ਸਪੇਨ ਵਿੱਚ ਬ੍ਰਿਟਿਸ਼ ਕੌਂਸਲ ਸਕੂਲ ਦੇ ਬਾਹਰ ਗੋਲੀ ਚੱਲੀ, ਇੱਕ ਮੌਤ


ਮੈਡਰਿਡ, 12 ਮਾਰਚ (ਪੋਸਟ ਬਿਊਰੋ)- ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਸੋਮਵਾਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਬ੍ਰਿਟਿਸ਼ ਕੌਂਸਲ ਸਕੂਲ ਦੇ ਬਾਹਰ ਇਕ ਅਣਪਛਾਤੇ ਬੰਦੂਕਧਾਰੀ ਨੇ ਇਕ ਵਿਅਕਤੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਦੀ ਮੌਕੇ ਉੱਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ।
ਇਸ ਸੂਬੇ ਦੀ ਐਮਰਜੰਸੀ ਸਰਵਿਸ ਦੇ ਸੂਤਰਾਂ ਨੇ ਦੱਸਿਆ ਕਿ 43 ਸਾਲਾਂ ਪੀੜਤ ਕਾਰ ਵਿੱਚ ਸਵਾਰ ਸੀ ਤੇ ਉਹ ਕੋਲੰਬੀਆ ਦਾ ਨਾਗਰਿਕ ਸੀ ਤੇ ਉਸ ਨਾਲ ਇਕ ਔਰਤ ਵੀ ਸੀ। ਦੱਸਿਆ ਗਿਆ ਹੈ ਕਿ ਉਸ ਉੱਤੇ ਹਮਲਾ ਓਦੋਂ ਹੋਇਆ, ਜਦੋਂ ਉਹ ਆਪਣੀ ਸਾਥੀ ਔਰਤ ਨਾਲ ਬੱਚਿਆਂ ਨੂੰ ਸਕੂਲ ਛੱਡਣ ਆਇਆ ਸੀ। ਇਸ ਘਟਨਾ ਪਿੱਛੋਂ ਇਕ ਬਿਆਨ ਵਿੱਚ ਕਿਹਾ ਗਿਆ ਕਿ ਪੀੜਤ ਵਿਅਕਤੀ ਉੱਤੇ ਕਰੀਬ 10 ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਮੋਟਰ ਸਾਈਕਲ ਸਵਾਰ ਇਕ ਵਿਅਕਤੀ ਨੇ ਕਾਰ ਵਿੱਚ ਬੈਠੇ ਵਿਅਕਤੀ ਉੱਤੇ ਗੋਲੀਆਂ ਚਲਾਈਆਂ ਤੇ ਪੀੜਤ ਹਮਲੇ ਤੋਂ ਬਚਣ ਲਈ ਕਾਰ ਵਿੱਚੋਂ ਨਿਕਲਿਆ, ਪਰ ਉਸ ਦੀ ਗੰਭੀਰ ਜ਼ਖਮੀ ਹਾਲਤ ਵਿੱਚ ਸੜਕ ਉੱਤੇ ਹੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਪੀੜਤ ਦੀ ਸਾਥੀ ਔਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।