ਸਕੂਲ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ

1.1.1_1491849458544_3133540_ver1.0ਇੱਕ ਵਿਦਿਆਰਥੀ ਹਲਾਕ ਦੂਜਾ ਜ਼ਖ਼ਮੀ
ਸੈਨ ਬਰਨਾਰਡਿਨੋ, ਕੈਲੇਫੋਰਨੀਆ, 10 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਸੈਨ ਬਰਨਾਰਡਿਨੋ ਦੇ ਐਲੀਮੈਂਟਰੀ ਸਕੂਲ ਦੇ ਕਲਾਸਰੂਮ ਵਿੱਚ ਜਾ ਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਉੱਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਉਹ ਔਰਤ ਤਾਂ ਮਾਰੀ ਹੀ ਗਈ ਸਗੋਂ ਇੱਕ ਵਿਦਿਆਰਥੀ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਨੂੰ ਆਤਮਹੱਤਿਆ ਤੇ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਹੈ।
ਨਾਰਥ ਪਾਰਕ ਸਕੂਲ ਵਿੱਚ ਹੋਏ ਇਸ ਹਮਲੇ ਵਿੱਚ ਇੱਕ ਹੋਰ ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਿਸ ਕਾਰਪੋਰਲ ਰੌਨ ਮਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਸ ਦੌਰਾਨ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਮਲਾਵਰ ਦੀ ਪਛਾਣ ਰਿਵਰਸਾਈਡ ਦੇ 53 ਸਾਲਾਂ ਦੇ ਸੈਡਰਿੱਕ ਐਂਡਰਸਨ ਵਜੋਂ ਹੋਈ ਹੈ। ਉਸ ਨੇ ਹੀ ਆਪਣੀ 53 ਸਾਲਾ ਪਤਨੀ ਐਲੇਨ ਸਮਿੱਥ ਨੂੰ ਮਾਰਨ ਲਈ ਇਹ ਕਦਮ ਚੁੱਕਿਆ। ਉਹ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਂਦੀ-ਸਿਖਾਉਂਦੀ ਸੀ।
ਪੁਲਿਸ ਅਨੁਸਾਰ ਹਮਲਾਵਰ ਕੋਲ ਜਿ਼ਆਦਾ ਕੈਲੇਬਰ ਵਾਲੀ ਰਿਵਾਲਵਰ ਸੀ ਤੇ ਉਸ ਨੇ ਕਲਾਸ ਵਿੱਚ ਦਾਖਲ ਹੋ ਕੇ ਕੁੱਝ ਵੀ ਨਹੀਂ ਬੋਲਿਆ ਤੇ ਸਿੱਧਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵੇਂ ਬੱਚੇ, ਜੋ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਉਹ ਸਮਿੱਥ ਦੇ ਕੋਲ ਖੜ੍ਹੇ ਸਨ। ਬਾਅਦ ਵਿੱਚ 8 ਸਾਲਾ ਬੱਚੇ ਦੀ ਮੌਤ ਹੋ ਗਈ। ਦੂਜੇ ਬੱਚੇ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।