ਸਖ਼ਤ ਸਜ਼ਾਵਾਂ ਦੇ ਹੱਕਦਾਰ ਹਨ ਬਲਾਤਕਾਰ ਨੂੰ ਜਾਇਜ਼ ਦੱਸਣ ਵਾਲੇ ਜੱਜ

zzzzzzzz-300x1111ਹੈਲੀਫੈਕਸ ਵਿੱਚ ਮਿਡਲ ਈਸਟ ਤੋਂ ਆਇਆ 40 ਸਾਲਾ ਪਰਵਾਸੀ ਟੈਕਸੀ ਡਰਾਈਵਰ ਬਸਾਮ ਅਲ-ਰਾਵੀ ਆਪਣੀ ਕਾਰ ਵਿੱਚ 20 ਕੁ ਸਾਲਾਂ ਦੀ ਲੜਕੀ ਦਾ ਬਲਾਤਕਾਰ ਕਰ ਦੇਂਦਾ ਹੈ। ਇਹ ਲੜਕੀ ਸ਼ਰਾਬੀ ਹਾਲਤ ਵਿੱਚ ਟੈਕਸੀ ਕਿਰਾਏ ਉੱਤੇ ਕਰਦੀ ਹੈ ਲੇਕਿਨ ਬਸਾਮ ਅਲ-ਰਾਵੀ ਰਸਤੇ ਵਿੱਚ ਕਾਰ ਪਾਰਕ ਕਰਕੇ ਲੜਕੀ ਨਾਲ ਕੁਕਰਮ ਕਰਦਾ ਹੈ। ਇੱਕ ਪੁਲੀਸ ਅਫ਼ਸਰ ਕਾਰ ਨੂੰ ਸ਼ੱਕੀ ਹਾਲਾਤ ਪਾਰਕ ਕੀਤਾ ਹੋਇਆ ਵੇਖ ਕੇ ਕੋਲ ਜਾਂਦੀ ਹੈ। ਪੁਲੀਸ ਅਫ਼ਸਰ ਵੇਖਦੀ ਹੈ ਕਿ ਬਸਾਮ ਦੀ ਪੈਂਟ ਖੁੱਲੀ ਹੈ, ਲੜਕੀ ਲੱਕ ਤੋਂ ਥੱਲੇ ਅਲਫ਼ ਨੰਗੀ ਹੈ, ਉਸਦਾ ਕਮੀਜ਼ ਉੱਤੇ ਚੁੱਕ ਕੇ ਛਾਤੀਆਂ ਨੰਗੀਆਂ ਕੀਤੀਆਂ ਹੋਈਆਂ ਹਨ। ਅਫਸਰ ਦੇ ਘਟਨਾ ਸਥਾਨ ਉੱਤੇ ਜਾਣ ਸਮੇਂ ਬਸਾਮ ਲੜਕੀ ਦੇ ਅੰਦਰੂਨੀ ਬਸਤਰਾਂ ਨੂੰ ਛੁਪਾ ਰਿਹਾ ਹੈ। 20 ਸਾਲਾ ਲੜਕੀ ਆਪਣੇ ਪਿਤਾ ਬਰਾਬਰ ਉਮਰ ਦੇ ਮਰਦ ਹੱਥੋਂ ਬੇਹੋਸ਼ ਹੋ ਚੁੱਕੀ ਸੀ। ਜਦੋਂ ਪੁਲੀਸ ਅਫ਼ਸਰ ਨੇ ਬਸਾਮ ਦਾ ਬਿਆਨ ਲਿਆ ਤਾਂ ਉਸਦਾ ਆਖਣਾ ਸੀ ਕਿ ਲੰਬਾ ਸਮਾਂ ਟੈਕਸੀ ਚਲਾਉਣ ਕਾਰਣ ਉਹ ਅਕਸਰ ਹੀ ਆਪਣੀ ਪੈਂਟ ਥੱਲੇ ਕਰਕੇ ਕਾਰ ਵਿੱਚ ਬੈਠਦਾ ਹੈ। ਇਹ ਬਿਆਨ ਅਦਾਲਤ ਵਿੱਚ ਵੀ ਦਾਖ਼ਲ ਕੀਤਾ ਗਿਆ।

ਅਜਿਹੇ ਪੁਖ਼ਤਾ ਸਬੂਤਾਂ ਦੇ ਬਾਵਜੂਦ ਜੱਜ ਗਰੈਗਰੀ ਲੈਨੇਹਨ ਨੇ ਬਸਾਮ ਨੂੰ ਬਰੀ ਕਰ ਦਿੱਤਾ ਹੈ। ਜੱਜ ਨੇ ਸਬੂਤਾਂ ਨੂੰ ਅੱਖੋਂ ਉਹਲੇ ਕਰਕੇ ਇਸ ਗੱਲ ਨੂੰ ਮੰਨ ਲਿਆ ਕਿ ਸ਼ਰਾਬ ਵਿੱਚ ਧੁੱਤ ਹੋਈ ਲੜਕੀ ਵੀ ਕਿਸੇ ਮਰਦ ਨਾਲ ‘ਸੈਕਸ ਕਰਨ ਲਈ ਸਹਿਤਮੀ’ ਦੇ ਸਕਦੀ ਹੈ। ਚੇਤੇ ਰਹੇ ਕਿ ਲੈਬਾਰਟੋਰੀ ਵਿੱਚ ਕੀਤੇ ਨਿਰੀਖਣ ਨੇ ਸਾਬਤ ਕੀਤਾ ਸੀ ਕਿ ਲੜਕੀ ਦੇ ਗੁਪਤ ਅੰਗਾਂ ਵਿੱਚ ਬਸਾਮ ਦੇ ਵੀਰਜ ਦੇ ਅੰਸ਼ ਪਾਏ ਗਏ। ਵੈਸੇ ਜੱਜ ਨੇ ਆਪਣੇ ਲਿਖਤੀ ਫੈਸਲੇ ਵਿੱਚ ਕਿਹਾ ਹੈ ਕਿ ਅਦਾਲਤ ਵਿੱਚ ਬਸਾਮ ਦਾ ਕਿਰਦਾਰ ਐਸਾ ਸਾਬਤ ਹੋਇਆ ਹੈ ਕਿ ਉਹ ਆਪਣੀ ਬੇਟੀ ਨੂੰ ਉਸਦੀ ਕਾਰ ਵਿੱਚ ਭੇਜਣਾ ਪਸੰਦ ਨਹੀਂ ਕਰੇਗਾ। ਜੱਜ ਦੇ ਇਸ ਬੇਹੁਦਾ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਭਾਰੀ ਰੋਸ ਜਾਹਰ ਕੀਤਾ ਜਾ ਰਿਹਾ ਹੈ। ਜੱਜ ਨੂੰ ਉਸਦੇ ਅਹੁਦੇ ਤੋਂ ਲਾਹੁਣ ਲਈ ਕੈਨੇਡੀਅਨ ਜੁਡੀਸ਼ੀਅਲ ਕਾਉਂਸਲ ਕੋਲ ਸਿ਼ਕਾਇਤ ਕੀਤੀ ਜਾ ਚੁੱਕੀ ਹੈ।

ਜੱਜ ਗਰੈਗਰੀ ਦਾ ਫੈਸਲਾ ਜਿੱਥੇ ਸੱਭਿਅਕ ਕੈਨੇਡੀਅਨ ਸਮਾਜ ਲਈ ਨਮੋਸ਼ੀ ਪੈਦਾ ਕਰਨ ਵਾਲਾ ਹੈ, ਉਸਦੇ ਨਾਲ ਹੀ ਦੋ ਅਹਿਮ ਸੁਆਲ ਖੜੇ ਕਰਦਾ ਹੈ। ਪਹਿਲਾ ਸੁਆਲ ਕਿ ਕੈਨੇਡਾ ਦਾ ਪੁਲੀਸ ਅਤੇ ਜੁਡੀਸ਼ੀਅਲ ਸਿਸਟਮ ਕਦੋਂ ਤੱਕ ਔਰਤਾਂ ਨਾਲ ਹੁੰਦੇ ਬਲਾਤਕਾਰਾਂ ਨੂੰ ਇੱਕ ਜਾਂ ਦੂਜੇ ਬਹਾਨੇ ਸਹਿਣ ਕਰਦਾ ਚਲਾ ਜਾਵੇਗਾ? ਦੂਜਾ ਸੁਆਲ ਹੈ ਕਿ ਸਰਕਾਰ ਅਜਿਹਾ ਕੀ ਕਨੂੰਨ ਖੜਾ ਕਰੇ ਕਿ ਸੈਕਸ ਕਰਨ ਲਈ ‘ਸਹਿਮਤੀ’ ਦੇਣ ਦੇ ਭੰਬਲਭੂਸੇ ਦਾ ਲਾਭ ਬਲਾਤਕਾਰੀਆਂ ਨੂੰ ਮਿਲਣਾ ਬੰਦ ਹੋਵੇ। ਵਰਤਮਾਨ ਵਿੱਚ ਸੈਕਸ ਕਰਨ ਲਈ ਸਹਿਮਤੀ ਦੇਣ ਬਾਰੇ ਕੈਨੇਡਾ ਦਾ ਲਾਭ ਲੈ ਕੇ ਚਲਾਕ ਕਿਸਮ ਦੇ ਵਕੀਲ ਬਲਾਤਕਾਰੀਆਂ ਨੂੰ ਛੁਡਾਉਣ ਵਿੱਚ ਸਫ਼ਲ ਹੋ ਜਾਂਦੇ ਹਨ। ਸੀ ਬੀ ਸੀ ਦੇ ਮਸ਼ਹੂਰ ਪੱਤਰਕਾਰ ਜਿਆਨ ਗੋਮੇਸ਼ੀ ਦਾ ਕੇਸ ਹਾਲੇ ਵੀ ਪਬਲਿਕ ਦੇ ਚੇਤਿਆਂ ਵਿੱਚ ਤਾਜ਼ਾ ਹੋਵੇਗਾ। ਇਸੇ ਤਰਾਂ ਜੱਜ ਰੌਬਿਨ ਕੈਂਪ ਦਾ ਕੇਸ ਹਾਲੇ ਬਹੁਤਾ ਪੁਰਾਣਾ ਨਹੀਂ ਹੋਇਆ ਹੈ। ਜੱਜ ਕੈਂਪ ਨੇ ਇੱਕ ਬਲਾਤਕਾਰੀ ਨੂੰ ਇਹ ਆਖ ਕੇ ਬਰੀ ਕਰ ਦਿੱਤਾ ਸੀ ਕਿ ਕੁੜੀ ਨੂੰ ਆਪਣਾ ਬਲਾਤਕਾਰ ਰੋਕਣ ਲਈ ਆਪਣੀ ਲੱਤਾਂ ਘੱਟ ਲੈਣੀਆਂ ਚਾਹੀਦੀਆਂ ਸਨ! ਜੇਕਰ ਔਰਤਾਂ ਦੀ ਸਥਿਤੀ ਪ੍ਰਤੀ ਸਾਡੇ ਜੱਜਾਂ ਦਾ ਆਹ ਹਾਲ ਹੈ ਤਾਂ ਆਮ ਆਦਮੀ ਤੋਂ ਸੱਭਿਅਕ ਹੋਣ ਦੀ ਉਮੀਦ ਕਦੋਂ ਕੀਤੀ ਜਾ ਸਕਦੀ ਹੈ!

ਗਲੋਬ ਐਂਡ ਮੇਲ ਨੇ ਕੈਨੇਡਾ ਦੀਆਂ 870 ਪੁਲੀਸ ਸੇਵਾਵਾਂ ਦੇ ਕੰਮਕਾਜ ਬਾਰੇ ਲੰਬੀ ਚੌੜੀ ਖੋਜ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਹਰ ਸਾਲ 5000 ਦੇ ਕਰੀਬ ਸੈਕਸੁਅਲ ਅਸਾਲਟ ਦੀਆਂ ਸਿ਼ਕਾਇਤਾਂ ਨੂੰ ਪੁਲੀਸ ਵੱਲੋਂ ‘ਯਕੀਨ ਨਾ ਕਰਨ ਯੋਗ ਕੇਸ’ ਲਿਖ ਕੇ ਬੰਦ ਕਰ ਦਿੱਤਾ ਜਾਂਦਾ ਹੈ। ਜਿਹਨਾਂ ਬਾਰੇ ਪੁਲੀਸ ਕਾਰਵਾਈ ਕਰਦੀ ਹੈ, ਉਹਨਾਂ ਵਿੱਚੋਂ ਬਹੁਤਿਆਂ ਦਾ ਹਸ਼ਰ ਹੈਲੀਫੈਸਕ ਵਿੱਚ ਹੋਏ ਫੈਸਲੇ ਵਰਗਾ ਹੋ ਜਾਂਦਾ ਹੈ।

ਜੱਜ ਗਰੈਗਰੀ ਲੈਨੇਹਨ ਅਤੇ ਜੱਜ ਰੋਬਿਨ ਕੈਂਪ ਵਰਗਿਆਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਬਰਖਾਸਤ ਕਰਨਾ ਸਹੀ ਕਦਮ ਹੋਵੇਗਾ। ਜੇਕਰ ਜੱਜਾਂ ਨੂੰ ਹੱਕ ਹੈ ਕਿ ਉਹ ਗੰਭੀਰ ਅਪਰਾਧੀਆਂ ਨੂੰ ਸਜ਼ਾ ਦੇ ਕੇ ਜੇਲ੍ਹ ਵਿੱਚ ਸੁੱਟ ਦੇਣ ਤਾਂ ਜੁਡੀਸ਼ੀਅਲ ਕਾਉਂਸਲ ਨੂੰ ਆਪਣਾ ਹੱਕ ਵਰਤਣਾ ਚਾਹੀਦਾ ਹੈ ਕਿ ਗੰਭੀਰ ਕਿਸਮ ਦੀਆਂ ਕੁਤਾਹੀਆਂ ਕਰਨ ਵਾਲੇ ਜੱਜਾਂ ਨੂੰ ਵੀ ਸਖ਼ਤ ਸਜ਼ਾਵਾਂ ਮਿਲਣ। ਇਨਸਾਫ਼ ਦੇ ਤਰਾਜ਼ੂ ਵਿੱਚ ਸਾਰੇ ਬਰਾਬਰ ਹੋਣੇ ਚਾਹੀਦੇ ਹਨ। ਵੈਸੇ ਵੀ ਪੜੇ ਲਿਖੇ ਅਤੇ ਕਨੂੰਨ ਦੇ ਗਿਆਤਾ ਲੋਕਾਂ ਨੂੰ ਕਨੂੰਨ ਨਾਲ ਖਿਲਵਾੜ ਕਰਨ ਦੀ ਖੁੱਲ ਦੇਣਾ ਇਨਸਾਫ ਦੇ ਸਿਧਾਂਤ ਨਾਲ ਧੋਖਾ ਹੈ।