ਸਟਾਰ ਫੁੱਟਬਾਲਰ ਮਾਰਕੇਜ ਉੱਤੇ ਅਮਰੀਕਾ ਨੇ ਪਾਬੰਦੀ ਲਾਈ

marquez
ਮੈਕਸੀਕੋ ਸਿਟੀ, 11 ਅਗਸਤ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਦੇ ਬਦਨਾਮ ਡਰੱਗ ਤਸਕਰਾਂ ਨੂੰ ਖਤਮ ਕਰਨ ਦੇ ਵਾਅਦੇ ‘ਤੇ ਅਮਲ ਦੀ ਦਿਸ਼ਾ ਵਿੱਚ ਹੈਰਾਨ ਕਰ ਦੇਣ ਵਾਲਾ ਕਦਮ ਉਠਾਇਆ ਹੈ।
ਸ਼ਿਨਾਲੋਆ ਡਰੱਗ ਕਾਰਟੇਲ ਨਾਲ ਜੁੜੇ ਬਦਨਾਮ ਡਰੱਗ ਤਸਕਰ ਫਲਾਓਰਸ ਹਰਨਾਨਦੇਜ ਨਾਲ ਸੰਪਰਕ ਰੱਖਣ ਵਿੱਚ ਅਮਰੀਕੀ ਵਿੱਤ ਵਿਭਾਗ ਨੇ ਮੈਕਸੀਕੋ ਦੇ ਸਟਾਰ ਫੁੱਟਬਾਲਰ ਰਾਫੇਲ ਮਾਰਕੇਜ ਸਮੇਤ 20 ਤੋਂ ਵੱਧ ਲੋਕਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਮਸ਼ਹੂਰ ਗਾਇਕ ਜੂਲੀਅਨ ਅਲਵਾਰੇਜ ਦਾ ਨਾਂਅ ਵੀ ਇਸ ਵਿੱਚ ਹੈ। ਮਾਰਕੇਜ ਤੇ ਅਲਵਾਰੇਜ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ। ਅਮਰੀਕਾ ਨੇ ਇਨ੍ਹਾਂ ਸਾਰਿਆਂ ‘ਤੇ ਹਰਨਾਦੇਜ ਨਾਲ ਵਿੱਤੀ ਸੰਬੰਧ ਰੱਖਣ ਦਾ ਦੋਸ਼ ਲਾਇਆ ਹੈ। ਵਿੱਤ ਵਿਭਾਗ ਦੇ ਮੁਤਾਬਕ ਫੁੱਟਬਾਲ ਵਿਸ਼ਵ ਕੱਪ ਵਿੱਚ ਚਾਰ ਵਾਰ ਮੈਕਸੀਕੋ ਦੀ ਅਗਵਾਈ ਕਰਨ ਵਾਲੇ ਮਾਰਕੇਜ ਡਰੱਗ ਤਸਕਰ ਦੇ ਫੁੱਟਬਾਲ ਸਕੂਲ ਨਾਲ ਜੁੜੇ ਹਨ।
ਮਾਰਕੇਜ ਐੱਫ ਸੀ ਬਾਰਸੀਲੋਨਾ ਅਤੇ ਮੋਨਾਕੋ ਦੇ ਲਈ ਖੇਡ ਚੁੱਕੇ ਹਨ। ਫਿਲਹਾਲ ਉਹ ਕਲੱਬ ਐਟਲਸ ਨਾਲ ਜੁੜੇ ਹਨ। ਫਲੋਰਸ ਹਰਨਾਨਦੇਜ ਹੋਲਡਿੰਗਸ ਨਾਲ ਸਿੱਧੇ ਜਾਂ ਅਸਿੱਧੇ ਰੂਪ ਨਾਲ ਜੁੜੀਆਂ 43 ਕੰਪਨੀਆਂ ਨੂੰ ਵੀ ਪਾਬੰਦੀ ਸ਼ੁਦਾ ਕੀਤਾ ਹੈ। ਅਮਰੀਕੀ ਦਫਤਰ ਆਫ ਫਾਰੇਨ ਅਸਟੇਟ ਕੰਟਰੋਲ ਦੇ ਡਾਇਰੈਕਟਰ ਜਾਨ ਈ ਸਮਿਥ ਨੇ ਦੱਸਿਆ ਕਿ ਡਰੱਗ ਤਸਕਰੀ ਵਿੱਚ ਸ਼ਾਮਲ ਹੋਰਨਾਂ ਗਿਰੋਹਾਂ ਨਾਲ ਸੰਬੰਧ ਹੋਣ ਦੇ ਕਾਰਨ ਹਰਨਾਨਦੇਜ ਦਹਾਕਿਆਂ ਤੋਂ ਆਪਣੇ ਨਾਪਾਕ ਕੰਮ ਨੂੰ ਅੰਜਾਮ ਦੇ ਰਿਹਾ ਹੈ। ਉਹ ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲੀ ਕਮਾਈ ਦੇ ਨਿਵੇਸ਼ ਨੂੰ ਮੁਖੌਟਾ ਵਿਅਕਤੀਆਂ ਦੇ ਜ਼ਰੀਏ ਛੁਪਾਉਂਦਾ ਹੈ। ਮਾਰਕੇਜ ਨੇ ਹਰਨਾਨਦੇਜ ਦੇ ਫੁੱਟਬਾਲ ਸਕੂਲ ਨਾਲ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਉਹ ਆਪਣੇ ਵਕੀਲਾਂ ਨਾਲ ਮਿਲ ਕੇ ਇਸ ਨਾਲ ਨਿਪਟਣ ਲੱਗੇ ਹੋਏ ਹਨ।