ਸਚਾਈਆਂ

-ਮਹਿੰਦਰ ਸਿੰਘ ਮਾਨ

ਜਿਹੜਾ ਕਰਦਾ ਤੁਰਨ ਦੀ ਹਿੰਮਤ ਨਹੀਂ,
ਉਸ ਨੂੰ ਮਲ ਸਕਦੀ ਕਦੇ ਮੰਜ਼ਿਲ ਨਹੀਂ।

ਕਿੰਜ ਹੋਵੇ ਵਰਖਾ ਵਕਤ ਸਿਰ,
ਆਦਮੀ ਨੇ ਛੱਡੇ ਜਦ ਜੰਗਲ ਨਹੀਂ।

ਗਮ ਤੇ ਖੁਸ਼ੀਆਂ ਜ਼ਿੰਦਗੀ ਦਾ ਅੰਗ ਨੇ,
ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ।

ਜ਼ਿੰਦਗੀ ਦੇ ਸਫਰ ਨੂੰ ਤੈਅ ਕਰਦਿਆਂ,
ਕੋਈ ਪੱਕਾ ਵੈਰੀ ਜਾਂ ਮਿੱਤਰ ਨਹੀਂ।

ਝੂਠਿਆਂ ਨੂੰ ਮਾਣ ਮਿਲਦਾ ਹੈ ਬੜਾ,
ਸੱਚਿਆਂ ਦੇ ਵੱਜੇ ਕਦੇ ਪੱਥਰ ਨਹੀਂ?

ਨ੍ਹੇਰੇ ਵਿੱਚ ਦੀਵੇ ਜਗਾਣੇ ਪੈਂਦੇ ਨੇ,
ਦੂਰ ਕਰਦੇ ਨ੍ਹੇਰੇ ਨੂੰ ਜੁਗਨੂੰ ਨਹੀਂ।

ਜਿਸ ਦਾ ਪਾਣੀ ਪੰਛੀ ਪੀ ਸਕਦੇ ਨਹੀਂ,
ਕੋਈ ਕੀਮਤ ਰੱਖਦਾ ਉਹ ਸਾਗਰ ਨਹੀਂ।