ਸਕੂਲ ਜਾ ਰਹੇ ਟੀਚਰ ਦਾ ਗੋਲੀ ਮਾਰ ਕੇ ਕਤਲ


ਅੰਬਾਲਾ, 10 ਜੁਲਾਈ (ਪੋਸਟ ਬਿਊਰੋ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਨਾਲ ਦੇ ਬਾਕਰਪੁਰ ਪਿੰਡ ‘ਚ ਕੱਲ੍ਹ ਸਕੂਲ ਜਾ ਰਹੇ ਅਧਿਆਪਕ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ‘ਸੈਸ਼ਨ ਜੱਜ’ (40) ਸੀ। ਉਹ ਜ਼ਿਲ੍ਹੇ ਦੇ ਬੜਾਗਾਂਵ ਦੀ ਸਰਪੰਚ ਰੇਖਾ ਦਾ ਪਤੀ ਸੀ।
ਘਟਨਾ ਸਵੇਰੇ ਨੌਂ ਵਜੇ ਦੇ ਕਰੀਬ ਵਾਪਰੀ, ਜਦੋਂ ਸੈਸ਼ਨ ਜੱਜ ਮੋਟਰ ਸਾਈਕਲ ‘ਤੇ ਡਿਊਟੀ ਲਈ ਗਣੋਲੀਵਾਲਾ ਸਕੂਲ ਜਾ ਰਿਹਾ ਸੀ ਤੇ ਰਸਤੇ ‘ਤੇ ਬਾਕਰਪੁਰ ਪਿੰਡ ‘ਚ ਘਾਤ ਲਾ ਕੇ ਬੈਠੇ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਪਿੱਛਿਓਂ ਗੋਲੀ ਚਲਾ ਦਿੱਤੀ। ਗੋਲੀ ਪਿੱਠ ‘ਚ ਲੱਗਦੇ ਹੀ ਉਹ ਮੋਟਰ ਸਾਈਕਲ ਸਮੇਤ ਸੜਕ ਨਾਲ ਲੱਗਦੇ ਝੋਨੇ ਦੇ ਖੇਤ ਵਿੱਚ ਡਿੱਗ ਪਿਆ। ਹਮਲਾਵਰ ਇਸ ਦੇ ਮਗਰੋਂ ਉਸ ਨੂੰ ਗੋਲੀਆਂ ਨਾਲ ਛਾਨਣੀ ਕਰ ਕੇ ਫਰਾਰ ਹੋ ਗਏ। ਅਧਿਆਪਕ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਪਰਵਾਰਕ ਮੈਂਬਰ ਲਾਸ਼ ਲੈ ਕੇ ਮਹਾਰਾਜਾ ਅਗਰਸੇਨ ਚੌਕ ਪਹੁੰਚ ਗਏ ਤੇ ਲਾਸ਼ ਨੂੰ ਸੜਕ ਦੇ ਦਰਮਿਆਨ ਰੱਖ ਕੇ ਜਾਮ ਲਾ ਦਿੱਤਾ। ਪਰਵਾਰ ਨੇ ਸੂਬਾ ਸਰਕਾਰ ਦੇ ਰਾਜ ਮੰਤਰੀ ਨਾਇਬ ਸਿੰਘ ਸੈਣੀ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਜਾਨ ਨੂੰ ਖਤਰਾ ਹੋਣ ਕਾਰਨ ਕਈ ਵਾਰ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਪਰ ਇਸ ਸੰਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।
ਸੜਕ ‘ਤੇ ਵਾਹਨਾਂ ਦਾ ਲੰਬਾ ਜਾਮ ਲੱਗਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਪਰਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ‘ਤੇ ਅੜੇ ਰਹੇ। ਪੁਲਸ ਨੇ ਪਰਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਅੱਠ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕੀਤਾ ਹੈ।