ਸਤਿਕਾਰ ਦਾ ਲੰਬਾ ਇੰਤਜ਼ਾਰ

-ਡਾ. ਹਰਵਿੰਦਰ ਕੌਰ
ਦੁਨੀਆ ਦੇ ਕੁਝ ਕੁ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ਾਂ ਵਿੱਚ ਲਿੰਗ ਦੇ ਆਧਾਰ ‘ਤੇ ਮਰਦ ਅਤੇ ਔਰਤ ਦੇ ਦਰਜੇ ਵਿੱਚ ਸਮਾਨਤਾ ਨਹੀਂ ਹੈ। ਬਹੁਤ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਦੇਸ਼ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿਵਾਉਣ, ਔਰਤਾਂ ਨਾਲ ਹੋਣ ਵਾਲੇ ਵਿਤਕਰੇ ਅਤੇ ਅਤਿਆਚਾਰ ਖਤਮ ਕਰਨ ਲਈ ਹੰਭਲੇ ਮਾਰ ਰਹੇ ਹਨ। ਭਾਵੇਂ ਇਨ੍ਹਾਂ ਯਤਨਾਂ ਨਾਲ ਔਰਤਾਂ ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਪਰ ਵਿਸ਼ਵ ਦੇ ਕਿਸੇ ਵੀ ਦੇਸ਼ ਨੇ ਅਜੇ ਤੱਕ ਔਰਤਾਂ ਦੀ ਪੂਰਨ ਬਰਾਬਰੀ ਪ੍ਰਾਪਤ ਨਹੀਂ ਕੀਤੀ ਅਤੇ ਭਿੰਨ-ਭਿੰਨ ਪੱਧਰਾਂ ‘ਤੇ ਲਿੰਗ ਪਾੜਾ ਅਜੇ ਵੀ ਹੁੰਦਾ ਹੈ। ਅਜਿਹਾ ਜ਼ਰੂਰ ਹੈ ਕਿ ਵਧੇਰੇ ਵਿਕਸਿਤ ਦੇਸ਼ਾਂ ਵਿੱਚ ਮਨੁੱਖੀ ਵਿਕਾਸ ਉਚੇਰਾ ਹੈ ਅਤੇ ਲਿੰਗ ਵਿਤਕਰਾ ਘੱਟ ਹੈ।
ਸਾਰੇ ਦੇਸ਼ ਆਰਥਿਕ ਵਾਧੇ ਦੀ ਰਫਤਾਰ ਤੇਜ਼ ਕਰਨਾ ਚਾਹੁੰਦੇ ਹਨ ਤੇ ਇਹ ਸਮਝ ਚੁੱਕੇ ਹਨ ਕਿ ਦੇਸ਼ ਦਾ ਵਿਕਾਸ ਦੇਸ਼ ਦੀ ਪੂਰੀ ਜਨਤਾ ਦੇ ਲਿੰਗ ਆਧਾਰਤ ਵਿਤਕਰੇ ਤੋਂ ਬਗੈਰ ਮਾਨਵੀ ਵਿਕਾਸ ‘ਤੇ ਨਿਰਭਰ ਕਰਦਾ ਹੈ। ਖੁਸ਼ੀ ਦੀ ਗੱਲ ਹੈ ਕਿ ਵੱਖ-ਵੱਖ ਦੇਸ਼ਾਂ ਵਿੱਚ ਔਰਤਾਂ ਦੀ ਸਥਿਤੀ ਤੇ ਵੱਖ-ਵੱਖ ਪੱਧਰਾਂ ‘ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦਾ ਪਤਾ ਲਾਉਣ ਲਈ ਪਿਛਲੇ ਸਮਿਆਂ ਵਿੱਚ ਕੁਝ ਸੂਚਕ ਅੰਕ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ ‘ਲਿੰਗ ਆਧਾਰਿਤ ਵਿਕਾਸ ਸੂਚਕ ਅੰਕ’, ‘ਲਿੰਗ ਸ਼ਕਤੀਕਰਨ ਮਾਪ’, ‘ਲਿੰਗ ਅਸਮਾਨਤਾ ਸੂਚਕ ਅੰਕ’ ਅਤੇ ‘ਵਿਸ਼ਵ ਲਿੰਗ ਅੰਤਰ ਸੂਚਕ ਅੰਕ’ ਬੜੇ ਮਹੱਤਵ ਵਾਲੇ ਹਨ। ਇਨ੍ਹਾਂ ਦੇ ਵਿਸ਼ਲੇਸ਼ਣ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਸਿਹਤ ਤੇ ਸਿੱਖਿਆ ਦੇ ਖੇਤਰ ਅਤੇ ਆਰਥਿਕ ਸਾਧਨਾਂ ਉੱਤੇ ਅਧਿਕਾਰ ਵਜੋਂ ਔਰਤਾਂ ਹਮੇਸ਼ਾ ਮਰਦਾਂ ਤੋਂ ਪਿੱਛੇ ਰਹੀਆਂ ਹਨ। ਵੱਖ-ਵੱਖ ਦੇਸ਼ਾਂ ਵਿੱਚ ਲਿੰਗ ਆਧਾਰ ਉਤੇ ਇਨ੍ਹਾਂ ਖੇਤਰਾਂ ਵਿੱਚ ਭਿੰਨਤਾ ਦਾ ਪਤਾ ਜੀ ਡੀ ਆਈ ਤੋਂ ਚੱਲਦਾ ਹੈ। ਕੁਝ ਦੇਸ਼ਾਂ ਨੂੰ ਛੱਡ ਕੇ ਬਹੁਤ ਸਾਰੇ ਦੇਸ਼ਾਂ ਵਿੱਚ ਔਰਤਾਂ ਦਾ ਮਨੁੱਖੀ ਸੂਚਕ ਅੰਕ ਮਰਦਾਂ ਦੇ ਮਨੁੱਖੀ ਸੂਚਕ ਅੰਕ ਤੋਂ ਘੱਟ ਹੋਣਾ ਦੱਸਦਾ ਹੈ ਕਿ ਔਰਤਾਂ ਨਾਲ ਵਿਤਕਰਾ ਵਿਸ਼ਵ ਪੱਧਰ ‘ਤੇ ਹੁੰਦਾ ਹੈ। ਉਨ੍ਹਾਂ ਦੀ ਆਰਥਿਕਤਾ ਅਤੇ ਰਾਜਨੀਤੀ ਵਿੱਚ ਭਾਗੀਦਾਰੀ ਤੇ ਮਹੱਤਵ ਪੂਰਨ ਫੈਸਲਿਆਂ ਵਿੱਚ ਭਾਈਵਾਲੀ ਮਰਦਾਂ ਤੋਂ ਘੱਟ ਹੈ। ਵਿਭਿੰਨ ਦੇਸ਼ਾਂ ਵਿੱਚ ਇਸ ਪੱਖ ਤੋਂ ਮਰਦ ਦੇ ਮੁਕਾਬਲਤਨ ਔਰਤ ਦੀ ਸਥਿਤੀ ਦਾ ਪਤਾ ਲਿੰਗ ਸ਼ਕਤੀਕਰਨ ਮਾਪ ਰਾਹੀਂ ਲੱਗਦਾ ਹੈ। ਤਕਰੀਬਨ ਹਰ ਦੇਸ਼ ਵਿੱਚ ਇਨ੍ਹਾਂ ਸਾਰੇ ਪੱਖਾਂ ਤੋਂ ਔਰਤ ਦੀ ਸਥਿਤੀ ਮਰਦ ਨਾਲੋਂ ਕਮਜ਼ੋਰ ਹੈ।
ਔਲਾਦ ਨੂੰ ਜਨਮ ਦੇਣਾ ਕੁਦਰਤ ਨੇ ਔਰਤ ਨੂੰ ਸੌਂਪਿਆ ਹੈ, ਇਸ ਲਈ ਗਰਭ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਕਾਰਨ ਉਸ ਨੂੰ ਵਿਸ਼ੇਸ਼ ਸਿਹਤ ਸਹੂਲਤਾਂ ਦੀ ਲੋੜ ਪੈਂਦੀ ਹੈ, ਜੋ ਜ਼ਿਆਦਾਤਰ ਹਾਸਲ ਨਹੀਂ ਹੁੰਦੀਆਂ ਤਾਂ ਉਸ ਦੀ ਮੌਤ ਹੋ ਸਕਦੀ ਹੈ। ਇਸ ਪੱਖੋਂ ਵਿਭਿੰਨ ਦੇਸ਼ਾਂ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਨੂੰ ਲਿੰਗ ਅਸਮਾਨਤਾ ਸੂਚਕ ਅੰਕ ਤੋਂ ਜਾਣਿਆ ਜਾ ਸਕਦਾ ਹੈ। ਇਨ੍ਹਾਂ ਸਾਰਿਆਂ ਸੂਚਕ ਅੰਕਾਂ ਦਾ ਵਿਸ਼ਲੇਸ਼ਣ ਕਰਨ ‘ਤੇ ਪਤਾ ਲੱਗਦਾ ਹੈ ਕਿ ਵਿਸ਼ਵ ਵਿੱਚ ਕਿਸੇ ਵੀ ਦੇਸ਼ ਨੇ ਅਜੇ ਤੱਕ ਲਿੰਗ ਆਧਾਰ ‘ਤੇ ਪਾੜਾ ਪੂਰਨ ਤੌਰ ‘ਤੇ ਖਤਮ ਨਹੀਂ ਕੀਤਾ ਅਤੇ ਵਿਸ਼ਵ ਵਿੱਚ ਔਰਤ ਲਿੰਗ ਪਾੜਾ ਲਗਭਗ ਇਕ ਤਿਹਾਈ ਹੈ। ਸਿੱਖਿਆ ਤੇ ਸਿਹਤ ਪੱਖੋਂ ਇਹ ਪਾੜਾ ਭਾਵੇਂ ਘਟਦਾ ਜਾਂਦਾ ਹੈ, ਪਰ ਆਰਥਿਕ ਭਾਗੀਦਾਰੀ ਵਿੱਚ ਇਹ ਪਾੜਾ ਚਾਲੀ ਫੀਸਦੀ ਤੋਂ ਵੱਧ ਅਤੇ ਰਾਜਨੀਤਕ ਸਸ਼ਕਤੀਕਰਨ ਵਿੱਚ ਤਿੰਨ ਚੌਥਾਈ ਤੋਂ ਵੀ ਵਧੇਰੇ ਹੈ। ਕੁਝ ਗਿਣੇ ਚੁਣੇ ਦੇਸ਼ਾਂ ਨੇ ਕੁਝ ਕੁ ਪੱਖਾਂ ਤੋਂ ਔਰਤ ਨੂੰ ਮਰਦ ਦੇ ਬਰਾਬਰ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਵਿਸ਼ਵ ਲਿੰਗ ਅੰਤਰ ਸੂਚਕ ਅੰਕ 2017 ਅਨੁਸਾਰ ਸੰਸਾਰ ਦੇ ਸਤਾਈ ਦੇਸ਼ਾਂ ਵਿੱਚ ਸਿੱਖਿਆ ਪ੍ਰਾਪਤੀ ਦੇ ਖੇਤਰ ਵਿੱਚ ਔਰਤ-ਮਰਦ ਬਰਾਬਰ ਹਨ। ਚੌਤੀ ਦੇਸ਼ਾਂ ਵਿੱਚ ਸਿਹਤ ਅਤੇ ਜਿਉਂਦੇ ਰਹਿਣ ਦੀ ਆਸ ਦੇ ਪੱਖ ਤੋਂ ਲਿੰਗ ਪਾੜਾ ਨਹੀਂ ਹੈ। ਕੇਵਲ ਪੰਜ ਦੇਸ਼ਾਂ ਨੇ ਸਿਹਤ ਅਤੇ ਸਿੱਖਿਆ ਦੋਵਾਂ ਪੱਖਾਂ ਤੋਂ ਔਰਤਾਂ ਅਤੇ ਮਰਦਾਂ ਵਿਚਾਲੇ ਬਰਾਬਰੀ ਪ੍ਰਾਪਤ ਕੀਤੀ ਹੈ।
ਇਹ ਤੱਥ ਉਦਾਸ ਕਰਨ ਵਾਲਾ ਹੈ ਕਿ ਕਿਸੇ ਵੀ ਦੇਸ਼ ਵਿੱਚ ਆਰਥਿਕ ਭਾਗੀਦਾਰੀ ਜਾਂ ਰਾਜਸੀ ਸ਼ਕਤੀ ਦੇ ਪੱਖੋਂ ਔਰਤਾਂ ਅਜੇ ਮਰਦਾਂ ਦੀ ਬਰਾਬਰੀ ਨਹੀਂ ਕਰ ਸਕੀਆਂ। ਔਰਤਾਂ ਦੀ ਆਰਥਿਕ ਭਾਗੀਦਾਰੀ ਵਧਾਉਣ ਪੱਖੋਂ ਕੁਝ ਦੇਸ਼ ਜਿਵੇਂ ਬਰੂੰਡੀ, ਨਾਰਵੇ, ਸਵੀਡਨ, ਬੋਤਸਵਾਨਾ, ਨਾਮੀਬੀਆ, ਰਵਾਂਡਾ ਆਦਿ ਸ਼ਲਾਘਾ ਦੇ ਹੱਕਦਾਰ ਜ਼ਰੂਰ ਹਨ, ਕਿਉਂਕਿ ਇਨ੍ਹਾਂ ਨੇ ਅੱਸੀ ਫੀਸਦੀ ਤੋਂ ਵੱਧ ਪਾੜਾ ਖਤਮ ਕੀਤਾ ਹੈ। ਔਰਤਾਂ ਦੀ ਰਾਜਸੀ ਭਾਗੀਦਾਰੀ ਪੱਖੋਂ ਮੋਹਰੀ ਦੇਸ਼ਾਂ ਵਿੱਚ ਆਈਸਲੈਂਡ ਨੇ 70 ਫੀਸਦੀ ਤੋਂ ਵੱਧ ਤੇ ਫਿਨਲੈਂਡ, ਨਾਰਵੇ, ਨਿਕਾਰਾਗੁਆ, ਰਵਾਂਡਾ ਨੇ ਪੰਜਾਹ ਤੋਂ ਸੱਠ ਫੀਸਦੀ ਸਮਾਨਤਾ ਕੀਤੀ ਹੈ।
ਭਾਰਤ ਵਿਸ਼ਵ ਲਿੰਗ ਅੰਤਰ ਸੂਚਕ ਅੰਕ ਦੇ ਪੱਖ ਤੋਂ ਸੌ ਤੋਂ ਵਧੇਰੇ ਦੇਸ਼ਾਂ ਨਾਲੋਂ ਪਿੱਛੇ ਹੈ ਅਤੇ ਇਸ ਨੇ ਕੇਵਲ ਦੋ ਤਿਹਾਈ ਲਿੰਗ ਪਾੜਾ ਪੂਰਿਆ ਹੈ। ਔਰਤ ਦੀ ਸਾਖਰਤਾ ਦਰ ਦੇ ਕੇਸ ਵਿੱਚ ਲਗਭਗ ਇਕ ਤਿਹਾਈ ਪਾੜਾ ਅਜੇ ਵੀ ਦੂਰ ਕਰਨ ਵਾਲਾ ਹੈ। ਪ੍ਰਾਇਮਰੀ ਸਿੱਖਿਆ ਵਿੱਚ ਦਾਖਲੇ ਦਾ ਭਾਵੇਂ ਸੁਧਾਰ ਹੋਇਆ ਹੈ, ਪਰ ਸਿੱਖਿਆ ਦੇ ਸੈਕੰਡਰੀ ਅਤੇ ਉਚ ਪੱਧਰ ਵਿੱਚ ਪੰਜਵੇਂ ਤੋਂ ਵੱਧ ਹਿੱਸਾ ਪਾੜਾ ਅਜੇ ਚਿੰਤਾ ਦਾ ਵਿਸ਼ਾ ਹੈ। ਜਨਮ ਸਮੇਂ ਦੇ ਲਿੰਗ ਅਨੁਪਾਤ ਦੇ ਪੱਖੋਂ 11 ਫੀਸਦੀ ਪਾੜਾ ਹੈ। ਰਾਜਸੀ ਖੇਤਰ ਵਿੱਚ ਸ਼ਕਤੀਕਰਨ ਦੇ ਪੱਖ ਤੋਂ ਪਾਰਲੀਮੈਂਟ ਵਿੱਚ ਔਰਤਾਂ ਦੀ ਭਾਗੀਦਾਰੀ ਅਤੇ ਮੰਤਰਾਲੇ ਵਿੱਚ ਔਰਤਾਂ ਦੀ ਪੁਜੀਸ਼ਨ ਦੇ ਪੱਖ ਤੋਂ 15 ਫੀਸਦੀ ਤੋਂ ਵੀ ਘੱਟ ਪਾੜਾ ਹਟਿਆ ਹੈ। ਵਿਸ਼ਵ ਲਿੰਗ ਅੰਤਰ ਸੂਚਕ ਅੰਕ 2017 ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਸਾਰੇ ਨਿਰਧਾਰਕਾਂ ਦੇ ਆਧਾਰ ਉੱਤੇ ਔਰਤਾਂ ਅਤੇ ਮਰਦਾਂ ਵਿਚਕਾਰ ਕੁੱਲ ਪਾੜਾ ਇਕ ਤਿਹਾਈ ਤੋਂ ਵਧੇਰੇ ਹੈ। ਔਰਤਾਂ ਨੂੰ ਆਰਥਿਕ ਭਾਗੀਦਾਰੀ ਤੇ ਮੌਕੇ ਦੇਣ ਪੱਖੋਂ ਭਾਰਤ ਦਾ 134ਵਾਂ ਸਥਾਨ ਹੈ ਅਤੇ ਇਸ ਨੇ ਕੇਵਲ ਚਾਲੀ ਫੀਸਦੀ ਪਾੜਾ ਦੂਰ ਕੀਤਾ ਹੈ। ਕਿਰਤ ਸ਼ਕਤੀ ਵਜੋਂ ਔਰਤਾਂ ਦੀ ਭਾਗਦਾਰੀ ਸਿਰਫ 29 ਫੀਸਦੀ ਹੈ। ਔਰਤਾਂ ਦੀ ਨਾ ਕੇਵਲ ਆਰਥਿਕ ਖੇਤਰ ਵਿੱਚ ਭਾਗੀਦਾਰੀ ਘੱਟ ਹੈ, ਸਗੋਂ ਇਕੋ ਜਿਹੇ ਕੰਮਾਂ ਲਈ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਵੇਤਨ ਵੀ ਘੱਟ ਦਿੱਤੇ ਜਾਂਦੇ ਹਨ ਅਤੇ ਇਸ ਪੱਖੋਂ ਕੇਵਲ 62 ਫੀਸਦੀ ਸਮਾਨਤਾ ਹੈ। ਅੰਦਾਜ਼ਨ ਕਮਾਈ ਆਮਦਨ ਵਿੱਚ ਲਿੰਗ ਪਾੜਾ ਹੋਰ ਵਧੇਰੇ ਹੈ ਤੇ ਇਸ ਪੱਖੋਂ ਭਾਰਤ ਦਾ ਬਹੁਤ ਨੀਵਾਂ 137ਵਾਂ ਸਥਾਨ ਹੈ। ਇਸ ਪੱਖੋਂ ਔਰਤਾਂ ਦਾ ਹਿੱਸਾ ਇਕ ਚੌਥਾਈ ਤੋਂ ਘੱਟ ਹੋਣਾ ਉਨ੍ਹਾਂ ਦੀ ਮਾੜੀ ਆਰਥਿਕ ਦਸ਼ਾ ਪ੍ਰਗਟ ਕਰਦਾ ਹੈ। ਇਸ ਵਿਚ ਖਾਸ ਤੌਰ ‘ਤੇ ਔਰਤ ਬਾਰੇ ਦੋ ਪਹਿਲੂਆਂ ਮਾਤਾ ਮੌਤ ਦਰ ਅਤੇ ਅੱਲੜ ਉਮਰ ਵਿੱਚ ਜਨਮ ਦਰ ਦੇ ਪੱਖ ਤੋਂ ਔਰਤ ਦੀ ਹਾਲਤ ਬਹੁਤ ਮਾੜੀ ਹੈ।
ਸਮਾਜਿਕ ਤੇ ਆਰਥਿਕ ਸਮੱਸਿਆਵਾਂ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਲਈ ਤੇ ਵਿਕਾਸ ਦੀ ਰਫਤਾਰ ਤੇਜ਼ ਕਰਨ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਜਾਗਰੂਕ ਲੋਕ ਔਰਤਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਖੋਂ ਮਜ਼ਬੂਤ ਹੋਣ ਦੇ ਲਾਭ ਬਾਰੇ ਜਾਗਰੂਤਾ ਫੈਲਾਉਣ ਤੇ ਧੀਆਂ ਦਾ ਭਵਿੱਖ ਸੁਧਾਰਨ ਦਾ ਯਤਨ ਕਰਨ। ਸਾਰੇ ਪਰਵਾਰ ਆਪਣੀਆਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਖੁਰਾਕ, ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਤਾਂ ਲਿੰਗ ਬਰਾਬਰੀ ਆਪ ਮੁਹਾਰੇ ਆ ਸਕਦੀ ਹੈ।