ਸਡਬਰੀ ਜਿ਼ਮਨੀ ਚੋਣ ਸਕੈਂਡਲ: ਕੈਥਲਿਨ ਵਿੱਨ ਲਈ ਇੱਕ ਭੈੜਾ ਸੁਫ਼ਨਾ

Kathleen Wynneਉਂਟੇਰੀਓ ਪ੍ਰੀਮੀਅਰ ਕੈਥਲਿਨ ਵਿੱਨ ਲਈ ਅੱਜ ਕੱਲ ਇੱਕ ਮੁਸ਼ਕਲ ਸਥਿਤੀ ਬਣੀ ਹੋਈ ਹੈ। ਉਸਨੂੰ 2015 ਵਿੱਚ ਉਂਟੇਰੀਓ ਦੀ ਸਡਬਰੀ ਰਾਈਡਿੰਗ ਵਿੱਚ ਹੋਈਆਂ ਧਾਂਦਲੀਆਂ ਬਾਰੇ ਬਿਆਨ ਦੇਣ ਵਾਸਤੇ 13 ਸਤੰਬਰ ਨੂੰ ਖੁਦ ਅਦਾਲਤ ਵਿੱਚ ਪੇਸੀ ਭਰਂਨੀ ਹੋਵੇਗੀ। ਬੇਸ਼ੱਕ ਕੈਥਲਿਨ ਵਿੱਨ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਉਹ ਚਾਹੁੰਦੀ ਤਾਂ ਪਾਰਲੀਮਾਨੀ ਖੁੱਲ (parliamentary privilege) ਦਾ ਸਹਾਰਾ ਲੈ ਕੇ ਅਦਾਲਤ ਜਾਣੋਂ ਮਨਾ ਕਰ ਸਕਦੀ ਸੀ ਪਰ ਪ੍ਰੀਮੀਅਰ ਜਾਣਦੀ ਹੈ ਕਿ ਅਦਾਲਤ ਵਿੱਚ ਕੋਈ ਵੀ ਬਹਾਨਾ ਨਾ ਜਾਣ ਦਾ ਭਾਵ ਸੀ ਪਬਲਿਕ ਦੇ ਗੁੱਸੇ ਨੂੰ ਸੱਤਵੇਂ ਅਸਮਾਨ ਉੱਤੇ ਚੜਾਉਣਾ। ਹਾਂ ਇਸ ਗੱਲੋਂ ਪ੍ਰੀਮੀਅਰ ਦੀ ਇਮਾਨਦਾਰੀ ਦੀ ਦਾਦ ਦੇਣੀ ਹੋਵੇਗੀ ਕਿ ਉਹ ਖੁਦ ਮੰਨ ਰਹੀ ਹੈ ਕਿ ਉਸਨੂੰ ਇਸ ਕੇਸ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਹੈ ਜਾਂ ਦੂਜੇ ਸ਼ਬਦਾਂ ਵਿੱਚ ਆਖੋ ਕਿ ਹੁਕਮ ਹੋਇਆ ਹੈ। ਪ੍ਰੀਮੀਅਰ ਦੀ ਅਦਾਲਤ ਵਿੱਚ ਪੇਸੀ ਦੇ ਪਿੱਛੇ ਇੱਕ ਪੂਰੇ ਦੇ ਪੂਰੇ ਸਕੈਂਡਲ ਦੀ ਕਹਾਣੀ ਹੈ।

2014 ਵਿੱਚ ਐਨ ਡੀ ਪੀ ਦੇ ਐਮ ਪੀ ਪੀ ਜੋਅ ਸੀਮੀਨੋ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਸਡਬਰੀ ਰਾਈਡਿੰਗ ਖਾਲੀ ਹੋ ਗਈ ਸੀ। ਕੈਥਲਿਨ ਵਿੱਨ ਨੂੰ ਪਤਾ ਸੀ ਕਿ ਇਸ ਚੋਣ ਵਿੱਚ ਜਿੱਤ ਕਿਸੇ ਚੰਗੇ ਰਿਕਾਰਡ ਦੇ ਆਧਾਰ ਉੱਤੇ ਨਹੀਂ ਬਲਕਿ ਸਹੀ ਜੁਗਾੜ ਦੇ ਸਹਾਰੇ ਬਣਾਈ ਜਾ ਸਕੇਗੀ। ‘ਸਿਰ ਸਲਾਮਤ ਤਾਂ ਪਗੜੀ ਹਜ਼ਾਰ’ ਵਾਲੀ ਧਾਰਨਾ ਦਾ ਖਿਆਲ ਰੱਖਦੇ ਹੋਏ ਲਿਬਰਲ ਪਾਰਟੀ ਨੇ ਐਨ ਡੀ ਪੀ ਦੇ ਸਮਰੱਥਨ ਗੜ ਵਾਲੀ ਇਸ ਰਾਈਡਿੰਗ ਨੂੰ ਹਰ ਹਾਲਤ ਵਿੱਚ ਜਿੱਤਣ ਦਾ ਮਨ ਬਣਾ ਲਿਆ। ਇਹ ਮਨ ਵੀ ਬਣਾ ਲਿਆ ਕਿ ਇਸ ਜਿੱਤ ਵਾਸਤੇ ਬੇਸ਼ੱਕ ਕੋਈ ਵੀ ਰਾਹ ਅਪਣਾਉਣਾ ਪਵੇ। ਪ੍ਰੀਮੀਅਰ ਕੈਥਲਿਨ ਵਿੱਨ ਉੱਤੇ ਦੋਸ਼ ਹੈ ਕਿ ਉਸਦਾ ਇਸ ਰਾਈਡਿੰਗ ਨੂੰ ਜਿੱਤਣ ਦਾ ਇਰਾਦਾ ਐਨਾ ਦ੍ਰਿੜ ਸੀ ਕਿ ਉਹ ਹਰ ਹਾਲ ਵਿੱਚ ਜਿੱਤ ਯਕੀਨੀ ਬਣਾਉਣਾ ਚਾਹੁੰਦੀ ਸੀ। ਮਾਮਲਾ ਹਾਲੇ ਅਦਾਲਤ ਵਿੱਚ ਹੈ ਜਿਸ ਬਾਬਤ ਉਹਨਾਂ ਦੀ 13 ਸਤੰਬਰ ਨੂੰ ਪੇਸ਼ੀ ਹੋਣੀ ਹੈ।

ਕੈਥਨਿਲਨ ਵਿੱਨ ਦਾ ਪਹਿਲਾ ਪੈਂਤੜਾ ਸੀ ਸਡਬਰੀ ਰਾਈਡਿੰਗ ਤੋਂ 2008 ਤੋਂ ਚਲੇ ਆ ਰਹੇ ਐਨ ਡੀ ਪੀ ਮੈਂਬਰ ਆਫ ਪਾਰਲੀਮੈਂਟ ਗਲੈਨ ਥੀਬਾਲਟ (Glenn Thibeault) ਨੂੰ ਆਪਣੇ ਵੱਲ ਕਰਨਾ। ਸਮਝਿਆ ਜਾਂਦਾ ਹੈ ਕਿ ਇਸ ਮੰਤਵ ਦੀ ਪੂਰਤੀ ਲਈ ਥੀਬਾਲਟ ਨੂੰ ਚੰਗਾ ਅਹੁਦਾ (ਮੰਤਰੀ ਮੰਡਲ ਵਿੱਚ ਥਾਂ ) ਦੇਣ ਦਾ ਲਾਲਚ ਦੇ ਕੇ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਦਾ ਉਮੀਦਵਾਰ ਬਣਾਉਣ ਲਈ ਰਾਜ਼ੀ ਕਰ ਲਿਆ। ਇਸ ਮਿਹਰਬਾਨੀ ਬਦਲੇ ਥੀਬਾਲਟ ਨੇ ਉਸਦੇ ਦਫ਼ਤਰ ਕੰਮ ਕਰਨ ਵਾਲੇ ਦੋ ਸਟਾਫ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਰੱਖੀ। ਅਦਾਲਤ ਵਿੱਚ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਦੀ ਪ੍ਰਧਾਨ ਪੈਟ ਸੋਰਬਾਰਾ ਉੱਤੇ ਥੀਬਾਲਟ ਨੂੰ ਉਮੀਦਵਾਰ ਬਣਨ ਲਈ ਪੇਸ਼ਕਸ਼ ਕਰਨ ਦੇ ਦੋਸ਼ ਹਨ। ਥੀਬਾਲਟ ਦੀ ਇਹ ਵੀ ਮੰਗ ਸੀ ਕਿ ਦੋ ਸਟਾਫ ਮੈਂਬਰਾਂ ਨੂੰ ਨੌਕਰੀਆਂ ਦੇਣ ਤੋਂ ਇਲਾਵਾ ਉਸ ਦੀ ਆਮਦਨ ਵਿੱਚ ਹੋਣ ਵਾਲੇ ਘਾਟੇ ਨੂੰ ਵੀ ਲਿਬਰਲ ਪਾਰਟੀ ਪੂਰਾ ਕਰੇ।

ਲਿਬਰਲ ਪਾਰਟੀ ਲਈ ਅਗਲਾ ਅੱੜਿਕਾ ਇਸ ਰਾਈਡਿੰਗ ਤੋਂ ਪਾਰਟੀ ਉਮੀਦਵਾਰ ਐਂਡਰੀਓ ਓਲੀਵੀਅਰ ਸੀ। ਐਨ ਡੀ ਪੀ ਤੋਂ ਲਿਬਰਲਾਂ ਦੀ ਝੋਲੀ ਵਿੱਚ ਆਏ ਥੀਬਾਲਟ ਨੂੰ ਉਮੀਦਵਾਰ ਬਣਾਉਣ ਦੇ ਸੁਫ਼ਨੇ ਨੂੰ ਅਮਲੀ ਰੂਪ ਦੇਣ ਲਈ ਪੈਟ ਸੋਰਬਾਰਾ ਅਤੇ ਲਿਬਰਲ ਪਾਰਟੀ ਦੇ ਇੱਕ ਲੋਕਲ ਲਿਬਰਲ ਆਗੂ ਗੈਰੀ ਲੌਗਹੀਡ ਨੇ ਹੋਣ ਵਾਲੇ ਲਿਬਰਲ ਉਮੀਦਵਾਰ ਐਂਡਰੀਊ ਓਲੀਵੀਅਰ ਨੂੰ ਰਸਤੇ ਵਿੱਚੋਂ ਹੱਟ ਜਾਣ ਦੀ ਕੀਮਤ ਵਜੋਂ ਚੰਗੀ ਨੌਕਰੀ, ਕਿਸੇ ਕਮਿਸ਼ਨ ਦੀ ਮੈਂਬਰਸਿ਼ੱਪ ਜਾਂ ਕੋਈ ਸਰਕਾਰੀ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਜੋ ਕਿ ਉਂਟੇਰੀਓ ਦੇ ਇਲੈਕਸ਼ਨ ਐਕਟ ਤਹਿਤ ਅਪਰਾਧ ਹੈ। ਓਲੀਵੀਅਰ ਨੇ ਇਸ ਗੱਲਬਾਤ ਨੂੰ ਰਿਕਾਰਡ ਕਰ ਲਿਆ ਸੀ ਜਿਸਨੂੰ ਉਸਨੇ ਜਨਵਰੀ 2015 ਵਿੱਚ ਜਨਤਕ ਰੂਪ ਵਿੱਚ ਰੀਲੀਜ਼ ਕਰ ਕੇ ਪ੍ਰੋਵਿੰਸ਼ੀਅਲ ਪਾਰਟੀ ਨੂੰ ਨਮੋਸ਼ੀ ਵਿੱਚ ਪਾ ਦਿੱਤਾ। ਇਲੈਕਸ਼ਨ ਕਮਿਸ਼ਨ ਉਂਟੇਰੀਓ ਨੇ ਕੇਸ ਨੂੰ ਜਾਂਚ ਲਈ ਓ ਪੀ ਪੀ (OPP)  ਕੋਲ ਕੇਸ ਭੇਜਦੇ ਹੋਏ ਕਿਹਾ ਕਿ ਸੋਰਬਾਰਾ ਅਤੇ ਲੌਗਹੀਡ ਦੋਵਾਂ ਨੇ ਇਲੈਕਸ਼ਨ ਐਕਟ ਦੀ ਉਲੰਘਣਾ ਕੀਤੀ ਹੈ।

ਅਗਲੇ ਦਿਨਾਂ ਵਿੱਚ ਇਸ ਕੇਸ ਦੀਆਂ ਸੁਣਵਾਈਆਂ ਦੌਰਾਨ ਜੋ ਕਿੱਸੇ ਸਾਹਮਣੇ ਆਉਣਗੇ, ਉਹਨਾਂ ਵਿੱਚੋਂ ਕਾਫੀ ਸਾਰੇ ਸ਼ਰਤੀਆ ਹੀ ਲਿਬਰਲ ਪਾਰਟੀ ਲਈ ਨਮੋਸ਼ੀ ਭਰੇ ਹੋਣਗੇ। ਬਿਲਕੁਲ ਉਹੋ ਜਿਹੀ ਨਮੋਸ਼ੀ ਵਾਲੇ ਜਿਹੋ ਜਿਹੀ 23 ਨਵੰਬਰ 2016 ਨੂੰ ਪੈਟ ਸੋਰਬਾਰਾ ਨੂੰ ਹੋਈ ਸੀ ਜਦੋਂ ਉਸਨੇ ਰੋਂਦੇ 2 ਪੱਤਰਕਾਰਾਂ ਸਾਹਮਣੇ ਕਬੂਲ ਕੀਤਾ ਸੀ ਕਿ ਇਹ ਸਾਰਾ ਮਾਮਲਾ ਉਸਦੇ ਪਰਿਵਾਰ ਲਈ ਸਹਾਰ ਪਾਉਣਾ ਔਖਾ ਹੋ ਰਿਹਾ ਹੈ। ਵੈਸੇ ਲਿਬਰਲ ਸਰਕਾਰ ਵੱਲੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਇਹ ਕੋਈ ਗੰਭੀਰ ਮਾਮਲਾ ਨਹੀਂ ਹੈ ਜੋ ਗੱਲ ਕਿਸੇ ਹੱਦ ਤੱਕ ਠੀਕ ਵੀ ਹੈ। ਇੱਕ ਤੋਂ ਬਾਅਦ ਇੱਕ ਸਕੈਂਡਲਾਂ ਦੀ ਝੜੀ ਲਾਉਣ ਵਾਲੀ ਸਰਕਾਰ ਦੇ ਕੰਮਕਾਜ ਤੋਂ ਪ੍ਰੋਵਿੰਸ ਦੀ ਪਬਲਿਕ ਐਨੀ ਜਾਣੂੰ ਹੋ ਚੁੱਕੀ ਹੈ ਕਿ ਹੁਣ ਸਕੈਂਡਲਾਂ ਨੇ ਪਬਲਿਕ ਨੂੰ ਅਚੰਭਿਤ ਕਰਨਾ ਬੰਦ ਕਰ ਦਿੱਤਾ ਹੈ। ਕੀ ਇਹ ਘੱਟ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਸਮਾਜ ਵਿੱਚ ਲੋਕ ਸਕੈਂਡਲਾਂ ਪ੍ਰਤੀ ਐਨੇ ਅਸੰਵੇਦਨਸ਼ੀਲ ਹੋ ਗਏ ਹਨ ਕਿ ਉਹਨਾਂ ਨੇ ਹੈਰਾਨ ਹੋਣਾ ਹੀ ਬੰਦ ਕਰ ਦਿੱਤਾ ਹੈ?