ਸਕੂਲ ਲਾਇਬਰੇਰੀ ਵਿੱਚ ਦੇਸੀ ਸ਼ਰਾਬ

-ਡਾਕਟਰ ਸੁਰਿੰਦਰ ਗਿੱਲ

ਪਿਛਲੀ ਸਦੀ ਦਾ ਪਿਛਲਾ ਅੱਧਾ ਕਪੂਰਥਲਾ ਜ਼ਿਲ੍ਹਾ ਦੀ ਹੱਦ ‘ਤੇ ਸਥਿਤ ਪਿੰਡ ਤਲਵੰਡੀ ਚੌਧਰੀਆਂ ਵਿਖੇ ਆਰਟ-ਕਰਾਫਟ ਅਧਿਆਪਕ ਵਜੋਂ ਮੇਰੀ ਨਿਯੁਕਤੀ ਹੋਈ। ਸਕੂਲ ਵਿੱਚ ਹਾਜ਼ਰ ਹੋਇਆਂ ਕੁਝ ਦਿਨ ਹੀ ਬੀਤੇ ਸਨ ਕਿ ਸਕੂਲ ਦੇ ਮੁੱਖ ਅਧਿਆਪਕ ਸਰੂਪ ਸਿੰਘ ਨੇ ਮੈਨੂੰ ਦਫਤਰ ਵਿੱਚ ਬੁਲਾ ਕੇ ਕਿਹਾ, ‘‘ਸੁਰਿੰਦਰ ਗਿੱਲ ਜੀ! ਸਕੂਲ ਦੇ ਹਰ ਅਧਿਆਪਕ ਨੂੰ ਉਸ ਦੇ ਵਿਦਿਅਕ ਕਾਰਜ ਤੋਂ ਬਿਨਾਂ ਕਿਸੇ ਵਾਧੂ ਕਾਰਜ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਤੁਹਾਡੀ ਯੋਗਤਾ ਤੇ ਸਾਹਿਤਕ ਰੁਚੀਆਂ ਨੂੰ ਮੁੱਖ ਰੱਖਦਿਆਂ ਤੁਹਾਨੂੰ ਸਕੂਲ ਦੀ ਲਾਇਬਰੇਰੀ ਦਾ ਕਾਰਜ ਭਾਰ ਦਿੱਤਾ ਗਿਆ ਹੈ। ਤੁਸੀਂ ਭਲਕੇ ਮਾਸਟਰ ਪ੍ਰੀਤਮ ਸਿੰਘ ਤੋਂ ਲਾਇਬਰੇਰੀ ਦਾ ਚਾਰਜ ਲੈ ਲਵੋ।”
ਮੇਰੀ ਪਹਿਲੀ ਨੌਕਰੀ ਸੀ। ਮੁੱਖ ਅਧਿਆਪਕ ਦੇ ਬੋਲਾਂ ਨੂੰ ਸੁਪਰੀਮ ਕੋਰਟ ਦਾ ਹੁਕਮ ਸਮਝ ਕੇ ਮੈਂ ‘ਹਾਂ’ ਕਰ ਦਿੱਤੀ। ਲਾਇਬਰੇਰੀ ਬਹੁਤ ਵੱਡੀ ਨਹੀਂ ਸੀ। ਇੱਕ ਨਿੱਕੇ ਕਮਰੇ ਵਿੱਚ ਇੱਕ ਅਲਮਾਰੀ, ਦੋ ਕੁਰਸੀਆਂ ਤੇ ਇੱਕ ਮੇਜ਼। ਦੋ ਅਖਬਾਰ ਆਉਂਦੇ ਸਨ ਇੱਕ ਪੰਜਾਬੀ ਤੇ ਦੂਜਾ ਅੰਗਰੇਜ਼ੀ ਦਾ। ਅਧਿਆਪਕਾਂ ਦੀ ਚੁੰਝ ਚਰਚਾ ਤੋਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਫਸਾਇਆ ਗਿਆ ਹੈ। ਖੇਡਾਂ, ਫਸਟ ਏਡ ਆਦਿ ਦੇ ਕੁਝ ਚਾਰਜ ਸੌਖੇ ਤੇ ਲਾਭਦਾਇਕ ਹੁੰਦੇ ਹਨ, ਲਾਇਬਰੇਰੀ ਦਾ ਚਾਰਜ ਘਾਟੇਵੰਦਾ। ਕਿਤਾਬਾਂ ਵਾਰ ਵਾਰ ਦੇਣੀਆਂ ਤੇ ਵਾਪਸ ਲੈਣੀਆਂ ਕਈ ਅਧਆਪਕਾਂ ਨੂੰ ਬਹੁਤ ਔਖਾ ਕੰਮ ਜਾਪਦਾ ਸੀ। ਵਿਦਿਆਰਥੀਆਂ ਨੂੰ ਪੁਸਤਕ ਪੜ੍ਹਨ ਦੀ ਰੁਚੀ ਦੀ ਜਾਗ ਲਾਉਣਾ ਤਾਂ ਦੂਰ ਦੀ ਗੱਲ ਸੀ। ਮੈਂ ਹੌਸਲਾ ਨਾ ਹਾਰਿਆ। ਹਰ ਸ਼ਨੀਵਾਰ ਇੱਕ ਪੀਰੀਅਡ ਲਾਇਬਰੇਰੀ ਵਿੱਚ ਬੈਠਦਾ, ਵਿਦਿਆਰਥੀਆਂ ਨੂੰ ਪੁਸਤਕਾਂ ਦਿੰਦਾ ਤੇ ਵਾਪਸ ਲੈਂਦਾ।
ਮੇਰੇ ਸਕੂਲ ਦਾ ਇੱਕ ਜੇ ਬੀ ਟੀ ਅਧਿਆਪਕ ਸੀ, ਜਗਦੀਪ ਸਿੰਘ (ਫਰਜ਼ੀ ਨਾਂਅ) ਗੋਰਾ ਰੰਗ, ਬਿੱਲੀਆਂ ਅੱਖਾਂ ਤੇ ਚੰਗੀ ਡੀਲ-ਡੌਲ ਸੀ। ਮੇਰੀ ਨਿਯੁਕਤੀ ਸਮੇਂ ਹੀ ਉਹ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਦੇ ਮਿਡਲ ਸਕੂਲ ਤੋਂ ਤਲਵੰਡੀ ਚੌਧਰੀਆਂ ਵਿਖੇ ਬਦਲਿਆ ਗਿਆ ਸੀ। ਉਸ ਦੀ ਬਦਲੀ ਉਸ ਦੀ ਮਰਜ਼ੀ ਦੇ ਉਲਟ ਪ੍ਰਸ਼ਾਸਨਿਕ ਆਧਾਰ ਉੱਤੇ ਹੋਈ ਸੀ। ਆਪਣੇ ਪਿੰਡ ਨੇੜਲੇ ਸਕੂਲ ਦੀ ਨੌਕਰੀ ਪੈਨਸ਼ਨ ਸਾਮਾਨ ਸੀ, ਪਰ ਹੁਣ ਉਸ ਨੂੰ ਰੋਜ਼ ਪੰਦਰਾਂ ਕਿਲੋਮੀਟਰ ਸਾਈਕਲ ਚਲਾ ਕੇ ਆਉਣਾ ਪੈਂਦਾ। ਸਕੂਲ ਵਿੱਚ ਇੱਕੋ ਸਮੇਂ ਆਏ ਅਸੀਂ ਦੋਵੇਂ ਅਧਿਆਪਕ ਇੱਕ-ਦੂਜੇ ਦੇ ਨੇੜੇ ਹੋ ਗਏ।
ਲਾਇਬਰੇਰੀ ਦਾ ਕਾਰਜ ਸਾਧਕ ਹੋਣ ਕਾਰਨ ਮੇਰੇ ਪਾਸ ਇੱਕ ਕਮਰਾ ਤੇ ਇੱਕ ਅਲਮਾਰੀ ਸੀ। ਮਾਸਟਰ ਜਗਦੀਪ ਸਿੰਘ ਨੇ ਪਿੰਡੋਂ ਆ ਕੇ ਆਪਣੇ ਖਾਣੇ ਵਾਲਾ ਟਿਫਨ ਲਾਇਬਰੇਰੀ ਦੀ ਅਲਮਾਰੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਅੱਧੀ ਛੁੱਟੀ ਵੇਲੇ ਟਿਫਨ ਚੁੱਕਦਾ, ਖਾਣਾ ਖਾਂਦਾ ਤੇ ਫਿਰ ਆਪਣੇ ਸਾਈਕਲ ਨਾਲ ਟੰਗ ਦਿੰਦਾ। ਇੱਕ ਦਿਨ ਜਗਦੀਪ ਸਿੰਘ ਦਾ ਭੇਜਿਆ ਇੱਕ ਵਿਦਿਆਰਥੀ ਮੇਰੇ ਪਾਸ ਆਇਆ, ‘‘ਜੀ! ਮਾਸਟਰ ਜੀ। ਮਾਸਟਰ ਜਗਦੀਪ ਸਿੰਘ ਨੇ ਅਲਮਾਰੀ ਦੀ ਕੁੰਜੀ ਮੰਗੀ ਹੈ। ਉਨ੍ਹਾਂ ਆਪਣਾ ਡੱਬਾ ਰੱਖਣਾ ਹੈ।” ਮੈਂ ਚਾਬੀ ਦੇ ਦਿੱਤੀ। ਕੁਝ ਚਿਰ ਪਿੱਛੋਂ ਓਹੀ ਵਿਦਿਆਰਥੀ ਚਾਬੀ ਵਾਪਸ ਕਰ ਗਿਆ। ਕੁਝ ਦੇਰ ਪਿੱਛੋਂ ਪੰਜਵੇਂ ਪੀਰੀਅਡ ਵਿੱਚ ਸਕੂਲ ਦਾ ਸੇਵਾਦਾਰ ਆਇਆ, ‘‘ਮੁੱਖ ਅਧਿਆਪਕ ਸਾਹਿਬ ਨੇ ਚਾਬੀਆਂ ਮੰਗੀਆਂ ਹਨ, ਕੋਈ ਸਿਲੇਬਸ ਦੇਖਣਾ ਹੈ।” ਮੈਂ ਕੁੰਜੀ ਦੇ ਦਿੱਤੀ। ਸੇਵਾਦਾਰ ਕੁੰਜੀ ਵਾਪਸ ਕਰ ਗਿਆ।
ਛੁੱਟੀ ਦੀ ਘੰਟੀ ਵੱਜੀ। ਅਧਿਆਪਕ ਅਤੇ ਸਾਰੇ ਵਿਦਿਆਰਥੀ ਆਪੋ-ਆਪਣੇ ਘਰਾਂ ਵੱਲ ਰਵਾਨਾ ਹੋਣ ਲੱਗੇ। ਮੈਂ ਆਪਣੇ ਘਰੇ ਜਾਣ ਵਾਲਾ ਸੀ ਕਿ ਮੁੱਖ ਅਧਿਆਪਕ ਦਾ ਸੇਵਾਦਾਰ ਆ ਧਮਕਿਆ, ‘‘ਜੀ, ਬੁਲਾਉਂਦੇ ਐ!” ਮੈਂ ਮੁੱਖ ਅਧਿਆਪਕ ਦੇ ਦਫਤਰ ਵਿੱਚ ਚਲਾ ਗਿਆ। ਮੁੱਖ ਅਧਿਆਪਕ ਦੇ ਸਾਹਮਣੇ ਪਈਆਂ ਕੁਰਸੀਆਂ ਵਿੱਚੋਂ ਇੱਕ ਉਤੇ ਮਾਸਟਰ ਜਗਦੀਪ ਸਿੰਘ ਸੁਸ਼ੋਭਿਤ ਸੀ। ਮੈਂ ਉਸ ਦੇ ਨਾਲ ਦੀ ਕੁਰਸੀ ‘ਤੇ ਬੈਠ ਗਿਆ। ਮੁੱਖ ਅਧਿਆਪਕ ਆਪਣਾ ਕੰਮ ਕਰਦੇ ਰਹੇ। ‘‘ਹੈੱਡਮਾਸਟਰ ਸਾਹਿਬ, ਤੁਸੀਂ ਮੈਨੂੰ ਬੁਲਾਇਆ?” ਮੈਂ ਪੁੱਛਿਆ।
ਜਗਦੀਪ ਸਿੰਘ ਨੇ ਖਚਰੀ ਨਿਗ੍ਹਾ ਨਾਲ ਮੇਰੇ ਵੱਲ ਵੇਖਿਆ। ਕੁਝ ਚਿਰ ਚੁੱਪ ਬੈਠਾ ਰਿਹਾ। ਫਿਰ ਮੁੱਖ ਅਧਿਆਪਕ ਨੂੰ ਸੰਬੋਧਤ ਹੋ ਕੇ ਬੋਲਿਆ, ‘‘ਦੇ ਦਿਓ ਜੀ!” ਉਹਦੀ ਆਵਾਜ਼ ਅਤੇ ਸੁਰ ਆਮ ਨਾਲੋਂ ਉਲਟ ਬੜੀ ਮਿੱਠੀ ਤੇ ਨਿਮਰ ਸੀ।
‘‘ਕੀ ਦੇ ਦਿਆਂ?” ਮੁੱਖ ਅਧਿਆਪਕ ਨੇ ਰੋਅਬ ਨਾਲ ਪੁੱਛਿਆ।
‘‘ਗਲਤੀ ਹੋ ਗਈ…ਦੇ ਦਿਓ…!”
‘‘…ਮੁਆਫ ਕਰ ਦਿਓ।” ਜਗਦੀਪ ਹੋਰ ਵੀ ਨਿਰਮਾਣ ਹੋ ਕੇ ਬੋਲਿਆ।
ਮੈਨੂੰ ਗੱਲ ਸਮਝ ਨਹੀਂ ਸੀ ਆ ਰਹੀ। ਅਚਾਨਕ ਮੁੱਖ ਅਧਿਆਪਕ ਮੈਨੂੰ ਸੰਬੋਧਤ ਹੋ ਕੇ ਬੋਲੇ, ‘‘ਸੁਰਿੰਦਰ ਗਿੱਲ, ਤੂੰ ਲਾਇਬਰੇਰੀ ਦਾ ਇੰਚਾਰਜ ਹੈਂ। ਲਾਇਬਰੇਰੀ ਦੀ ਸਾਰੀ ਜ਼ਿੰਮੇਵਾਰੀ ਤੇਰੀ ਹੈ। ਕੱਲ੍ਹ ਨੂੰ ਇਸ ਅਲਮਾਰੀ ਵਿੱਚੋਂ ਕੋਈ ਇਤਰਾਜ਼ ਯੋਗ ਚੀਜ਼ ਫੜੀ ਗਈ ਤਾਂ ਤੂੰ ਦੋਸ਼ੀ ਮੰਨਿਆ ਜਾਵੇਂਗਾ।”
ਫਿਰ ਬੋਲੇ, ‘‘ਮੈਂ ਸਿਲੇਬਸ ਦੇਖਣ ਲਈ ਅਲਮਾਰੀ ਖੋਲ੍ਹੀ ਤਾਂ ਪੁਸਤਕਾਂ ਵਿੱਚ ਆਹ ਪਈ ਸੀ।” ਕਹਿੰਦਿਆਂ ਉਨ੍ਹਾਂ ਨੇ ਘਸਮੈਲੇ ਰੰਗ ਦੀ ਇੱਕ ਬੋਤਲ ਕੱਢ ਕੇ ਮੇਜ਼ ‘ਤੇ ਰੱਖ ਦਿੱਤੀ। ਬੋਤਲ ਉਪਰ ਅਸਲ ਢੱਕਣ ਦੀ ਥਾਂ ਮੱਕੀ ਦੀ ਛੱਲੀ ਦਾ ਗੁੱਲ ਫਸਾਇਆ ਹੋਇਆ ਸੀ। ਮੈਂ ਹੈਰਾਨ ਹੋ ਕੇ ਕਦੇ ਬੋਤਲ ਵੱਲ ਦੇਖਾਂ, ਕਦੇ ਮੁੱਖ ਅਧਿਆਪਕ ਵੱਲ ਅਤੇ ਕਦੇ ਜਗਦੀਪ ਵੱਲ। ਮਾਸਟਰ ਜਗਦੀਪ ਸਿੰਘ ਦੇ ਚਿਹਰੇ ‘ਤੇ ਸ਼ਰਮਿੰਦਗੀ ਜਾਂ ਦੋਸ਼ ਭਾਵਨਾ ਦਾ ਕੋਈ ਚਿੰਨ੍ਹ ਨਹੀਂ ਸੀ। ਉਹ ਸਗੋਂ ਖਚਰੀ ਹਾਸੀ ਹੱਸ ਰਿਹਾ ਸੀ।
‘‘ਇਹ ਬੜਾ ਗੰਭੀਰ ਦੋਸ਼ ਹੈ। ਅਚਾਨਕ ਛਾਪਾ ਪੈ ਜਾਂਦਾ ਤਾਂ ਲਾਇਬਰੇਰੀ ਇੰਚਾਰਜ ਨੇ ਫਸਣਾ ਸੀ। ਸਕੂਲ ਅਤੇ ਮੇਰੀ ਬਦਨਾਮੀ ਵੱਖ ਹੋਣੀ ਸੀ। ਅਖਬਾਰਾਂ ਵਿੱਚ ਇਹ ਖਬਰ ਛਪਈ ਸੀ-ਸਰਕਾਰੀ ਸਕੂਲ ਦੀ ਲਾਇਬਰੇਰੀ ਵਿੱਚ ਦੇਸੀ ਦਾਰੂ, ਮਾਸਟਰ ਗ੍ਰਿਫਤਾਰ।” ਮੁੱਖ ਅਧਿਆਪਕ ਨੇ ਦਬਕਾ ਮਾਰ ਕੇ ਦੇਸੀ ਦਾਰੂ ਦੀ ਬੋਤਲ ਜਗਦੀਪ ਸਿੰਘ ਨੂੰ ਦੇ ਦਿੱਤੀ। ਜਗਦੀਪ ਧੰਨਵਾਦ ਕਰ ਕੇ ਖਚਰੀ ਮੁਸਕਾਨ ਮੁਸਕਰਾਉਂਦਾ ਬਾਹਰ ਚਲਾ ਗਿਆ। ਇਸ ਘਟਨਾ ਨੇ ਮੈਨੂੰ ਲਾਇਬਰੇਰੀ ਦੀ ਪਾਵਨਤਾ ਬਾਰੇ ਚੌਕਸ ਰਹਿਣ ਦਾ ਪਾਠ ਅਜਿਹਾ ਪੜ੍ਹਾਇਆ ਕਿ ਮੈਂ ਅੱਜ ਵੀ ਇਸ ਪ੍ਰਤੀ ਸੁਚੇਤ ਹਾਂ।