ਸਟੂਡੈਂਟਸ ਨਾਲ ਠੱਗੀ ਕਰਨ ਦਾ ਦੋਸ਼ੀ ਕਬੂਤਰਬਾਜ਼ ਦਿੱਲੀ ਏਅਰਪੋਰਟ ਤੋਂ ਕਾਬੂ


ਚੰਡੀਗੜ੍ਹ, 11 ਜੁਲਾਈ (ਪੋਸਟ ਬਿਊਰੋ)- ਫਰਜ਼ੀ ਦਸਤਾਵੇਜ਼ ਨਾਲ ਸਟੂਡੈਂਟਸ ਤੋਂ ਪੈਸਾ ਲੈ ਕੇ ਫਰਜ਼ੀ ਵੀਜ਼ਾ ਲਗਵਾਉਣ ਦੇ ਦੋਸ਼ੀ ਚੰਡੀਗੜ੍ਹ ਸੈਕਟਰ-8 ਵਿੱਚ ਲਾਅ ਚੈਂਬਰ ਇਮੀਗਰੇਸ਼ਨ ਕੰਪਨੀ ਚਲਾਉਂਦੇ ਵਿਨਾਇਕ ਮਹੇਸ਼ਵਰੀ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਦਿੱਲੀ) ਤੋਂ ਕਾਬੂ ਕੀਤਾ ਗਿਆ। ਇਸ ਕੇਸ ਵਿੱਚ ਸਟੂਡੈਂਟਸ ਅਮਨਦੀਪ ਤੇ ਅਰਜੁਨ ਠਾਕੁਰ, ਜੋ ਚੰਡੀਗੜ੍ਹ ਪੁਲਸ ਦੇ ਇੱਕ ਹੈੱਡ ਕਾਂਸਟੇਬਲ ਦਾ ਬੇਟਾ ਹੈ, ਅਜੀਤ ਅੰਜਨ ਨੂੰ ਵੀ ਫਰਜ਼ੀ ਵੀਜ਼ਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਮਾਪਿਆਂ ਮੁਤਾਬਕ ਸਟੂਡੈਂਟਸ ਨੂੰ ਜ਼ਮਾਨਤ ਮਿਲ ਗਈ, ਪਰ ਦਿੱਲੀ ਪੁਲਸ ਨੇ ਵਿਨਾਇਕ ਦਾ ਰਿਮਾਂਡ ਲੈ ਲਿਆ ਹੈ, ਕਿਉਂਕਿ ਕੇਸ ਦਾ ਮੁੱਖ ਦੋਸ਼ੀ ਉਹ ਹੀ ਹੈ।
ਵਿਨਾਇਕ ਨੇ ਸੈਕਟਰ 8 ਵਿੱਚ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਜੌਬ ਫੇਅਰ ਲਗਾ ਕੇ ਸਟੂਡੈਂਟਸ ਨੂੰ ਨੌਕਰੀ ਦਿਵਾਉਣ ਦੇ ਨਾਂਅ ਉੱਤੇ ਕਿਸੇ ਤੋਂ ਛੇ ਲੱਖ ਤੇ ਕਿਸੇ ਤੋਂ 10 ਲੱਖ ਰੁਪਏ ਲਏ ਸਨ। ਉਸ ਨੇ ਨੱਬੇ ਲੋਕਾਂ ਤੋਂ ਪੈਸਾ ਲੈ ਕੇ ਵੀਜ਼ਾ ਲਗਵਾਉਣ ਦਾ ਭਰੋਸਾ ਦਿੱਤਾ ਤੇ ਇਨ੍ਹਾਂ ਵਿੱਚੋਂ ਤਿੰਨ ਸਟੂਡੈਂਟਸ ਦਾ ਪਾਸਪੋਰਟ ਤਿਆਰ ਕਰ ਕੇ ਵੀਜ਼ਾ ਲੱਗੀ ਫਾਈਲ ਸੌਂਪ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੋ-ਚਾਰ ਦਿਨ ਨੇਪਾਲ ਜਾਣਗੇ। ਉਥੋਂ ਵਾਪਸ ਆਉਣਗੇ ਤੇ ਫਿਰ ਕੈਨੇਡਾ ਜਾਣਗੇ। ਇਸੇ ਦੌਰਾਨ ਇਮੀਗਰੇਸ਼ਨ ਨੇ ਦਸਤਾਵੇਜ਼ ਚੈੱਕ ਕੀਤੇ ਤਾਂ ਝੂਠੇ ਸਨ। ਪਹਿਲਾਂ ਤਿੰਨਾਂ ਨੂੰ ਫਰਜ਼ੀ ਵੀਜ਼ਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਉਸ ਪਿੱਛੋਂ ਵਿਨਾਇਕ ਮਹੇਸ਼ਵਰੀ ਨੂੰ ਬੁਲਾ ਕੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।