ਸਫਾਈ ਪ੍ਰਤੀ ਅਵੇਸਲਾਪਣ ਕਿਉਂ?

pollution in india
-ਹਰਜੀਤ ਸਿੰਘ ਸਿੱਧੂ
ਭਾਰਤ ਵਿੱਚ ਹੋਰ ਸਮੱਸਿਆਵਾਂ ਦੇ ਨਾਲ ਸਾਨੂੰ ਪ੍ਰਦੂਸ਼ਣ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਦੇਸ਼ ਦੀ ਵੱਧ ਆਬਾਦੀ ਕਾਰਨ ਪਾਣੀ, ਹਵਾ, ਮਿੱਟੀ ਅਤੇ ਆਵਾਜ਼ ਦੇ ਪ੍ਰਦੂਸ਼ਣ ਨਾਲੋਂ ਕੂੜੇ ਕਾਰਨ ਫੈਲਿਆ ਪ੍ਰਦੂਸ਼ਣ ਸਭ ਤੋਂ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ। ਬੇਲੋੜੇ ਪਲਾਸਟਿਕ ਪਦਾਰਥਾਂ ਨੇ ਧਰਤੀ ਉਪਰ ਪਲਾਸਟਿਕ ਦੀ ਤਹਿ ਕਾਇਮ ਕਰ ਦਿੱਤੀ ਹੈ, ਜਿਸ ਨੇ ਧਰਤੀ ਦੀ ਪਾਣੀ ਸੋਖਣ ਸਮਰੱਥਾ ਖਤਰਨਾਕ ਹੱਦ ਤੱਕ ਘਟਾ ਦਿੱਤੀ ਹੈ। ਇਸ ਦਾ ਨਤੀਜਾ ਇਹ ਹੈ ਕਿ ਮੀਂਹ ਦਾ ਪਾਣੀ ਧਰਤੀ ਹੇਠਲੇ ਪਾਣੀ ਦੇ ਲੈਵਲ ਦਾ ਵਾਧਾ ਨਹੀਂ ਕਰ ਰਿਹਾ। ਕਈ ਰਾਜ ਸਰਕਾਰਾਂ ਨੇ ਪਲਾਸਟਿਕ ਦੇ ਲਿਫਾਫਿਆਂ ਉਪਰ ਪਾਬੰਦੀ ਲਾਉਣ ਦੇ ਯਤਨ ਕੀਤੇ। ਪ੍ਰਦੂਸ਼ਣ ਸਮੱਸਿਆ ਅਤੇ ਕੂੜੇ ਦੇ ਨਿਪਟਾਰੇ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ। ਵੱਖ-ਵੱਖ ਮੀਡੀਆ ਸਾਧਨਾਂ ਰਾਹੀਂ ਇਸ ਬਿਪਤਾ ਨਾਲ ਨਜਿੱਠਣ ਲਈ ਜਨਤਾ ਤੋਂ ਸਹਿਯੋਗ ਮੰਗਿਆ, ਪਰ ਅਨਪੜ੍ਹਤਾ, ਗਰੀਬੀ, ਜ਼ਿੰਮੇਵਾਰੀ ਦੇ ਅਹਿਸਾਸ ਦੀ ਘਾਟ ਅਤੇ ਕਾਨੂੰਨੀ ਢਿੱਲ ਕਾਰਨ ਫਿਰ ਪਰਨਾਲਾ ਉਥੇ ਦਾ ਉਥੇ ਹੈ। ਵੱਖ-ਵੱਖ ਜਥੇਬੰਦੀਆਂ ਅਤੇ ਸਰਕਾਰੀ ਅਦਾਰਿਆਂ ਵੱਲੋਂ ਆਪਣੇ-ਆਪਣੇ ਇਲਾਕੇ ਨੂੰ ਕੂੜਾ ਮੁਕਤ ਕਰਨ ਦੀਆਂ ਚਲਾਈਆਂ ਗਈਆਂ ਅਨੇਕਾਂ ਸਕੀਮਾਂ ਅਧਵਾਟੇ ਦਮ ਤੋੜ ਦਿੰਦੀਆਂ ਹਨ ਕਿਉਂਕਿ ਅਸੀਂ ਇਨ੍ਹਾਂ ਸਕੀਮਾਂ ਦੀ ਮਹੱਤਤਾ ਸਮਝੇ ਬਗੈਰ ਹੀ ਆਪਣਾ ਸਹਿਯੋਗ ਦੇਣ ਤੋਂ ਹੱਥ ਪਿੱਛੇ ਖਿੱਚ ਲੈਂਦੇ ਹਾਂ। ਅਸੀਂ ਆਪਣੀ ਮਾਨਸਿਕਤਾ ਅਨੁਸਾਰ ਕੇਵਲ ਆਪਣੇ ਘਰ ਅਤੇ ਇਸ ਦੇ ਆਲੇ ਦੁਆਲੇ ਨੂੰ ਸਾਫ ਰੱਖਣ ਤੱਕ ਸੀਮਤ ਹੋ ਕੇ ਰਹਿ ਗਏ ਹਾਂ।
ਇਹ ਵੀ ਕੌੜੀ ਸੱਚਾਈ ਹੈ ਕਿ ਸਾਡੇ ਵਿੱਚੋਂ ਬਹੁਤ ਲੋਕ ਅਜੇ ਆਪਣੇ ਘਰ ਦਾ ਕੂੜਾ ਗਲੀ ਜਾਂ ਖਾਲੀ ਪਲਾਟ ਵਿੱਚ ਜਾਂ ਅੱਖ ਬਚਾ ਕੇ ਗੁਆਂਢੀਆਂ ਦੇ ਘਰਾਂ ਅੱਗੇ ਸੁੱਟ ਕੇ ਖੁਸ਼ੀ ਮਹਿਸੂਸ ਕਰਨ ਲੱਗਦੇ ਹਨ। ਅਨੇਕਾਂ ਵੱਡੇ ਸ਼ਹਿਰਾਂ ਵਿੱਚ ਕੂੜੇ ਨੂੰ ਸਹੀ ਥਾਂ ‘ਤੇ ਨਾ ਸੁੱਟਣ ਦੀ ਸਮੱਸਿਆ ਦਿਨੋਂ ਦਿਨ ਭਿਅੰਕਰ ਰੂਪ ਧਾਰਨ ਕਰਦੀ ਜਾ ਰਹੀ ਹੈ। ਕੂੜੇ ਦੇ ਸਹੀ ਢੰਗ ਨਾਲ ਨਿਪਟਾਰੇ ਪ੍ਰਤੀ ਪੜ੍ਹੇ ਲਿਖੇ ਲੋਕਾਂ ਦੀ ਬਹੁ ਗਿਣਤੀ ਦੀ ਸੋਚ ਜਿਥੇ ਹਾਂ ਪੱਖੀ ਬਣਦੀ ਜਾਂਦੀ ਹੈ, ਉਥੇ ਇਹ ਵੀ ਸੱਚਾਈ ਹੈ ਕਿ ਇਸ ਵਰਗ ਦੇ ਕੁਝ ਪ੍ਰਤੀਸ਼ਤ ਲੋਕ ਅਜੇ ਵੀ ਆਪਣੇ ਘਰ ਦਾ ਕੂੜਾ ਆਪਣੀ ਮਰਜ਼ੀ ਨਾਲ ਇਧਰ ਉਧਰ ਜਾਂ ਖਾਲੀ ਥਾਂ ਸੁੱਟਦੇ ਹਨ। ਇਸ ਤਰ੍ਹਾਂ ਕਰਕੇ ਉਹ ਕੂੜਾ ਚੁੱਕਣ ਵਾਲੇ ਨੂੰ ਮਹੀਨੇ ਬਾਅਦ ਦੇਣ ਵਾਲੇ ਆਪਣੇ ਕੁਝ ਰੁਪਏ ਬਚਾ ਲੈਂਦੇ ਹਨ, ਪਰ ਇਸ ਤਰ੍ਹਾਂ ਆਪਣੇ ਆਲੇ ਦੁਆਲੇ ਨੂੰ ਗੰਦਾ ਤੇ ਦੂਸ਼ਿਤ ਕਰਨ ਦਾ ਕਲੰਕ ਵੀ ਖੱਟ ਲੈਂਦੇ ਹਨ।
ਮਹਾਨਗਰਾਂ ਵਿੱਚ ਝੁੱਗੀਆਂ ਝੌਂਪੜੀਆਂ ਵਿੱਚ ਜਾਂ ਸੜਕਾਂ ਕਿਨਾਰੇ ਰਹਿਣ ਵਾਲੇ ਬੇਘਰੇ ਲੋਕ ਆਪਣੇ ਆਸੇ ਪਾਸੇ ਦੀ ਹਰੇਕ ਥਾਂ ਨੂੰ ਕੂੜੇ ਨਾਲ ਭਰ ਦਿੰਦੇ ਹਨ। ਇਸ ਦਿਸ਼ਾ ਵਿੱਚ ਕਾਨੂੰਨ ਦੀ ਢਿੱਲ ਮੱਠ ਅਤੇ ਲੋੜੀਂਦੇ ਫੰਡਾਂ ਦੀ ਘਾਟ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਇਸ ਸਮੱਸਿਆ ਦਾ ਸਭ ਤੋਂ ਵੱਧ ਮਾਰੂ ਅਸਰ ਟੂਰਿਸਟ ਥਾਵਾਂ ਵਾਲੇ ਸ਼ਹਿਰਾਂ ਉਪਰ ਪੈ ਰਿਹਾ ਹੈ। ਕਿਸੇ ਨਵੇਂ ਥਾਂ ਜਾ ਕੇ ਸਾਨੂੰ ਚੰਗੇ ਨਾਗਰਿਕ ਵਾਲਾ ਵਤੀਰਾ ਅਪਨਾਉਣਾ ਚਾਹੀਦਾ ਹੈ। ਹਰ ਟੂਰਿਸਟ ਥਾਂ ‘ਤੇ ਕੂੜਾ ਸੁੱਟਣ ਲਈ ਵਿਸ਼ੇਸ਼ ਕੂੜਾਦਾਨ ਰੱਖੇ ਹੁੰਦੇ ਹਨ, ਪਰ ਅਸੀਂ ਲੋਕ ਇਨ੍ਹਾਂ ਦੀ ਵਰਤੋਂ ਨਾ ਕਰਦੇ ਹੋਏ ਲਾਪ੍ਰਵਾਹੀ ਨਾਲ ਕੂੜਾ ਇਧਰ ਉਧਰ ਸੁੱਟ ਦਿੰਦੇ ਹਾਂ। ਹੋਣਾ ਇਹ ਚਾਹੀਦਾ ਹੈ ਕਿ ਜਦੋਂ ਕਿਧਰੇ ਘੁੰਮਣ ਜਾਂਦੇ ਹਾਂ ਤਾਂ ਸਾਨੂੰ ਉਸ ਥਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਹ ਕੌੜਾ ਸੱਚਾ ਹੈ ਕਿ ਅਨੇਕਾਂ ਕਿਸਮਾਂ ਦੇ ਯਤਨ ਦੇ ਬਾਵਜੂਦ ਸਫਾਈ ਮੁਹਿੰਮਾਂ ਪ੍ਰਤੀ ਸਾਡੀ ਸੋਚ ਅਤੇ ਸਹਿਯੋਗ ਕਾਫੀ ਹੱਦ ਤੱਕ ਅਫਸੋਸਨਾਕ ਅਤੇ ਨਿਰਾਸ਼ਾ ਜਨਕ ਹੈ। ਇਸ ਲਈ ਦੇਸ਼ ਨੂੰ ਸਾਫ ਸੁਥਰਾ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ।