਰ ਖਾਨ ਦੀ ਪੱਕੀ ਸ਼ਾਗਿਰਦ ਹੈ ਅਤੇ ਕਿਸੇ ਵੀ ਕਿਰਦਾਰ ਲਈ ਆਪਣਾ ਸਭ ਕੁਝ ਦਾਅ ‘ਤੇ ਲਾ ਸਕਦੀ ਹੈ। ਅਜਿਹੇ ਕਿਆਸ ਲੱਗ ਰਹੇ ਹਨ ਕਿ ਆਮਿਰ ਨੇ ਦਬਾਅ ਪਾ ਕੇ ਇਸ ਫਿਲਮ ‘ਚ ਫਾਤਿਮਾ ਨੂੰ ਐਂਟਰੀ ਦਿਵਾਈ ਸੀ। ਆਦਿਤਿਆ ਚੋਪੜਾ ਇਸ ਕਿਰਦਾਰ ਲਈ ਵਾਣੀ ਕਪੂਰ ਨੂੰ ਲਗਭਗ ਫਾਈਨਲ ਕਰ ਚੁੱਕੇ ਸਨ। ਇਸ ਤਰ੍ਹਾਂ ਅਚਾਨਕ ਫਾਤਿਮਾ ਦੀ ਫਿਲਮ ਵਿੱਚ ਐਂਟਰੀ ‘ਤੇ ਹਰ ਕੋਈ ਹੈਰਾਨ ਸੀ। ਫਾਤਿਮਾ ਦੀ ਖੂਬਸੂਰਤੀ ਤੇ ਦਮਦਾਰ ਅਭਿਨੈ ਦਾ ਆਮਿਰ ਕਾਇਲ ਹੋ ਚੁੱਕਾ ਹੈ। ‘ਦੰਗਲ’ ਦੇ ਆਡੀਸ਼ਨ ਲਈ ਆਮਿਰ ਕੋਲ ਫਾਤਿਮਾ ਕਿਸੇ ਜਾਣਕਾਰ ਦਾ ਰੈਫਰੈਂਸ ਲੈ ਕੇ ਆਈ ਸੀ ਤੇ ਸਿਰਫ ਦੋ ਮਿੰਟ ‘ਚ ਆਮਿਰ ਖਾਨ ਨੇ ਫਾਤਿਮਾ ਨੂੰ ਗੀਤਾ ਫੋਗਟ ਦੇ ਕਿਰਦਾਰ ਲਈ ਚੁਣ ਲਿਆ।