ਸਬਜ ਸੁਪਨੇ

-ਕੁਲਵੰਤ ਔਜਲਾ (ਪ੍ਰੋ.)

ਇੰਨਾ ਕਾਹਲਾ ਨਾ ਪੈ, ਸਭ ਕੁਝ ਭੰਨਣ ਤੇ ਢਾਹੁਣ ਨੂੰ
ਥੋੜ੍ਹਾ ਜਿਹਾ ਤਰੰਨੁਮ ਬਚਾ ਲੈ, ਕਦੇ ਕਦੇ ਗੁਣਗੁਣਾਉਣ ਨੂੰ।

ਬਹੁਤ ਤੇਜ਼ ਹੁੰਦਾ ਸੀ ਜੋ ਕਦੇ ਮਾਰਨ ਮਰਵਾਉਣ ਨੂੰ
ਅੱਜ ਕੱਲ੍ਹ ਬਹੁਤ ਉਤਾਵਲਾ ਹੈ ਯਾਦਗਾਰਾਂ ਬਣਵਾਉਣ ਨੂੰ।

ਸੋਨੇ ਦੇ ਬੱਠਲ, ਸੋਨੇ ਦੀਆਂ ਕਹੀਆਂ, ਸੋਨੇ ਦੇ ਰੰਬੇ
ਮੀਆਂ ਮੀਰ ਨਹੀਂ ਲੱਭਦਾ ਐਪਰ ਨੀਂਹ ਰਖਵਾਉਣ ਨੂੰ।

ਮੁਫਤ ਬਿਜਲੀ, ਮੁਫਤ ਆਟਾ, ਮੁਫਤ ਯਾਤਰਾਵਾਂ
ਪੱਬਾਂ ਭਾਰ ਹੋ ਗਏ ਹਾਂ ਵੋਟਰ ਭਰਮਾਉਣ ਨੂੰ।

ਲੋੜ ਪੈਣ ‘ਤੇ ਜਿਗਰ ਦੇ ਟੋਟੇ ਵੀ ਵੇਚ ਦੇਈਏ
ਕੁਲਯੁੱਗ ‘ਚ ਕੌਣ ਪੁੱਛਦਾ ਦੀਨ ਇਮਾਨ ਨਿਭਾਉਣ ਨੂੰ।

ਕੈਸਾ ਯੁੱਗ ਹੈ ਜਿਸਮਾਂ ਦੀ ਅੱਗ ਨਹੀਂ ਬੁਝਦੀ
ਲੋਕ ਹੁਣ ਧੰਦਾ ਸਮਝਦੇ ਨੇ ਕਾਲੇ ਕਰਮ ਕਮਾਉਣ ਨੂੰ।

ਕਿਧਰੇ ਫਿਰਕਿਆਂ ਦੀ ਨਫਰਤ, ਕਿਧਰੇ ਜਾਤਾਂ ਪਾਤਾਂ ਦੇ ਝਗੜੇ
ਤਿਆਰ ਬਰ ਤਿਆਰ ਰਹਿੰਦੇ ਹਾਂ ਖੂਨੀ ਨਦੀਆਂ ਵਹਾਉਣ ਨੂੰ।

ਰੰਗ ਬਰੰਗੀਆਂ ਮੂਰਤਾਂ ਅਤੇ ਭਾਂਤ ਭਾਂਤ ਦੇ ਅੰਦਾਜ਼
ਕਮਲੇ ਜਿਹੇ ਹੋਏ ਫਿਰਦੇ ਹਾਂ ਚਮਕਣ ਚਮਕਾਉਣ ਨੂੰ।

ਇੰਨੇ ਠਾਠ, ਇੰਨੇ ਡਰੇ, ਇੰਨੀਆਂ ਵਿੱਥਾਂ, ਇੰਨੇ ਬਖੇੜੇ
ਅੱਖਰ ਹੀ ਬਚਾ ਲੈਂਦੇ ਜ਼ਾਲਮੋ ਸਰਬ ਸਾਂਝੇ ਅਖਵਾਉਣ ਨੂੰ।

ਫੂਕ ਮਾਰਨ ਤੋਂ ਵੀ ਤ੍ਰਹਿੰਦੇ ਸਨ ਭਲੇ ਵੇਲਿਆਂ ਦੇ ਬੰਦੇ
ਅੱਜ ਕੱਲ੍ਹ ਮਿੰਟ ਨਹੀਂ ਲਾਉਂਦੇ ਬੰਦਾ ਝਟਕਾਉਣ ਨੂੰ।

ਹੈ ਠੀਕ ਕਿ ਬਹੁਤ ਉਦਾਸ ਹੈ ਮੌਸਮ ਲੇਕਿਨ
ਅਜੇ ਵੀ ਤੜਪਦਾ ਕੋਈ ਕੋਈ ਸਬਜ਼ ਸੁਪਨੇ ਉਗਾਉਣ ਨੂੰ।